Webinars

ਇਸਰੋ ਵਿੱਚ ਵਿਗਿਆਨੀ ਕਿਵੇਂ ਬਣੀਏ ਵਿਸ਼ੇ ਸਬੰਧੀ ਕਰਵਾਏ ਵੈਬੀਨਾਰ ਵਿੱਚ 865 ਵਿਦਿਆਰਥੀਆਂ ਨੇ ਭਾਗ ਲਿਆ!

 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕੇਂਦਰੀ ਵਿਦਿਆਰਥੀ ਕੌਂਸਲ ਵਲੋਂ 9 ਅਗਸਤ, 2020 ਨੂੰ ਇੱਕ ਵਿਸ਼ੇਸ਼ ਵੈਬੀਨਾਰ “ਇਸਰੋ ਵਿਚ ਵਿਗਿਆਨੀ ਕਿਵੇਂ ਬਣੀਏ” ਵਿਸ਼ੇ ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤਾ ਗਿਆ। ਇਸ ਵੈਬੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਸ੍ਰ. ਮਹਿੰਦਰਪਾਲ ਸਿੰਘ, ਸੀਨੀਅਰ ਸਾਇੰਟਿਸਟ, ਭਾਰਤੀ ਪੁਲਾੜ ਖੋਜ ਸੰਸਥਾ (ISRO) ਅਤੇ ਰੀਜ਼ਨਲ ਪ੍ਰਧਾਨ, ਸਦਰਨ ਰੀਜ਼ਨ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬੰਗਲੋਰੂ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਵੈਬੀਨਾਰ ਵਿੱਚ ਵਿਸ਼ੇ ਸਬੰਧੀ ਜਾਣਕਾਰੀ ਹਾਸਲ ਕਰਨ ਲਈ 865 ਵਿਦਿਆਰਥੀ, ਅਧਿਆਪਕ, ਵਿਗਿਆਨ ਪ੍ਰੇਮੀ ਅਤੇ ਸਰੋਤੇ ਸ਼ਾਮਲ ਸਨ।
ਮੂਲ ਮੰਤਰ ਨਾਲ ਆਰੰਭ ਹੋਏ ਸੈਸ਼ਨ ਵਿਚ ਸ੍ਰ. ਜਸਕੀਰਤ ਸਿੰਘ ਨੰਗਲ, ਪ੍ਰਧਾਨ, ਕੇਂਦਰੀ ਵਿਦਿਆਰਥੀ ਕੌਂਸਲ ਹੁਰਾਂ ਮੁੱਖ ਬੁਲਾਰੇ ਦਾ ਸਵਾਗਤ ਕਰਦਿਆਂ ਅੱਜ ਦਾ ਵਿਸ਼ਾ ਨਿਰਧਾਰਤ ਕਰਨ ਲਈ ਧੰਨਵਾਦ ਕੀਤਾ ਅਤੇ ਜੀਵਨ ਪ੍ਰਾਪਤੀ ਅਤੇ ਖੋਜਾਂ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀ ਅੱਜ ਦੀ ਜਾਣਕਾਰੀ ਤੋਂ ਆਪਣਾ ਭਵਿੱਖ ਨਿਰਧਾਰਤ ਕਰ ਸਕਣਗੇ ਅਤੇ ਵਿਗਿਆਨ ਦੇ ਕਰੀਅਰ ਵੱਲ ਅੱਗੇ ਵਧਣਗੇ। ਉਨ੍ਹਾਂ ਦੱਸਿਆ ਕਿ ਸ੍ਰ. ਮਹਿੰਦਰਪਾਲ ਸਿੰਘ ਜੀ ਦੀ ਹੁਣ ਤੱਕ ਦੀ 37 ਸਾਲਾ ਸਰਵਿਸ ਦੌਰਾਨ ਉਨ੍ਹਾਂ ਦੇ ਯੋਗਦਾਨ ਨਾਲ ਇਸਰੋ ਵਲੋਂ 70 ਦੇ ਕਰੀਬ ਉੱਪਗ੍ਰਹਿ ਪੁਲਾੜ ਵਿੱਚ ਛੱਡੇ ਗਏ ਹਨ। ਪਿਛਲੇ ਸਮੇਂ ਦੌਰਾਨ ਮੰਗਲ ਗ੍ਰਹਿ ਵੱਲ ਛੱਡੇ ਗਏ ਸੈਟੇਲਾਈਟ ਲਈ ਆਪ ਨੇ ਪ੍ਰੋਜੈਕਟ ਮੈਨੇਜਰ ਵਜੋਂ ਸੇਵਾ ਨਿਭਾਈ।
ਆਪਣੇ ਵਿਸ਼ੇ ਸਬੰਧੀ ਜਾਣਕਾਰੀ ਦਿੰਦਿਆਂ ਸਾਇੰਟਿਸਟ ਸ੍ਰ. ਮਹਿੰਦਰਪਾਲ ਸਿੰਘ ਹੁਰਾਂ ਜ਼ੂਮ ਐਪ ਅਤੇ ਯੂ. ਟਿਊਬ ਰਾਹੀਂ ਜੁੜੇ ਸਰੋਤਿਆਂ ਨੂੰ ਸਕਰੀਨ ਰਾਹੀਂ ਪੁਲਾੜ ਦੇ ਦਰਸ਼ਨ ਕਰਵਾਏ ਅਤੇ ਗੁਰੂ ਨਾਨਕ ਦੇਵ ਜੀ ਦੀ ਬਾਣੀ “ਪਾਤਾਲਾ ਪਾਤਾਲ ਲਖ ਆਗਾਸਾ ਆਗਾਸ” ਦਾ ਹਵਾਲਾ ਦਿੱਤਾ। ਉਨ੍ਹਾਂ ਇੰਡੀਅਨ ਇੰਸਟੀਚਿਊਟ ਆਫ਼ ਸਪੇਸ ਟੈਕਨਾਲੋਜੀ ਵਿੱਚ ਵਿਗਿਆਨੀ ਬਣਨ ਲਈ ਮੈਟ੍ਰਿਕ ਉਪਰੰਤ ਸਾਇੰਸ ਦੇ ਵਿਸ਼ੇ ਲੈਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਬੀ.ਐਸ.ਸੀ. ਕਰਕੇ ਜਾਂ ਐਮ.ਐਸ.ਸੀ. ਕਰਕੇ ਵੀ ਇਸਰੋ ਵਿਚ ਦਾਖਲਾ ਲਿਆ ਜਾ ਸਕਦਾ ਹੈ। ਇਸਰੋ ਵਿਚ ਕੇਵਲ ਯੋਗਤਾ ਨਾਲ ਹੀ ਦਾਖਲੇ ਮਿਲਦੇ ਹਨ ਜਿਸ ਲਈ ਵੈਬਸਾਈਟ ਜਾਂ ਅਖਬਾਰਾਂ ਅਤੇ ਇਸ਼ਤਿਹਾਰਾਂ ਤੋਂ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।
ਉਨ੍ਹਾਂ ਹੋਰ ਦੱਸਿਆ ਕਿ ਦਾਖਲੇ ਦਾ ਇਮਤਿਹਾਨ, ਅਗਲੇ ਦੋ ਸਾਲ ਦੇ ਲਈ ਯੋਗ ਰਹਿੰਦਾ ਹੈ। GATE ਦਾ ਪਰਚਾ ਬੜਾ ਮਹੱਤਵਪੂਰਨ ਹੈ। ਵਿਗਿਆਨੀਆਂ ਦੀਆਂ ਪੋਸਟਾਂ ਲਈ ਡਿਪਲੋਮਾ, ਡਿਗਰੀਆਂ, ਐਮ.ਐਸ.ਸੀ. ਤੇ ਐਮ.ਟੈਕ., ਐਮ.ਏ. ਦੇ ਯੋਗ ਉਮੀਦਵਾਰ ਬਿਨੈ ਪੱਤਰ ਦੇ ਸਕਦੇ ਹਨ। ਦਸਵੀਂ ਤੋਂ ਬਾਅਦ ਦੋ ਸਾਲ ਦੀ ਟ੍ਰੇਨਿੰਗ ਕਰਕੇ ਵੀ ਇਸਰੋ ਵਿਚ ਨੌਕਰੀਆਂ ਮਿਲ ਸਕਦੀਆਂ ਹਨ ਜਿਸ ਅਨੁਸਾਰ ਅਗੋਂ ਤਰੱਕੀ ਮਿਲਦੀ ਰਹਿੰਦੀ ਹੈ।
ਸ੍ਰ. ਮਹਿੰਦਰਪਾਲ ਸਿੰਘ ਹੁਰਾਂ ਆਪਣੇ ਜੀਵਨ ਅਨੁਭਵ ਦੱਸਦਿਆਂ ਕਿਹਾ ਕਿ ਉਨ੍ਹਾਂ ਉਤਰਾਖੰਡ ਦੇ ਕਰਨਪੁਰ ਤੋਂ ਦਸਵੀਂ ਦੀ ਮੁੱਢਲੀ ਸਿੱਖਿਆ ਹਾਸਲ ਕੀਤੀ। ਕਿਸੇ ਨੇ ਫ਼ਾਰਮ ਭਰਵਾਇਆ ਤੇ ਫਿਰ ਭੁੱਲ ਗਏ। ਦੋਸਤਾਂ ਨੇ ਕਿਹਾ ਕਿ ਕਾਲ ਆਈ ਹੈ ਆਪਾਂ ਨੈਨੀਤਾਲ ਇਮਤਿਹਾਨ ਦੇਣ ਜਾਣਾ ਹੈ। ਘਰਦਿਆਂ ਦੇ ਕਹਿਣ ‘ਤੇ ਅਸੀਂ ਚਲੇ ਗਏ। ਭਾਵੇਂ ਤਿਆਰੀ ਨਹੀਂ ਸੀ ਪਰ ਪੇਪਰ ਦੇ ਆਏ। ਤਿੰਨ ਮਹੀਨੇ ਬਾਅਦ ਘਰ ਚਿੱਠੀ ਆਈ ਤਾਂ ਨੈਨੀਤਾਲ ਮਕੈਨੀਕਲ ਡਿਪਲੋਮਾ ‘ਚ ਸੀਟ ਮਿਲ ਗਈ।
ਉਨ੍ਹਾਂ ਦੱਸਿਆ ਕਿ ਸੰਨ 1987 ‘ਚ ਉਨ੍ਹਾਂ ਨੂੰ ਇਸਰੋ ਲਈ ਨੌਕਰੀਆਂ ਵਿੱਚ ਇੰਟਰਵਿਊ ਦੀ ਚਿੱਠੀ ਆਈ। ਬੜੀ ਲੰਬੀ ਇੰਟਰਵਿਊ ਹੋਈ ਤੇ ਅੰਤ ਵਿਚ ਮੇਰੀ ਨੌਕਰੀ ਦੀ ਚਿੱਠੀ ਘਰ ਪਹੁੰਚ ਗਈ। ਅਖੀਰਲੇ ਦਿਨ ਮੈਂ ਨੌਕਰੀ ਵਿਚ ਦਾਖ਼ਲ ਹੋਇਆ। ਅੱਜ ਇਕ ਸੀਨੀਅਰ ਵਿਗਿਆਨੀ ਵਜੋਂ ਸੇਵਾ ‘ਤੇ ਲੱਗੇ ਹੋਣ ਦਾ ਮਾਣ ਮਿਲ ਰਿਹਾ ਹੈ। ਉਨ੍ਹਾਂ ਇਸਰੋ ਦੇ ਵਿਗਿਆਨੀਆਂ ਦੇ ਵੀਡੀਓ ਦਿਖਾ ਕੇ ਵੈਬੀਨਾਰ ਵਿੱਚ ਸ਼ਾਮਲ ਵਿਦਿਆਰਥੀਆਂ ਨੂੰ ਵਿਗਿਆਨੀ ਬਣਨ ਲਈ ਪ੍ਰੇਰਿਤ ਵੀ ਕੀਤਾ।
ਇਸ ਸਮੇਂ ਮੁੱਖ ਬੁਲਾਰੇ ਵਲੋਂ ਇਸਰੋ ਦੇ ਸੈਟੇਲਾਈਟਾਂ ਦੇ ਘੁੰਮਣ ਬਾਰੇ ਵਿਸਥਾਰ ਨਾਲ ਸਮਝਾਇਆ ਗਿਆ। ਉਨ੍ਹਾਂ 10 ਵਿਦਿਆਰਥੀਆਂ ਵੱਲੋਂ ਪੁੱਛੇ ਗਏ ਸੁਆਲਾਂ ਦੇ ਜੁਆਬ ਤਸਲੀਬਖ਼ਸ਼ ਢੰਗ ਨਾਲ ਦਿੱਤੇ। ਅਜਿਹੇ ਲਗਪਗ 100 ਸੁਆਲ ਚੈਟ ਬਾਕਸ ਵਿੱਚ ਸਨ, ਜਿਨ੍ਹਾਂ ਦੇ ਉੱਤਰ ਭੇਜੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਆਰਟਸ ਅਤੇ ਕਾਮਰਸ ਦੇ ਵਿਦਿਆਰਥੀ ਅਤੇ ਹਰੇਕ ਤਰ੍ਹਾਂ ਦੇ ਵਿਗਿਆਨਕ ਡਿਪਲੋਮਾ, ਡਿਗਰੀ, ਪੋਸਟ ਗਰੈਜੂਏਟ ਕਰਨ ਵਾਲੇ ਵਿਦਿਆਰਥੀ ਇਸਰੋ ਵਿੱਚ ਜਾ ਸਕਦੇ ਹਨ ਅਤੇ ਨੌਕਰੀ ਦੇ ਨਾਲ ਨਾਲ ਪੜ੍ਹਾਈ ਵੀ ਕੀਤੀ ਜਾ ਸਕਦੀ ਹੈ।
ਵੈਬੀਨਾਰ ਦੇ ਅੰਤ ਵਿੱਚ ਸ੍ਰ. ਤੇਜਿੰਦਰ ਸਿੰਘ ਖਿਜ਼ਰਾਬਾਦੀ ਚੀਫ਼ ਸਕੱਤਰ ਹੁਰਾਂ ਸਾਇੰਟਿਸਟ ਸ੍ਰ. ਮਹਿੰਦਰਪਾਲ ਸਿੰਘ ਹੁਰਾਂ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਅਤੇ ਹਰ ਨੁਕਤੇ ਬਾਰੇ ਸਪੱਸ਼ਟਤਾ ਨਾਲ ਚਰਚਾ ਕਰਨ ਲਈ ਧੰਨਵਾਦ ਕੀਤਾ। ਸ੍ਰ. ਹਰਮੋਹਿੰਦਰ ਸਿੰਘ ਨੰਗਲ ਸਟੇਟ ਸਕੱਤਰ, ਪੰਜਾਬ ਹੁਰਾਂ ਵੈਬੀਨਾਰ ਦਾ ਸੰਚਾਲਨ ਕਰਦਿਆਂ ਆਉਂਦੇ ਸਮੇਂ ਦੌਰਾਨ ਹੋਰ ਅਜਿਹੇ ਸੈਮੀਨਾਰਾਂ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਇਨ੍ਹਾਂ ਵਿੱਚ ਭਾਗ ਲੈਣ ਲਈ ਪ੍ਰੇਰਿਆ।

ਭਗਤ ਪੂਰਨ ਸਿੰਘ ਜੀ ਦੀ 28ਵੀਂ ਬਰਸੀ ਮੌਕੇ ਵੈਬੀਨਾਰ ਕਰਵਾਇਆ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਆਰਗੇਨਾਈਜੇਸ਼ਨਲ ਵਰਕਿੰਗ ਕੌਂਸਲ ਵਲੋਂ 5 ਅਗਸਤ, 2020 ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਭਗਤ ਪੂਰਨ ਸਿੰਘ ਜੀ ਦੀ 28ਵੀਂ ਬਰਸੀ ਮੌਕੇ “ਭਗਤ ਪੂਰਨ ਸਿੰਘ ਜੀ ਦਾ ਜੀਵਨ ਅਤੇ ਪ੍ਰੇਰਣਾਵਾਂ” ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪ੍ਰਿੰ. ਮਨਜੀਤ ਕੌਰ, ਸ਼ਹੀਦ ਸਿੱਖ ਮਿਸ਼ਨਰੀ ਕਾਲਜ, ਸ੍ਰੀ ਅੰਮ੍ਰਿਤਸਰ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਆਰੰਭ ਵਿਚ ਸ੍ਰ. ਤੇਜਿੰਦਰ ਸਿੰਘ ਖਿਜ਼ਰਾਬਾਦੀ ਚੀਫ਼ ਸਕੱਤਰ ਹੁਰਾਂ ਸਵਾਗਤੀ ਸ਼ਬਦ ਪੇਸ਼ ਕਰਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਦਾ ਆਦਰਸ਼ਕ ਜੀਵਨ, ਲਾਵਾਰਸ ਅਪਾਹਜਾਂ ਦੀ ਮਮਤਾ ਭਰੀ ਲਾ-ਮਿਸਾਲ ਸੇਵਾ ਦੀ ਮਿਸਾਲ ਹੈ।

ਆਪਣੇ ਸੰਬੋਧਨ ਵਿੱਚ ਪ੍ਰਿੰ. ਮਨਜੀਤ ਕੌਰ ਹੁਰਾਂ ਭਗਤ ਪੂਰਨ ਸਿੰਘ ਜੀ ਦੇ ਸਮੁੱਚੇ ਜੀਵਨ ਨੂੰ ਸੁਚੱਜੇ ਢੰਗ ਨਾਲ ਲੜੀਬੱਧ ਕਰਕੇ ਪੇਸ਼ ਕੀਤਾ। ਉਨ੍ਹਾਂ ਪਿਆਰਾ ਸਿੰਘ ਨੂੰ ਸੰਭਾਲਣ ਤੋਂ ਲੈ ਕੇ ਅਜੋਕੇ 10 ਬਰਾਂਚਾਂ ਵਾਲੇ ਭਗਤ ਪੂਰਨ ਸਿੰਘ ਪਿੰਗਲਵਾੜਾ, ਅੰਮ੍ਰਿਤਸਰ ਦੀ ਹਰ ਗਤੀਵਿਧੀ ਦਾ ਵਰਨਣ ਪ੍ਰਭਾਵਸ਼ਾਲੀ ਸ਼ਬਦਾਂ ਵਿਚ ਕੀਤਾ। ਉਨ੍ਹਾਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੇ ਪ੍ਰਦੂਸ਼ਣ, ਜਲ ਸਾਧਨਾਂ, ਜੰਗਲਾਂ ਦੀ ਕਟਾਈ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਨਾਲ ਸਬੰਧਿਤ ਅਨੇਕਾਂ ਕਿਤਾਬਚੇ, ਟ੍ਰੈਕਟ, ਫੋਲਡਰ ਅਤੇ ਇਸ਼ਤਿਹਾਰ ਲੱਖਾਂ ਦੀ ਗਿਣਤੀ ਵਿਚ ਛਾਪ ਕੇ ਵੰਡੇ। ਅੱਜ ਵੀ ਦੇਸ਼ ਭਰ ਦੇ ਵੱਖ-ਵੱਖ ਇਤਿਹਾਸਕ ਗੁਰਦੁਆਰਿਆਂ ਵਿਚ ਉਨ੍ਹਾਂ ਦੇ ਸਮਰਥਕ ਮੁਫ਼ਤ ਸਾਹਿਤ ਵੰਡ ਰਹੇ ਹਨ।

ਪ੍ਰਿੰ. ਮਨਜੀਤ ਕੌਰ ਹੁਰਾਂ ਭਗਤ ਜੀ ਦੇ ਜੀਵਨ ਤੋਂ ਮਿਲਦੀਆਂ ਪ੍ਰੇਰਣਾਵਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਦੁਨੀਆਂ ਭਰ ਵਿਚ ਭਗਤ ਪੂਰਨ ਸਿੰਘ ਵਰਗੇ ਲੂਲੇ ਲੰਗੜੇ ਤੇ ਬੇਸਹਾਰਾ ਲੋਕਾਂ ਦਾ ਮਸੀਹਾ ਕਿਤੇ ਨਹੀਂ ਮਿਲਦੇ। ਉਨ੍ਹਾਂ ਭਗਤ ਜੀ ਦੇ ਜੀਵਨ ਵਿਚਲੀ ਮਨ ਨੀਵਾਂ ਮਤਿ ਉੱਚੀ ਦੀ ਜ਼ਾਹਰਾ ਤਸਵੀਰ ਪੇਸ਼ ਕੀਤੀ।

ਭਾਈ ਬਲਜੀਤ ਸਿੰਘ ਵਾਈਸ ਚੇਅਰਮੈਨ ਹੁਰਾਂ ਸਾਰੀਆਂ ਵਿਚਾਰਾਂ ਦਾ ਸਮ-ਅੱਪ ਕਰਦਿਆਂ ਕਿਹਾ ਕਿ ਭਗਤ ਪੂਰਨ ਸਿੰਘ ਜੀ ਨੂੰ ਸਾਰੀ ਦੁਨੀਆਂ ਸੇਵਾ ਦੇ ਪੁੰਜ ਦੇ ਤੌਰ ‘ਤੇ ਜਾਣਦੀ ਹੈ। ਆਪ ਕਦੇ ਮਾਂ ਦੇ ਰੂਪ ਵਿਚ, ਕਦੇ ਪਿਤਾ ਦੇ ਰੂਪ ਵਿਚ ਅਤੇ ਕਦੇ ਇੱਕ ਵੱਡੇ ਭਰਾ ਵਾਂਗ ਹਰ ਵੇਲੇ ਇਨਸਾਨੀਅਤ ਦੀ ਸੇਵਾ ਵਿਚ ਹਾਜ਼ਰ ਰਹਿੰਦੇ ਸਨ। ਆਪਣੀ ਨਿਸ਼ਕਾਮ ਸੇਵਾ ਅਤੇ ਵਿਲੱਖਣ ਸਾਹਿਤ ਸਿਰਜਣਾ ਸਦਕਾ ਉਹ ਸਦਾ ਸਾਡੇ ਅੰਗ ਸੰਗ ਹਨ। ਸ੍ਰ. ਮਨਪ੍ਰੀਤ ਸਿੰਘ ਨੰਗਲ ਮੀਡੀਆ ਸਕੱਤਰ, ਕੇਂਦਰੀ ਵਿਦਿਆਰਥੀ ਕੌਂਸਲ ਹੁਰਾਂ ਵੈਬੀਨਾਰ ਦਾ ਤਕਨੀਕੀ ਨਿਰਦੇਸ਼ਨ ਬਾਖੂਬੀ ਕੀਤਾ।

 
 
 

ਡਾ. ਇੰਦਰਜੀਤ ਸਿੰਘ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਵੱਲੋਂ ਬਰਸਾਤਾਂ ਵਿਚ ਫ਼ਲਦਾਰ ਬੂਟਿਆਂ ਦਾ ਨਵਾਂ ਬਾਗ ਕਿਵੇਂ ਲਗਾਈਏ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਡਾ. ਇੰਦਰਜੀਤ ਸਿੰਘ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਵਲੋਂ 6 ਅਗਸਤ 2020 ਨੂੰ ਇੱਕ ਵਿਸ਼ੇਸ਼ ਵੈਬੀਨਾਰ “ਬਰਸਾਤਾਂ ਵਿਚ ਫ਼ਲਦਾਰ ਬੂਟਿਆਂ ਦਾ ਨਵਾਂ ਬਾਗ ਕਿਵੇਂ ਲਗਾਈਏ” ਵਿਸ਼ੇ ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤਾ ਗਿਆ। ਇਸ ਵੈਬੀਨਾਰ ਵਿੱਚ ਮੁੱਖ ਬੁਲਾਰੇ ਵਜੋਂ ਡਾ. ਜਗਤਾਰ ਸਿੰਘ (ਬੱਲ), ਸਾਬਕਾ ਪ੍ਰੋਫੈਸਰ, ਬਾਗਬਾਨੀ ਵਿਭਾਗ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ, ਲੁਧਿਆਣਾ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ। ਆਰੰਭ ਵਿੱਚ ਡਾ. ਮਹਿੰਦਰ ਸਿੰਘ ਡਾਇਰੈਕਟਰ, ਡਾ. ਇੰਦਰਜੀਤ ਸਿੰਘ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਅਤੇ ਸੰਪਾਦਕ ਬਹੁਮੰਤਵੀ ਖੇਤੀ ਹੁਰਾਂ ਸੈਂਟਰ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਖੇਤੀ ਮਾਹਿਰਾਂ ਦੁਆਰਾ ਬਾਗ ਲਗਾਉਣ ਸਬੰਧੀ ਹੋ ਰਹੀ ਖੋਜ ਬਾਰੇ ਚਰਚਾ ਕੀਤੀ ਅਤੇ ਸੈਂਟਰ ਦੇ ਤ੍ਰੈਮਾਸਿਕ ਮੈਗਜ਼ੀਨ ‘ਬਹੁ ਮੰਤਵੀ ਖੇਤੀ’ ਬਾਰੇ ਦੱਸਿਆ। ਉਨ੍ਹਾਂ ਡਾ. ਜਗਤਾਰ ਸਿੰਘ ਬੱਲ ਹੁਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀਆਂ ਜੀਵਨ ਪ੍ਰਾਪਤੀਆਂ ਅਤੇ ਖੋਜਾਂ ਬਾਰੇ ਵੀ ਜਾਣਕਾਰੀ ਦਿੱਤੀ।

ਡਾਕਟਰ ਜਗਤਾਰ ਸਿੰਘ ਬੱਲ ਹੁਰਾਂ ਆਪਣੇ ਜੀਵਨ ਭਰ ਦੇ ਅਨੁਭਵਾਂ ਦੇ ਅਧਾਰ ‘ਤੇ ਫ਼ਲਦਾਰ ਬੂਟੇ ਲਗਾਉਣ ਅਤੇ ਬਾਗ ਤਿਆਰ ਕਰਨ ਦੇ ਪੜਾਵਾਂ ਦਾ ਸਿੱਖਿਆਦਾਇਕ ਢੰਗ ਨਾਲ ਵਰਨਣ ਕੀਤਾ। ਉਨ੍ਹਾਂ ਸਿਟਰਸ ਫ਼ਲ ਕੀਨੂੰ, ਸੰਤਰਾ, ਮਾਲਟਾ, ਨਿੰਬੂ, ਅਮਰੂਦ, ਅੰਬ, ਲੀਚੀ, ਲੁਕਾਠ ਅਤੇ ਪਪੀਤਾ ਜਾਤੀ ਦੀਆਂ ਕਿਸਮਾਂ ਆਦਿ ਬਾਰੇ ਵਿਸਥਾਰ ਨਾਲ ਦੱਸਿਆ। ਉਨ੍ਹਾਂ ਬੂਟੇ ਲਗਾਉਣ ਦੇ ਤਿੰਨ ਵੱਖੋ ਵੱਖ ਢੰਗਾਂ ਦੀ ਬੜੀ ਸਪੱਸ਼ਟ ਵਿਆਖਿਆ ਵੀ ਕੀਤੀ। ਉਨ੍ਹਾਂ ਦੱਸਿਆ ਕਿ ਅਗਸਤ-ਸਤੰਬਰ ਦਾ ਮਹੀਨਾ ਫ਼ਲਦਾਰ ਰੁੱਖ ਬੂਟੇ ਲਗਾਉਣ ਲਈ ਹਰ ਤਰ੍ਹਾਂ ਅਨੁਕੂਲ ਹੈ। ਘਰਾਂ ਵਿੱਚ ਵੀ ਫ਼ਲਦਾਰ ਬੂਟੇ ਲਗਾਉਣ ਨਾਲ ਜਿਥੇ ਪੈਸੇ ਦੀ ਬੱਚਤ ਹੁੰਦੀ ਹੈ ਉਥੇ ਇਹ ਰਸਾਇਣਕ ਦਵਾਈਆਂ ਤੋਂ ਵੀ ਬਚਾਅ ਅਤੇ ਸਿਹਤ ਲਈ ਵੀ ਲਾਭਦਾਇਕ ਹੈ।

ਡਾ. ਜਗਤਾਰ ਸਿੰਘ ਹੁਰਾਂ ਦੇ ਭਾਸ਼ਣ ਵਿਚੋਂ ਵਿਸ਼ਾਲ ਤਜ਼ਰਬੇ ਦਾ ਪ੍ਰਮਾਣ ਮਿਲਦਾ ਸੀ। ਉਨ੍ਹਾਂ ਕਿਹਾ ਕਿ ਅਗਾਂਹਵਧੂ ਕਿਸਾਨ ਟਰੇਨਿੰਗ ਲੈ ਕੇ ਚੰਗੀ ਸਾਂਭ ਸੰਭਾਲ ਕਰਦੇ ਹਨ ਇਸ ਲਈ ਪੀ.ਏ.ਯੂ. ਦੇ ਬਾਗਬਾਨੀ ਮਾਹਿਰਾਂ ਅਤੇ ਪੰਜਾਬ ਸਰਕਾਰ ਦੇ ਬਾਗਬਾਨੀ ਅਫ਼ਸਰਾਂ ਦੀ ਸਹਾਇਤਾ ਲੈਣੀ ਚਾਹੀਦੀ ਹੈ। ਉਨ੍ਹਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ ਹੈਲਪ-ਲਾਈਨ ਤੋਂ ਮਦਦ ਲੈਣ ਲਈ ਵੀ ਕਿਹਾ।

ਸ੍ਰ. ਮਨਪ੍ਰੀਤ ਸਿੰਘ ਨੰਗਲ, ਮੀਡੀਆ ਸਕੱਤਰ, ਕੇਂਦਰੀ ਵਿਦਿਆਰਥੀ ਕੌਂਸਲ ਹੁਰਾਂ ਵੈਬੀਨਾਰ ਦਾ ਸੰਚਾਲਨ ਕਰਦਿਆਂ ਡਾਕਟਰ ਸਾਹਿਬ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਅਤੇ ਹਰ ਨੁਕਤੇ ਬਾਰੇ ਸਪੱਸ਼ਟਤਾ ਨਾਲ ਚਰਚਾ ਕਰਨ ਲਈ ਧੰਨਵਾਦ ਕੀਤਾ।

ਜਪੁਜੀ ਸਾਹਿਬ ਦੇ ਸੁਨੇਹੇ ਵਿਸ਼ੇ ‘ਤੇ ਲੜੀਵਾਰ ਵਿਚਾਰ


                 ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਸਤਰੀ ਕੌਂਸਲ ਵਲੋਂ ਜਪੁਜੀ ਸਾਹਿਬ ਦੇ ਸੁਨੇਹੇ ਵਿਸ਼ੇ ‘ਤੇ ਆਰੰਭ ਕੀਤੀ ਗੁਰਮਤਿ ਵਿਚਾਰ ਲੜੀ ਦਾ ਅਗਲੇਰਾ ਵੈਬੀਨਾਰ 31 ਜੁਲਾਈ 2020 ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤਾ ਗਿਆ। ਇਸ ਵੈਬੀਨਾਰ ਵਿੱਚ ਮੁੱਖ ਬੁਲਾਰੇ ਦੇ ਤੌਰ ‘ਤੇ ਸ੍ਰੀ ਮਤੀ ਬਿਮਲਾ ਦੇਵੀ ਮੈਂਬਰ ਇਸਤਰੀ ਕੌਂਸਲ, ਹੁਸ਼ਿਆਰਪੁਰ ਜ਼ੋਨ ਨੇ 32ਵੀਂ ਅਤੇ 33ਵੀਂ ਪਉੜੀ ਦੀ ਵਿਆਖਿਆ ਕੀਤੀ। ਉਨ੍ਹਾਂ ਬਾਣੀ ਵਿਚਾਰ ਕਰਦਿਆਂ ਕਿਹਾ ਕਿ ਗੁਰੂ ਸਾਹਿਬ ਨੇ ਧਰਤੀ ਨੂੰ ਕਰਮ ਭੂਮੀ ਆਖਿਆ ਹੈ। ਪੂਰਨ ਪਰਮਾਤਮਾ ਨਿਆਂ ਕਰਦਾ ਹੈ। ਉਸ ਦੇ ਨਿਆਂ ਦੇ ਅਧਾਰ ‘ਤੇ ਹੀ ਪਰਮਾਤਮਾ ਨਾਲ ਨੇੜਤਾ ਅਤੇ ਦੂਰੀ ਪ੍ਰਾਪਤ ਹੁੰਦੀ ਹੈ। ਪ੍ਰਭੂ ਦੇ ਦਰ ਉੱਤੇ ਜੀਵਾਂ ਦੇ ਵਿਵਹਾਰ ਦੀ ਪਰਖ ਹੁੰਦੀ ਹੈ। ਇਸ ਮੌਕੇ ਜਪੁਜੀ ਸਾਹਿਬ ਦੇ ਪੰਜ ਖੰਡਾਂ ਬਾਰੇ ਮੁੱਢਲੀ ਜਾਣਕਾਰੀ ਡਾ. ਜਗਦੀਪ ਕੌਰ, ਪ੍ਰਿੰਸੀਪਲ ਤਾਰਾ ਵਿਵੇਕ ਕਾਲਜ, ਗੱਜਣ ਮਾਜਰਾ (ਸੰਗਰੂਰ) ਨੇ ਦਿੱਤੀ। ਉਨ੍ਹਾਂ ਨੇ ਗੁਰੂ ਅਤੇ ਚੇਲੇ ਦੇ ਰਿਸ਼ਤੇ ਦੀ ਅਹਿਮੀਅਤ ਨੂੰ ਦੱਸਦੇ ਹੋਏ ਗੁਰੂ ਦੀ ਮੱਤ ਅਨੁਸਾਰ ਚੱਲਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਂ ਖੰਡਾਂ ਅਨੁਸਾਰ ਵਿਚਰਨ ਵਿਚ ਸਭ ਤੋਂ ਵੱਡੀ ਗੱਲ ਇਹ ਹੈ ਕਿ ਮਨ ਦੀ ਸਫ਼ਾਈ ਵਿੱਚ ਸਿਆਣਪ ਦੀ ਵੁੱਕਤ ਨਹੀਂ ਹੈ। ਮਾਲਿਕ ਅੱਗੇ ਨਿਮਾਣਾ ਬਣਕੇ ਬੈਠਣਾ ਹੋਵੇਗਾ, ਇਹ ਸਿੱਖਿਆ ਪਹਿਲਾਂ ਸਿੱਖਣੀ ਹੋਵੇਗੀ। ਡਾ. ਬਲਵਿੰਦਰਪਾਲ ਸਿੰਘ ਸੰਪਾਦਕ ‘ਸਾਡਾ ਵਿਰਸਾ ਸਾਡਾ ਗੌਰਵ’ ਨੇ ਪੰਜਾਂ ਖੰਡਾਂ ਬਾਰੇ ਬਹੁਤ ਹੀ ਸੌਖੀ ਭਾਸ਼ਾ ਰਾਹੀਂ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਪਰਮਾਤਮਾ ਦੇ ਦਰਬਾਰ ਵਿੱਚ ਸਾਰੀ ਧਰਤੀ ਧਰਮਸਾਲ ਦੇ ਬਹੁਰੰਗੀ ਜੀਵਨ ਦਾ ਨਿਬੇੜਾ ਨਾਲੋ ਨਾਲ ਹੁੰਦਾ ਹੈ। ਅਸੀਂ ਸਾਰੇ ਧਰਮ ਖੰਡ ਵਿੱਚ ਵਿਚਰਦੇ ਹੋਏ ਮਸਤਕ ਦਾ ਕਿਰਪਾ ਨਿਸ਼ਾਨ ਪਰਾਪਤ ਕਰ ਸਕਦੇ ਹਾਂ। ਇਸ ਤੋਂ ਅਗਲਾ ਪੜਾਅ ਗਿਆਨ ਖੰਡ ਦਾ ਸ਼ੁਰੂ ਹੁੰਦਾ ਹੈ। ਇਹ ਸਾਰਾ ਸਿਲਸਿਲਾ ਆਤਮਿਕ ਤੌਰ ਦੇ ਨਾਲ-ਨਾਲ ਸੰਸਾਰਿਕ ਤੌਰ ‘ਤੇ ਵੀ ਵਾਪਰਦਾ ਹੈ। ਸਰਮਖੰਡ ਸਾਧਸੰਗਤ ਅਤੇ ਸ਼ਬਦ ਵਿਚਾਰ ਅਭਿਆਸ ਵਰਤਾਰਾ ਹੈ। ਕਰਮਖੰਡ ਅਤੇ ਸੱਚਖੰਡ ਬਖਸ਼ਿਸ਼ ਅਤੇ ਨਿਰੰਕਾਰ ਵਾਸੇ ਦੇ ਹਨ। ਸਮਾਗਮ ਦੇ ਅੰਤ ਵਿੱਚ ਪ੍ਰਿੰਸੀਪਲ ਕਵਲਜੀਤ ਕੌਰ ਮੁਹਾਲੀ, ਡਿਪਟੀ ਚੀਫ਼ ਆਰਗੇਨਾਈਜ਼ਰ, ਇਸਤਰੀ ਕੌਂਸਲ ਨੇ ਸ਼ਮੂਲੀਅਤ ਕਰਨ ‘ਤੇ ਸਭਨਾਂ ਦਾ ਧੰਨਵਾਦ ਕੀਤਾ।

        ਸਮਾਗਮ ਦੌਰਾਨ ਮੰਚ ਦਾ ਸੰਚਾਲਨ ਬੀਬੀ ਸੁਰਜੀਤ ਕੌਰ ਮੈਂਬਰ, ਸਾਹਿਤਕਾਰ ਸਦਨ ਭੋਗਪੁਰ (ਜਲੰਧਰ-ਕਪੂਰਥਲਾ ਜ਼ੋਨ) ਨੇ ਕੀਤਾ। ਤਕਨੀਕੀ ਸਹਾਇਕ ਸਰਦਾਰ ਹਰਮੋਹਿੰਦਰ ਸਿੰਘ ਸਟੇਟ ਸਕੱਤਰ, ਪੰਜਾਬ ਸਟੇਟ ਵਲੋਂ ਇਸ ਲੜੀਵਾਰ ਕਥਾ ਨੂੰ ਜਾਰੀ ਰੱਖਣ ਅਤੇ ਵੱਧ ਤੋਂ ਵੱਧ ਸਰੋਤਿਆਂ ਨੂੰ ਜੁੜਨ ਦੀ ਅਪੀਲ ਕੀਤੀ ਗਈ।

suumer camp

ਡਾ. ਇੰਦਰਜੀਤ ਸਿੰਘ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਵੱਲੋਂ ਦੁਧਾਰੂ ਪਸ਼ੂਆਂ ਦੀ ਗਰਮੀਆਂ ਵਿੱਚ ਸੰਭਾਲ ਬਾਰੇ ਵੈਬੀਨਾਰ

 
“ਪੰਜਾਬ ਵਿਚ ਖੇਤੀ ਵਿਕਾਸ ਦੀ ਚਰਨਸੀਮਾ ਉਪਰੰਤ ਪਸ਼ੂ ਧਨ ਦਾ ਵਿਕਾਸ ਇਕ ਅਜਿਹਾ ਖੇਤਰ ਹੈ ਜਿਸ ਵਿਚ ਬਹੁਤ ਸੰਭਾਵਨਾਵਾਂ ਹਨ। ਪਸ਼ੂਆਂ ਦੀ ਸਹੀ ਸੰਭਾਲ ਕਰਕੇ ਕਿਸਾਨ ਘੱਟ ਲਾਗਤ ਨਾਲ ਵੱਧ ਲਾਭ ਲੈ ਸਕਦਾ ਹੈ”, ਇਹ ਸ਼ਬਦ ਡਾ. ਰਣਜੋਧਨ ਸਿੰਘ ਰੀਟਾ. ਮੁਖੀ, ਪਸਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਨਰੀ ਐਂਡ ਐਨੀਮਲ ਸਾਇੰਸਜ਼ ਲੁਧਿਆਣਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ ਡਾ. ਇੰਦਰਜੀਤ ਸਿੰਘ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਵਲੋਂ 6 ਜੁਲਾਈ 2020 ਨੂੰ ਦੁਧਾਰੂ ਪਸ਼ੂਆਂ ਦੀ ਗਰਮੀਆਂ ਵਿੱਚ ਸੰਭਾਲ ਬਾਰੇ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਏ ਵੈਬੀਨਾਰ ਦੌਰਾਨ ਕਹੇ। ਆਰੰਭ ਵਿੱਚ ਡਾ. ਮਹਿੰਦਰ ਸਿੰਘ ਡਾਇਰੈਕਟਰ ਡਾ. ਇੰਦਰਜੀਤ ਸਿੰਘ ਐਗਰੀਕਲਚਰਲ ਐਂਡ ਰੂਰਲ ਡਿਵੈਲਪਮੈਂਟ ਸੈਂਟਰ ਅਤੇ ਸੰਪਾਦਕ ਬਹੁਮੰਤਵੀ ਖੇਤੀ ਹੁਰਾਂ ਸੈਂਟਰ ਬਾਰੇ ਵਿਸਤ੍ਰਿਤ ਜਾਣਕਾਰੀ ਦਿੱਤੀ। ਉਨ੍ਹਾਂ ਹਰੀ ਕ੍ਰਾਂਤੀ ਉਪਰੰਤ ਦੁੱਧ ਉਤਪਾਦਨ ਦੇ ਖੇਤਰ ਵਿਚ ਪਸ਼ੂ ਧਨ ਦੀ ਸਥਿਤੀ, ਹੋ ਰਹੀ ਖੋਜ ਅਤੇ ਵਾਧੇ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਅਤੇ ਸੈਂਟਰ ਦੇ ਤ੍ਰੈਮਾਸਿਕ ਮੈਗਜ਼ੀਨ ‘ਬਹੁ ਮੰਤਵੀ ਖੇਤੀ’ ਬਾਰੇ ਦੱਸਿਆ। ਉਨ੍ਹਾਂ ਡਾ. ਰਣਜੋਧਨ ਸਿੰਘ ਹੁਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਦੀ ਜੀਵਨ ਪ੍ਰਾਪਤੀ ਅਤੇ ਖੋਜਾਂ ਬਾਰੇ ਵੀ ਜਾਣਕਾਰੀ ਦਿੱਤੀ।
ਡਾ. ਰਣਜੋਧਨ ਸਿੰਘ ਹੁਰਾਂ ਆਪਣੇ ਭਾਸ਼ਣ ਵਿਚ ਕਿਹਾ ਕਿ ਜਿਵੇਂ ਜਿਵੇਂ ਪਸ਼ੂਆਂ ਦੀ ਸੰਭਾਲ ਕਰਾਂਗੇ, ਉਹ ਵੀ ਸਾਡਾ ਧਿਆਨ ਰੱਖਣਗੇ। ਪਸ਼ੂਆਂ ‘ਤੇ ਵੀ ਰੁੱਤਾਂ ਦਾ ਅਸਰ ਹੁੰਦਾ ਹੈ। ਜ਼ਿਆਦਾ ਗਰਮੀ, ਸਰਦੀ ਨਾਲ ਉਨ੍ਹਾਂ ਦੀ ਸਿਹਤ ‘ਤੇ ਪ੍ਰਭਾਵ ਪੈਂਦਾ ਹੈ। ਉਨ੍ਹਾਂ ਕਿਹਾ ਕਿ ਜਾਨਵਰ ਤਾਂ ਬੋਲਦੈ ਪਰ ਕਈ ਵਾਰ ਮਾਲਕ ਨੂੰ ਸਮਝ ਨਹੀਂ ਲੱਗਦੀ। ਗਰਮੀ ਵਿਚ ਦੁੱਧ ਦੀ ਪੈਦਾਵਾਰ ਘੱਟਦੀ ਹੈ ਕਿਉਂਕਿ ਸਰਦੀ ਦੇ ਮੁਕਾਬਲੇ ਪਸ਼ੂ ਨੂੰ ਭੁੱਖ ਘੱਟ ਲਗਦੀ ਹੈ ਤੇ ਖਾਧਾ ਹੋਇਆ ਸਹੀ ਤਰ੍ਹਾਂ ਪੱਚਦਾ ਵੀ ਨਹੀਂ। ਡਾ. ਸਾਹਿਬ ਨੇ ਗੁਰਬਾਣੀ ਦਾ ਹਵਾਲਾ “ਪਸੂ ਮਿਲਹਿ ਚੰਗਿਆਈਆ ਖੜੁ ਖਾਵਹਿ ਅੰਮ੍ਰਿਤੁ ਦੇਹਿ।।” ਦਿੰਦਿਆਂ ਪਸ਼ੂਆਂ ਨੂੰ ਵਧੀਆ ਖੁਰਾਕ, ਦਾਣਾ ਤੇ ਚਾਰਾ ਦੇਣ ‘ਤੇ ਜ਼ੋਰ ਦਿੱਤਾ।
ਪਸ਼ੂਆਂ ਨੂੰ ਪਾਏ ਜਾਣ ਵਾਲੇ ਚਾਰੇ ਦੀ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਸੰਤੁਲਨ ਚਾਰਾ ਬਣਾਉਣ ਲਈ ਮੱਕੀ ਚਰੀਂ ਵਿੱਚ ਰਵਾਂਹ ਜਾਂ ਗਵਾਰਾ ਮਿਲਾ ਕੇ ਬੀਜੋ। ਚਾਰੇ ਵਿਚ ਨਦੀਨ ਨਾ ਹੋਣ ਦੇਈਏ। ਕਈ ਨਦੀਨ ਜ਼ਹਿਰੀਲੇ ਹੁੰਦੇ ਹਨ ਜਿਨ੍ਹਾਂ ਨਾਲ ਪਸ਼ੂਆਂ ਦਾ ਨੁਕਸਾਨ ਹੁੰਦਾ ਹੈ। ਉਨ੍ਹਾਂ ਖੇਤੀ ਚਾਰੇ ਦੀਆਂ ਕਿਸਮਾਂ ਵਿਚ ਆਉਣ ਵਾਲੀਆਂ ਕਮੀਆਂ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਡੇਅਰੀ ਮਾਲਕਾਂ ਨੂੰ ਮਾਹਿਰਾਂ ਦੀਆਂ ਸਿਫਾਰਸ਼ਾਂ ਮੰਨਣੀਆਂ ਚਾਹੀਦੀਆਂ ਹਨ। ਤੂੜੀ ਘੱਟ ਤੋਂ ਘੱਟ ਪਾਓ, ਇਸ ਨੂੰ ਮਾਹਿਰ ਚਾਰਾ ਨਹੀਂ ਮੰਨਦੇ। ਤੂੜੀ ਨੂੰ ਰੋਲ ਕੇ ਛਾਨ ਕੇ ਪਾਓ ਨਹੀਂ ਤਾਂ ਪਸ਼ੂਆਂ ਦੀ ਸਿਹਤ ਵਿਗੜ ਜਾਂਦੀ ਹੈ। ਦਾਣਾ ਆਪ ਬਣਾ ਲਵੋ। ਉਨ੍ਹਾਂ ਫੀਡ ਦੇ ਅਨੁਪਾਤ ਦਾ ਵਿਸਥਾਰ ਨਾਲ ਵਰਨਣ ਕੀਤਾ।
ਉਨ੍ਹਾਂ ਕਿਹਾ ਕਿ ਕਣਕ, ਮੱਕੀ, ਜਵਾਰ, ਬਾਜਰਾ ਰਲਾ ਕੇ ਦਾਣਾ ਬਣਾ ਕੇ ਰੱਖੋ, ਝੋਨਾ ਨਹੀਂ ਪਾਉਣਾ। ਉਨ੍ਹਾਂ ਸਰੋਂ, ਮੂੰਗਫਲੀ ਤੇ ਸੋਇਆ ਦੀ ਖੱਲ ਪਾਉਣ ਅਤੇ ਧਾਤਾਂ ਦੇ ਚੂਰੇ ਦੀ ਮਿਲਾਵਟ ਬਾਰੇ ਦੱਸਿਆ। ਉਨ੍ਹਾਂ ਵੜੇਵਿਆਂ ਦੀ ਖਲ ਨਾਲ ਫੈਟ ਵਧਣ ਦਾ ਭਰਮ ਵੀ ਦੂਰ ਕੀਤਾ ਅਤੇ ਬਜ਼ਾਰ ਤੋਂ ਮਿਲਣ ਵਾਲੇ ਹਲਕੇ ਗਿਫਟਾਂ ਦੇ ਕਰਕੇ, ਘਟੀਆ ਖੁਰਾਕ ਨਾ ਖਰੀਦਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਹੋਰ ਕਿਹਾ ਕਿ ਖੁਰਲੀਆਂ ਨੂੰ ਸਾਫ਼ ਰੱਖੋ। ਘਟੀਆ ਖੁਰਾਕ ਤਿਆਰ ਕਰਨ ਵਾਲੇ ਝੂਠ ਬੋਲ ਕੇ ਤੇ ਘੱਟ ਚੀਜ਼ਾਂ ਪਾ ਕੇ ਪਸ਼ੂਆਂ ਦਾ ਨੁਕਸਾਨ ਕਰਦੇ ਹਨ। ਪਸ਼ੂਆਂ ਨੂੰ ਸਾਫ਼ ਪਾਣੀ ਪਿਆਓ। ਬਾਹਰੋਂ ਝੋਨੇ ਦਾ ਪਾਣੀ ਨਾ ਪਿਆ ਦਿਓ ਜਿਸ ਵਿਚ ਦਵਾਈਆਂ ਪਾਈਆਂ ਹੁੰਦੀਆਂ ਹਨ।
ਡਾ. ਰਣਜੋਧਨ ਸਿੰਘ ਹੁਰਾਂ ਦੇ ਭਾਸ਼ਣ ਵਿਚੋਂ ਵਿਸ਼ਾਲ ਤਜਰਬੇ ਦਾ ਪ੍ਰਮਾਣ ਮਿਲਦਾ ਸੀ। ਉਨ੍ਹਾਂ ਸਾਫ਼ ਸਫ਼ਾਈ ਵੱਲ ਵਿਸ਼ੇਸ਼ ਧਿਆਨ ਦੇਣ ਲਈ ਕਿਹਾ ਅਤੇ ਸਲਾਭ ਤੋਂ ਖੁਰਾਕ ਨੂੰ ਬਚਾਉਣ ਲਈ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਗਾਂਹਵਧੂ ਕਿਸਾਨ ਟਰੇਨਿੰਗ ਲੈ ਕੇ ਚੰਗੀ ਸਾਂਭ ਸੰਭਾਲ ਕਰਦੇ ਹਨ ਪਰ ਕਈਆਂ ਨੂੰ ਅਜੇ ਪੂਰਾ ਤਜ਼ਰਬਾ ਨਹੀਂ ਹੈ। ਉਨ੍ਹਾਂ ਗਡਵਾਸੂ ਦੀ ਹੈਲਪ-ਲਾਈਨ ਤੋਂ ਮਦਦ ਲੈਣ ਲਈ ਵੀ ਕਿਹਾ। ਅਖੀਰ ਵਿਚ ਉਨ੍ਹਾਂ ਸੂਣ ਵਾਲੇ ਪਸ਼ੂਆਂ ਦੀ ਸੇਵਾ ਕਰਨ ਬਾਰੇ ਵਿਸ਼ੇਸ਼ ਚਰਚਾ ਕੀਤੀ ਅਤੇ ਆਖਰੀ ਤਿੰਨ ਮਹੀਨੇ ਪੂਰੇ ਪੱਠੇ ਅਤੇ ਸਾਫ਼ ਪੌਸ਼ਟਿਕ ਦਾਣਾ ਪਾਉਣ ਲਈ ਕਿਹਾ। ਉਨ੍ਹਾਂ ਬੋਹਲੀ ਦੇ ਗੁਣ ਦੱਸਦਿਆਂ ਚੰਗੀ ਬੋਹਲੀ ਬਣਾਉਣ ਲਈ ਚੰਗੀ ਖੁਰਾਕ ਦੇਣ ਲਈ ਪ੍ਰੇਰਿਤ ਕੀਤਾ ਅਤੇ ਜ਼ਰੂਰੀ ਟੀਕਿਆਂ ਬਾਰੇ ਸਲਾਹ ਵੀ ਦਿੱਤੀ। ਪਸ਼ੂਆਂ ਦੇ ਸ਼ੈਡਾਂ, ਖੜਵੀਆਂ ਇੱਟਾਂ ਦੇ ਫ਼ਰਸ਼ ਅਤੇ ਸਫ਼ਾਈ ਨਿਕਾਸ ਦੇ ਨੁਕਤੇ ਵੀ ਦੱਸੇ। ਸਰੋਤਿਆਂ ਉੱਤੇ ਇਸ ਭਾਸ਼ਣ ਦਾ ਬਹੁਤ ਡੂੰਘਾ ਪ੍ਰਭਾਵ ਪਿਆ।
ਅੱਜ ਦੇ ਵੈਬੀਨਾਰ ਦਾ ਸਾਰ ਪੇਸ਼ ਕਰਦਿਆਂ ਚੇਅਰਮੈਨ ਸ੍ਰ. ਜਤਿੰਦਰਪਾਲ ਸਿੰਘ ਹੁਰਾਂ ਡਾ. ਰਣਜੋਧਨ ਸਿੰਘ ਹੁਰਾਂ ਦੇ ਭਾਸ਼ਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਲਗੀਧਰ ਚਮਤਕਾਰ ਦੇ ਉਸ ਕਾਂਡ ਦੀ ਚਰਚਾ ਵੀ ਕੀਤੀ ਜਿਥੇ ਮਾਲਵੇ ਦੀ ਧਰਤੀ ‘ਤੇ ਇਕ ਦੀਵਾਨ ਵਿਚ ਦਸ਼ਮੇਸ਼ ਪਿਤਾ ਨੇ ਬੰਜਰ ਭੂਮੀ ਦੀ ਉੱਨਤੀ ਦੀ ਭਵਿੱਖਬਾਣੀ ਕੀਤੀ। ਉਨ੍ਹਾਂ ਦੱਸਿਆ ਕਿ ਭਾਈ ਵੀਰ ਸਿੰਘ ਹੁਰਾਂ ਨੇ ਇਸ ਕਾਂਡ ਦੀ ਰੌਸ਼ਨੀ ਵਿਚ ਹੀ ਪੰਜਾਬ ਐਂਡ ਸਿੰਧ ਬੈਂਕ ਦੀ ਸਥਾਪਨਾ ਕੀਤੀ। ਸਮੇਂ ਦੇ ਨਾਲ ਡਾ. ਇੰਦਰਜੀਤ ਸਿੰਘ ਚੇਅਰਮੈਨ ਬਣੇ ਤੇ ਪਿੰਡਾਂ ਅਤੇ ਕਿਸਾਨਾਂ ਦੇ ਵਿਕਾਸ ਲਈ ਕਈ ਯੋਜਨਾਵਾਂ ਚਲਾਈਆਂ।
ਉਨ੍ਹਾਂ ਦੱਸਿਆ ਕਿ ਡਾ. ਇੰਦਰਜੀਤ ਸਿੰਘ ਹੁਰਾਂ ਦੀ ਭੂਮਿਕਾ ਅਤੇ ਉਨ੍ਹਾਂ ਦੇ ਯੋਗਦਾਨ ਨੂੰ ਧਿਆਨ ਵਿਚ ਰੱਖਦਿਆਂ ਉਨ੍ਹਾਂ ਦੇ ਨਾਮ ‘ਤੇ ਸਟੱਡੀ ਸਰਕਲ ਵਲੋਂ ਇਹ ਸੈਂਟਰ ਸਥਾਪਤ ਕੀਤਾ ਗਿਆ ਹੈ ਜਿਸ ਨੂੰ ਪਿਛਲੇ ਸੱਤ ਸਾਲ ਤੋਂ ਖੇਤੀ ਵਿਗਿਆਨੀ ਡਾ. ਮਹਿੰਦਰ ਸਿੰਘ ਅਗਵਾਈ ਦੇ ਰਹੇ ਹਨ। ਉਨ੍ਹਾਂ ਸੀ. ਟੀ. ਯੂਨੀ. ਦੇ ਰਜਿਸਟਰਾਰ ਡਾ. ਜਗਤਾਰ ਸਿੰਘ, ਮੁੱਖ ਸੰਪਾਦਕ ‘ਬਹੁਮੰਤਵੀ ਖੇਤੀ’ ਦਾ ਜ਼ਿਕਰ ਵੀ ਕੀਤਾ।
ਸ੍ਰ. ਹਰਮੋਹਿੰਦਰ ਸਿੰਘ ਨੰਗਲ ਸਟੇਟ ਸਕੱਤਰ, ਪੰਜਾਬ ਹੁਰਾਂ ਵੈਬੀਨਾਰ ਦਾ ਸੰਚਾਲਨ ਕਰਦਿਆਂ ਡਾ. ਸਾਹਿਬ ਦੇ ਭਾਸ਼ਣ ਦੀ ਸ਼ਲਾਘਾ ਕੀਤੀ ਅਤੇ ਹਰ ਨੁਕਤੇ ਬਾਰੇ ਸਪੱਸ਼ਟਤਾ ਨਾਲ ਚਰਚਾ ਕਰਨ ਲਈ ਧੰਨਵਾਦ ਕੀਤਾ।
 
 
 
ਜਪੁਜੀ ਸਾਹਿਬ ਦੇ ਸੁਨੇਹੇ ਵਿਸ਼ੇ ਤੇ ਵੈਬੀਨਾਰ
 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਸਤਰੀ ਕੌਂਸਲ ਵਲੋਂ ਜਪੁਜੀ ਸਾਹਿਬ ਦੇ ਸੁਨੇਹੇ ਵਿਸ਼ੇ ‘ਤੇ ਆਰੰਭ ਕੀਤੀ ਗੁਰਮਤਿ ਵਿਚਾਰ ਲੜੀ ਦਾ ਦੂਸਰਾ ਵੈਬੀਨਾਰ 27 ਜੂਨ 2020 ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਆਯੋਜਿਤ ਕੀਤਾ ਗਿਆ। ਪ੍ਰਿੰ. ਕਵਲਜੀਤ ਕੌਰ ਮੁਹਾਲੀ, ਐਡੀਸ਼ਨਲ ਚੀਫ਼ ਆਰਗੇਨਾਈਜ਼ਰ, ਇਸਤਰੀ ਕੌਂਸਲ ਦੀ ਅਗਵਾਈ ਵਿਚ ਕਰਵਾਏ ਇਸ ਵੈਬੀਨਾਰ ਦੀ ਆਰੰਭਤਾ ਬੀਬੀ ਕੁਲਵਿੰਦਰ ਕੌਰ, ਇਸਤਰੀ ਕੌਂਸਲ, ਰੋਪੜ-ਨਵਾਂਸ਼ਹਿਰ ਜ਼ੋਨ ਵਲੋਂ ਕੀਤੀ ਗਈ। ਜਪੁਜੀ ਸਾਹਿਬ ਦੇ ਸੁਨੇਹੇ ਵਿਸ਼ੇ ਸਬੰਧੀ ਬੀਬੀ ਰੋਮੀ ਦਿਵਗੁਣ ਮੈਂਬਰ ਯੁਵਕ ਲਿਖਾਰੀ ਕੌਂਸਲ, ਹੁਸ਼ਿਆਰਪੁਰ ਜ਼ੋਨ ਨੇ ਜਪੁਜੀ ਸਾਹਿਬ ਦੀ ਛੇਵੀਂ ਤੋਂ ਦਸਵੀਂ ਪਉੜੀ ਦੀ ਵਿਆਖਿਆ ਨੂੰ ਮੋਹ-ਭਿੱਜੇ ਵਿਚਾਰਾਂ ਰਾਹੀਂ ਵਿਅਕਤ ਕੀਤਾ। ਉਹਨਾਂ ਆਪਣੇ ਸੰਬੋਧਨ ਵਿੱਚ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਉੱਪਰ ਚੱਲਣ ‘ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਗੁਰੂ ਸਾਹਿਬ ਦੇ ਹੁਕਮ ਨੂੰ ਸੁਣਨਾ, ਮੰਨਣਾ ਅਤੇ ਫਿਰ ਮੰਨ ਵਿੱਚ ਵਸਾ ਕੇ ਪਰਮਾਤਮਾ ਦੇ ਭਓ ਵਿੱਚ ਜੀਵਨ ਗੁਜ਼ਾਰਨਾ ਹੈ। ਗੁਰੂ ਦੀ ਸਿੱਖਿਆ ਸੁਣਨ ਨਾਲ ਹੀ ਇਨਸਾਨ ਵਿੱਚ ਚੰਗੇ ਗੁਣ ਪੈਦਾ ਹੁੰਦੇ ਹਨ। ਬਾਣੀ ਨੂੰ ਸੁਣਨਾ ਹੀ ਮਨੁੱਖ ਦਾ ਅਸਲ ਮਨੋਰਥ ਹੈ ਜਿਸ ਰਾਹੀਂ ਵਿਗਾਸ ਦੀ ਸਥਿਤੀ ਪੈਦਾ ਹੁੰਦੀ ਹੈ।
ਪ੍ਰੋਗਰਾਮ ਦਾ ਸਮਅੱਪ ਡਾ. ਮਨਜੀਤ ਕੌਰ ਜੈਪੁਰ ਡਿਪਟੀ ਚੀਫ਼ ਸਕੱਤਰ ਇਸਤਰੀ ਕੌਂਸਲ ਵਲੋਂ ਕੀਤਾ ਗਿਆ। ਉਹਨਾਂ ਕਿਹਾ ਕਿ ਬਾਣੀ ਪੜ੍ਹਣ ਨਾਲ ਮੇਰ-ਤੇਰ ਤੇ ਹੰਕਾਰ ਦੀ ਸਥਿਤੀ ਖਤਮ ਹੋ ਜਾਂਦੀ ਹੈ, ਵਾਹਿਗੁਰੂ ਦੀ ਰਹਿਮਤ ਨਾਲ ਹੀ ਗੁਰਮੁੱਖ ਮੱਤ ਮਿਲਦੀ ਹੈ। ਡਾ. ਭੁਪਿੰਦਰ ਕੌਰ ਕਵਿਤਾ ਹੁਰਾਂ ਵੈਬੀਨਾਰ ਵਿਚ ਸ਼ਾਮਲ ਸਰੋਤਿਆਂ ਦਾ ਧੰਨਵਾਦ ਕੀਤਾ। ਤਕਨੀਕੀ ਸਹਾਇਕ ਸਰਦਾਰ ਹਰਮੋਹਿੰਦਰ ਸਿੰਘ ਸਟੇਟ ਸਕੱਤਰ, ਪੰਜਾਬ ਸਟੇਟ ਵਲੋਂ ਇਸ ਲੜੀਵਾਰ ਕਥਾ ਨੂੰ ਜਾਰੀ ਰੱਖਣ ਅਤੇ ਵੱਧ ਤੋਂ ਵੱਧ ਸਰੋਤਿਆਂ ਨੂੰ ਜੁੜਨ ਦੀ ਅਪੀਲ ਕੀਤੀ ਗਈ।
Japuji Sahib

ਭਗਤ ਕਬੀਰ ਜੀ ਦਾ ਜੀਵਨ ਅਤੇ ਬਾਣੀ ਵਿਚੋਂ ਮਿਲਦੇ ਸੁਨੇਹੇ ਵਿਸ਼ੇ ਸਬੰਧੀ ਵੈਬੀਨਾਰ:- ਸ੍ਰ. ਪਰਮਜੀਤ ਸਿੰਘ ਸੁਚਿੰਤਨ

 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਆਰਗੇਨਾਈਜੇਸ਼ਨਲ ਵਰਕਿੰਗ ਕੌਂਸਲ ਵਲੋਂ ਅੱਜ 27 ਜੂਨ 2020 ਨੂੰ ਵੀਡਿਓ ਕਾਨਫਰੰਸਿੰਗ ਰਾਹੀਂ ਭਗਤ ਕਬੀਰ ਜੀ ਦਾ ਜੀਵਨ ਅਤੇ ਬਾਣੀ ਵਿਚੋਂ ਮਿਲਦੇ ਸੁਨੇਹੇ ਵਿਸ਼ੇ ‘ਤੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਸ੍ਰ. ਪਰਮਜੀਤ ਸਿੰਘ ਸੁਚਿੰਤਨ, ਏ. ਜੀ. ਐਮ. ਸਟੇਟ ਬੈਂਕ ਆਫ਼ ਇੰਡੀਆ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਸ੍ਰ. ਤੇਜਿੰਦਰ ਸਿੰਘ ਖਿਜ਼ਰਾਬਾਦੀ ਚੀਫ਼ ਸਕੱਤਰ ਹੁਰਾਂ ਸਵਾਗਤੀ ਸ਼ਬਦ ਕਹਿੰਦਿਆਂ ਸ੍ਰ. ਪਰਮਜੀਤ ਸਿੰਘ ਹੁਰਾਂ ਦੀਆਂ ਪ੍ਰਸਿੱਧ ਲਿਖਤਾਂ ਦਾ ਜ਼ਿਕਰ ਕੀਤਾ।
ਆਪਣੇ ਸੰਬੋਧਨ ਵਿੱਚ ਸ੍ਰ. ਪਰਮਜੀਤ ਸਿੰਘ ਸੁਚਿੰਤਨ ਹੁਰਾਂ ਦੱਸਿਆ ਕਿ ਉਨ੍ਹਾਂ ਨੂੰ ਭਗਤ ਕਬੀਰ ਜੀ ਦੇ ਜਨਮ ਸਥਾਨ ‘ਤੇ ਜਾਣ ਦਾ ਮੌਕਾ ਮਿਲਿਆ। ਭਗਤ ਜੀ ਦੇ ਪਿਤਾ ਮੁਸਲਮਾਨ ਜੁਲਾਹਾ ਸਨ, ਨਾਮਕਰਨ ਸਮੇਂ ਬੜਾ ਪਵਿੱਤਰ ਨਾਮ ਕਬੀਰ ਰੱਖਿਆ ਗਿਆ। ਭਗਤ ਕਬੀਰ ਜੀ ਬਚਪਨ ਵਿਚ ਹੀ ਮਹਾਂਪੁਰਸ਼ਾਂ ਪਾਸੋਂ ਕਈ ਰਹੱਸਮਈ ਸਵਾਲ ਪੁੱਛਦੇ ਰਹਿੰਦੇ ਸਨ। ਕਈ ਵਾਰ ਉਨ੍ਹਾਂ ਨੂੰ ਛੋਟੀ ਜਾਤ ਅਤੇ ਨਿਗੁਰੇ ਹੋਣ ਕਾਰਨ ਸਤਿਸੰਗ ‘ਚੋਂ ਕੱਢਿਆ ਗਿਆ। ਭਗਤ ਜੀ ਨੇ ਨਿਗੁਰੇ ਹੋਣ ਦੀ ਚੋਟ ਮਨ ‘ਤੇ ਲਾ ਲਈ। ਉਨ੍ਹਾਂ ਨੇ ਬਹੁਤ ਯਤਨ ਕੀਤਾ ਪਰ ਮੁਸਲਮਾਨ ਪਰਿਵਾਰ ਅਤੇ ਨੀਵੀਂ ਜਾਤ ਕਾਰਣ ਕਿਸੇ ਨੇ ਉਨ੍ਹਾਂ ਨੂੰ ਆਪਣਾ ਸ਼ਾਗਿਰਦ ਨਹੀਂ ਬਣਾਇਆ। ਭਗਤ ਰਾਮਾਨੰਦ ਜੀ ਪਾਸ ਗਏ ਜੋ ਬੜੇ ਮੰਨੇ ਪ੍ਰਮੰਨੇ ਭਗਤ ਸਨ। ਪੰਚ ਗੰਗਾ ਘਾਟ ‘ਤੇ ਰਾਮਾਨੰਦ ਜੀ ਇਸ਼ਨਾਨ ਕਰਨ ਜਾਂਦੇ ਸਨ। ਕਬੀਰ ਜੀ ਰਸਤੇ ਵਿਚ ਲੇਟ ਗਏ ਤਾਂ ਭਗਤ ਰਾਮਾਨੰਦ ਜੀ ਦੇ ਪੈਰ ਨਾਲ ਠੋਕਰ ਲੱਗਣ ‘ਤੇ ਉਨ੍ਹਾਂ ਦੇ ਮੂੰਹੋਂ “ਰਾਮ-ਰਾਮ” ਨਿਕਲਿਆ, ਇੰਝ ਭਗਤ ਕਬੀਰ ਜੀ ਨੇ ਭਗਤ ਰਾਮਾਨੰਦ ਜੀ ਨੂੰ ਆਪਣਾ ਗੁਰੂ ਅਤੇ ਰਾਮ-ਰਾਮ ਨੂੰ ਗੁਰਉਪਦੇਸ਼ ਮੰਨ ਕੇ ਭਗਤੀ ਆਰੰਭ ਕਰ ਦਿੱਤੀ।
ਆਪਣੇ ਵਿਚਾਰਾਂ ਦਾ ਵਿਸਥਾਰ ਕਰਦਿਆਂ ਉਨ੍ਹਾਂ ਦੱਸਿਆ ਕਿ ਬਨਾਰਸ ਵਿਚ ਕਬੀਰ ਚਬੂਤਰਾ ਸੀ ਜਿੱਥੇ ਭਗਤ ਜੀ ਉਪਦੇਸ਼ ਦਿੰਦੇ ਸਨ। ਹੁਣ ਇਸ ਦਾ ਨਾਮ ਬਦਲਕੇ ਕਬੀਰ ਚੌਰਾ ਹੋ ਗਿਆ ਹੈ। ਭਗਤ ਕਬੀਰ ਜੀ ਨੇ ਜਾਤਪਾਤ ਦੀ ਵੰਡ ਨੂੰ ਬਹੁਤ ਨਿਡਰ ਹੋ ਕੇ ਰੱਦ ਕੀਤਾ। ਉਨ੍ਹਾਂ ਮਾਨਵਤਾ ਨੂੰ ਉਪਦੇਸ਼ ਦਿੱਤਾ ਕਿ ਸਾਰਿਆਂ ਵਿਚ ਹੀ ਖੂਨ ਹੈ, ਬ੍ਰਾਹਮਣ ਵਿਚ ਕਿਹੜਾ ਦੁੱਧ ਹੈ? ਮੁਸਲਮਾਨ ਨੂੰ ਉਪਦੇਸ਼ ਦਿੱਤਾ ਕਿ ਸੁੰਨਤ ਕਰਨ ਨਾਲ ਹੀ ਮੁਸਲਮਾਨ ਬਣਦਾ ਹੈ ਤਾਂ ਔਰਤ ਕਿਵੇਂ ਮੁਸਲਮਾਨ ਬਣੇਗੀ। ਕਬੀਰ ਜੀ ਨੇ ਝਗੜਾ ਤਿਆਗ ਕੇ ਕਹਿ ਦਿੱਤਾ ਕਿ ਮੇਰਾ ਕਿਸੇ ਪੰਡਤ ਜਾਂ ਮੁੱਲਾਂ ਨਾਲ ਕੋਈ ਲੈਣਾ ਦੇਣਾ ਨਹੀਂ।
ਉਨ੍ਹਾਂ ਹੋਰ ਦੱਸਿਆ ਕਿ ਭਗਤ ਕਬੀਰ ਜੀ ਨੇ ਧਾਰਮਿਕ ਪ੍ਰਚਾਰ ਲਈ ਬਹੁਤ ਯਾਤਰਾਵਾਂ ਕੀਤੀਆਂ ਅਤੇ ਮਾਨਵਤਾ ਦਾ ਸੰਦੇਸ਼ ਦਿੱਤਾ। ਪੰਡਤਾਂ ਤੇ ਮੌਲਵੀਆਂ ਨੇ ਉਨ੍ਹਾਂ ਪ੍ਰਤੀ ਵੈਰ-ਵਿਰੋਧ ਜਾਰੀ ਰੱਖਿਆ। ਸਿਕੰਦਰ ਲੋਧੀ ਰਾਜੇ ਕੋਲ ਸ਼ਿਕਾਇਤ ਕੀਤੀ ਕਿ ਕਬੀਰ ਪੰਡਤਾਂ ਅਤੇ ਮੁਸਲਮਾਨਾਂ ਦੇ ਅਨੁਸਾਰ ਨਹੀਂ ਚੱਲਦਾ। ਉਹ ਨੀਵੀਂ ਜਾਤ ਦਾ ਹੋ ਕੇ ਧਰਮ ਦਾ ਪ੍ਰਚਾਰ ਕਰਦਾ ਹੈ। ਸਿਕੰਦਰ ਲੋਧੀ ਨੇ ਬਨਾਰਸ ਪਹੁੰਚ ਕੇ ਕਬੀਰ ਜੀ ਨੂੰ ਆਪਣੇ ਦਰਬਾਰ ਵਿੱਚ ਬੁਲਾਇਆ। ਕਬੀਰ ਜੀ ਸਤਿਸੰਗੀਆਂ ਸਹਿਤ ਪੁੱਜ ਗਏ। ਉਸ ਸਮੇਂ ਦੇ ਸਭ ਹਾਲਾਤ ਬਿਆਨ ਕਰਦਿਆਂ ਸੁਚਿੰਤਨ ਹੁਰਾਂ ਕਬੀਰ ਜੀ ਦੀ ਫਤਹਿ ਦੀ ਸਾਖੀ ਸੁਣਾਈ ਅਤੇ ਉਨ੍ਹਾਂ ਦੇ ਜੀਵਨ ਚਮਤਕਾਰਾਂ ਦਾ ਜ਼ਿਕਰ ਵੀ ਕੀਤਾ।
ਉਨ੍ਹਾਂ ਦੱਸਿਆ ਕਿ ਫਰਵਰੀ 1509 ਵਿਚ ਭਗਤ ਕਬੀਰ ਜੀ ਦੀ ਗੁਰੂ ਨਾਨਕ ਦੇਵ ਜੀ ਨਾਲ ਮੁਲਾਕਾਤ ਹੋਈ। ਇਸੇ ਸਮੇਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਭਗਤ ਰਵਿਦਾਸ ਜੀ ਨਾਲ ਵੀ ਮੁਲਾਕਾਤ ਹੋਈ ਤੇ ਉਨ੍ਹਾਂ ਦੋਨਾਂ ਭਗਤਾਂ ਦੀ ਬਾਣੀ ਇਕੱਤਰਤ ਕੀਤੀ। ਭਗਤ ਕਬੀਰ ਜੀ ਕਰਮਕਾਂਡ ਦੇ ਸਖ਼ਤ ਵਿਰੁੱਧ ਰਹੇ। ਸੁਚਿੰਤਨ ਹੁਰਾਂ ਭਗਤ ਜੀ ਦੀ ਬਾਣੀ ਵਿਚੋਂ ਵੱਖ ਵੱਖ ਵਿਸ਼ਿਆਂ ਦੇ ਨਾਲ ਸੰਬੰਧਤ ਹਵਾਲੇ ਦਿੱਤੇ ਜਿਵੇਂ ਅੰਨ ਛੱਡਣ ਬਾਰੇ, ਸਾਰੇ ਮਨੁੱਖਾਂ ਦਾ ਇਕ ਨੂਰ ਤੋਂ ਉਪਜਣ ਬਾਰੇ, ਰਾਮ ਕਾ ਕੂਕਰ (ਮੋਤੀ) ਹੋਣ ਬਾਰੇ, ਸੂਰਬੀਰਤਾ ਦਾ ਰਸ, ਸਾਕਤ ਸੰਗ ਤੋਂ ਦੂਰ ਰਹਿਣ ਦਾ ਉਪਦੇਸ਼, ਪ੍ਰਭੂ ਦਾ ਸਿਮਰਨ ਕਰਨ ਦੀ ਪ੍ਰੇਰਣਾ, ਭ੍ਰਿਸ਼ਟ ਸਾਧਨਾਂ ਨਾਲ ਧਨ ਇਕੱਤਰ ਕਰਨ ਤੋਂ ਰੋਕਣ ਦਾ ਉਪਦੇਸ਼, ਗਰੀਬ-ਅਮੀਰ ਵਿਚਲੇ ਅੰਤਰ ਦੀ ਸਮਾਜਿਕ ਪੀੜਾ ਬਾਰੇ ਆਦਿ। ਵਿਚਾਰਾਂ ਦੀ ਇਹ ਪੇਸ਼ਕਾਰੀ ਸਰੋਤਿਆਂ ਲਈ ਬੜੀ ਪ੍ਰਭਾਵਸ਼ਾਲੀ ਰਹੀ। ਉਨ੍ਹਾਂ ਦੱਸਿਆ ਕਿ ਇਸ ਸਮੇਂ ਮੱਧ ਪ੍ਰਦੇਸ਼, ਯੂ. ਪੀ., ਛੱਤੀਸਗੜ੍ਹ ਅਤੇ ਹੋਰਨਾਂ ਸੂਬਿਆਂ ਵਿਚ ਕਬੀਰ ਪੰਥੀਆਂ ਦੇ 12 ਸੰਪਰਦਾਇ ਇਸ ਸਮੇਂ ਵਿਚਰ ਰਹੇ ਹਨ।
ਇਸ ਸਮੇਂ ਹੋਈ ਵਿਚਾਰ ਦਾ ਸਾਰ-ਵਿਸਥਾਰ ਕਰਦਿਆਂ ਲੈਸਟਰ ਯੂ. ਕੇ. ਤੋਂ ਗਿ. ਗੁਰਮੀਤ ਸਿੰਘ ਗੌਰਵ ਹੁਰਾਂ ਕਿਹਾ ਕਿ ਉਨ੍ਹਾਂ ਨੂੰ ਵੀ ਸੁਚਿੰਤਨ ਜੀ ਵਾਂਗ 1993-94 ਵਿਚ ਭਗਤ ਜੀ ਨਾਲ ਸਬੰਧਤ ਵੱਖ ਵੱਖ ਸਥਾਨਾਂ ‘ਤੇ ਜਾਣ ਦਾ ਮੌਕਾ ਮਿਲਿਆ। ਕਬੀਰ ਪੰਥੀਆਂ ਦੀ ਗਿਣਤੀ ਕਰੋੜਾਂ ‘ਚ ਹੈ ਜੋ ਹਿੰਦੂ, ਮੁਸਲਮਾਨ, ਕਬੀਰ ਜਾਤ, ਸਿੰਘ ਆਦਿ ਵਿਚ ਹਨ। ਸ਼੍ਰੋਮਣੀ ਕਮੇਟੀ ਨੇ ਮਤਾ ਪਾ ਕੇ 15 ਭਗਤਾਂ ਦਾ ਜਨਮ ਦਿਵਸ ਮਨਾਉਣ ਦਾ ਨਿਰਣਾ ਕੀਤਾ ਹੋਇਆ ਹੈ। ਕਬੀਰ ਜੀ ਪਹਿਲਾਂ ਮਗਹਰ ਰਹੇ ਤੇ ਫਿਰ ਕਾਂਸ਼ੀ ਚ ਆਏ। ਉਨ੍ਹਾਂ ਨੇ ਹਿੰਦੂ ਮੁਸਲਮਾਨ ਹੋਣ ਦਾ ਝਗੜਾ ਖਤਮ ਕੀਤਾ। ਗੌਰਵ ਹੁਰਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਸੰਦਰਭ ਵਿਚ ਬਰਾਬਰਤਾ ਦੇ ਸਿਧਾਂਤ ਨੂੰ ਵਿਸ਼ਵ ਭਰ ਵਿਚ ਸੰਚਾਰਨ ਦੀ ਪ੍ਰੇਰਨਾ ਕੀਤੀ।
ਅੰਤ ਵਿਚ ਲਖਨਊ ਤੋਂ ਸ੍ਰ. ਬਰਜਿੰਦਰਪਾਲ ਸਿੰਘ ਹੁਰਾਂ ਸੁਚਿੰਤਨ ਜੀ ਅਤੇ ਗੌਰਵ ਜੀ ਦੇ ਵਿਚਾਰਾਂ ਦੀ ਪ੍ਰੋੜਤਾ ਕੀਤੀ। ਉਨ੍ਹਾਂ ਕਿਹਾ ਕਿ ਕਬੀਰ ਬਾਣੀ ਦੀ ਪ੍ਰਮਾਣਕਿਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਿੱਧ ਹੁੰਦੀ ਹੈ। ਭਗਤ ਰਾਮਾਨੰਦ ਜੀ ਦੇ ਪੰਜ ਸ਼ਗਿਰਦ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਮਲ ਹੈ। ਭਗਤ ਰਾਮਾਨੰਦ ਜੀ ਦਾ ਇਕ ਸ਼ਬਦ ਬਾਣੀ ਵਿਚ ਸ਼ਾਮਲ ਹੈ, ਪਰ ਕਬੀਰ ਜੀ ਦੇ 540 ਹਨ।
ਅਖੀਰ ਵਿਚ ਸ੍ਰ. ਗੁਰਚਰਨ ਸਿੰਘ ਚੀਫ਼ ਆਰਗੇਨਾਈਜ਼ਰ ਹੁਰਾਂ ਧੰਨਵਾਦ ਦੇ ਸ਼ਬਦ ਕਹੇ। ਸ੍ਰ. ਹਰਮੋਹਿੰਦਰ ਸਿੰਘ ਨੰਗਲ ਸਟੇਟ ਸਕੱਤਰ, ਪੰਜਾਬ ਹੁਰਾਂ ਵੈਬੀਨਾਰ ਦਾ ਤਕਨੀਕੀ ਨਿਰਦੇਸ਼ਨ ਕੀਤਾ ਅਤੇ ਵੈਬੀਨਾਰਾਂ ਦੀ ਲੜੀ ਦੇ ਮਹੱਤਵ ਨੂੰ ਉਜਾਗਰ ਕੀਤਾ। ਪੰਜਾਬ ਤੋਂ ਬਾਹਰੋਂ ਕਬੀਰ ਪੰਥੀ ਵੀ ਇਸ ਵੈਬੀਨਾਰ ਵਿਚ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।

ਗੁਰੂ ਰਾਮ ਦਾਸ ਆਰਥਿਕ ਵਿਕਾਸ ਕੇਂਦਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਜਾਬ ਐਂਡ ਸਿੰਧ ਬੈਂਕ ਬਾਰੇ ਵੈਬੀਨਾਰ!

 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਅਦਾਰੇ, ਗੁਰੂ ਰਾਮ ਦਾਸ ਆਰਥਿਕ ਵਿਕਾਸ ਕੇਂਦਰ ਵੱਲੋਂ, ਪੰਜਾਬ ਐਂਡ ਸਿੰਧ ਬੈਂਕ ਦੇ ਸਥਾਪਨਾ ਦਿਵਸ ਸੰਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਇੱਕ ਵਿਸ਼ੇਸ਼ ਵੈਬੀਨਾਰ “ਪੰਜਾਬ ਐਂਡ ਸਿੰਧ ਬੈਂਕ-ਪਿਛੋਕੜ, ਵਰਤਮਾਨ ਅਤੇ ਭਵਿੱਖ” ਵਿਸ਼ੇ ਤੇ ਕਰਵਾਇਆ ਗਿਆ ਜਿਸ ਵਿਚ ਸ੍ਰ. ਮੱਖਣ ਸਿੰਘ, ਸਾਬਕਾ ਡੀ. ਜੀ. ਐਮ. ਪੰਜਾਬ ਐਂਡ ਸਿੰਧ ਬੈਂਕ, ਨਵੀਂ ਦਿੱਲੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਪ੍ਰੋਗਰਾਮ ਕੋਆਰਡੀਨੇਟਰ ਸ੍ਰ. ਇੰਦਰਪਾਲ ਸਿੰਘ, ਡਾਇਰੈਕਟਰ ਓਵਰਸੀਜ਼ ਹੁਰਾਂ ਆਰੰਭਕ ਸ਼ਬਦ ਕਹਿੰਦਿਆਂ ਬੈਂਕ ਦੀ ਸਥਾਪਨਾ ਤੋਂ ਲੈ ਕੇ ਹੁਣ ਤੱਕ ਦੇ ਸਫ਼ਰ ਦਾ ਸੰਖੇਪ ਵਰਨਣ ਕੀਤਾ। ਉਨ੍ਹਾਂ ਸ੍ਰ. ਮੱਖਣ ਸਿੰਘ ਹੁਰਾਂ ਦੀ ਭੂਮਿਕਾ ਅਤੇ ਬੈਂਕ ਵਲੋਂ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿਚ ਪਾਏ ਯੋਗਦਾਨ ਦਾ ਜ਼ਿਕਰ ਵੀ ਕੀਤਾ।
ਸ੍ਰ. ਗੁਰਮੀਤ ਸਿੰਘ, ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਹੁਰਾਂ ਸਵਾਗਤੀ ਸ਼ਬਦ ਕਹਿੰਦਿਆ ਸ੍ਰ. ਮੱਖਣ ਸਿੰਘ ਦੇ ਜੀਵਨ ਸਫ਼ਰ ਤੇ ਝਾਤ ਪਾਈ ਅਤੇ ਗੁਰੂ ਰਾਮ ਦਾਸ ਆਰਥਿਕ ਵਿਕਾਸ ਕੇਂਦਰ ਦੇ ਸੰਚਾਲਕਾਂ ਦੀ ਸੈਮੀਨਾਰ ਆਯੋਜਿਤ ਕਰਨ ਲਈ ਸ਼ਲਾਘਾ ਕੀਤੀ। ਉਨ੍ਹਾਂ ਪੰਜਾਬ ਐਂਡ ਸਿੰਧ ਬੈਂਕ ਦੀ ਸਿੱਖ ਸੀਰਤ ਅਤੇ ਵਿਕਾਸ ਦੀ ਪ੍ਰਵਿਰਤੀ ਨਿਸਚਤ ਕਰਨ ਵਿਚ ਸ੍ਰ. ਮੱਖਣ ਸਿੰਘ ਹੁਰਾਂ ਦੇ ਯੋਗਦਾਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਹੁਣ ਫੇਰ ਸਾਬਕਾ ਸਿੱਖ ਬੈਂਕਰਾਂ ਅਤੇ ਪੂੰਜੀਧਾਰਕਾਂ ਵੱਲੋਂ ਨਿੱਜੀ ਖੇਤਰ ਵਿੱਚ ਇਕ ਹੋਰ ਬੈਂਕ ਖੋਲ੍ਹਣਾ ਚਾਹੀਦਾ ਹੈ।
ਆਪਣੇ ਸੰਬੋਧਨ ਵਿਚ ਸ੍ਰ. ਮੱਖਣ ਸਿੰਘ ਹੁਰਾਂ ਦੱਸਿਆ ਕਿ 24 ਜੂਨ 1908 ਨੂੰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਅਖੰਡ ਪਾਠ ਉਪਰੰਤ ਕੀਰਤਨ ਤੇ ਅਰਦਾਸ ਨਾਲ ਬੈਂਕ ਦਾ ਆਰੰਭ ਹੋਇਆ। ਭਾਈ ਵੀਰ ਸਿੰਘ, ਸ੍ਰ. ਸੁੰਦਰ ਸਿੰਘ ਮਜੀਠੀਆ ਆਦਿ ਸ਼ਖਸੀਅਤਾਂ ਸ਼ਾਮਲ ਹੋਈਆਂ। ਸ੍ਰ. ਤਰਲੋਚਨ ਸਿੰਘ ਹੁਰਾਂ ਨੂੰ ਬੈਂਕ ਸੰਚਾਲਨ ਦੀ ਜ਼ਿੰਮੇਵਾਰੀ ਸੌਂਪੀ ਗਈ। ਪੁਰਾਤਨ ਇਤਿਹਾਸ ਦਾ ਜ਼ਿਕਰ ਕਰਦਿਆਂ ਉਨ੍ਹਾਂ ਦੱਸਿਆ ਕਿ ਖਾਲਸਾ ਰਾਜ ਦੇ ਜਾਣ ਤੋਂ ਬਾਅਦ ਸੰਨ 1849 ਵਿੱਚ ਸਿੱਖ ਕੌਮ ਮਾਯੂਸੀ ਦੇ ਮਾਹੌਲ ਵਿਚ ਚਲੀ ਗਈ ਜਦੋਂ ਗੁਰਦੁਆਰੇ ਅਤੇ ਸਾਰੇ ਮੰਚ ਕੌਮ ਦੇ ਹੱਥੋਂ ਨਿਕਲ ਗਏ। ਅੰਮ੍ਰਿਤਸਰ ਵਿਚ 1852 ਵਿਚ ਮਿਸ਼ਨ ਸਕੂਲ ਸ਼ੁਰੂ ਹੋਇਆ, ਆਰੀਆ ਸਮਾਜ ਵਲੋਂ ਵੀ ਹਮਲੇ ਹੋਏ। 1873 ਦਾ ਐਸਾ ਸਾਲ ਸੀ ਜੋ ਸਿੱਖ ਪੰਥ ਵਿਚ ਵੱਡੀਆਂ ਤਬਦੀਲੀਆਂ ਹੋਈਆਂ। ਚਾਰ ਸਿੱਖ ਨੌਜਵਾਨਾਂ ਨੇ ਈਸਾਈ ਧਰਮ ਧਾਰਨ ਕਰਨ ਦਾ ਐਲਾਨ ਕੀਤਾ। ਇਸ ਸਮੇਂ ਗਿ. ਦਿੱਤ ਸਿੰਘ, ਭਾਈ ਕਾਨ੍ਹ ਸਿੰਘ ਨਾਭਾ ਪ੍ਰੋ. ਗੁਰਮੁੱਖ ਸਿੰਘ ਆਦਿ ਦੀਆਂ ਲਿਖਤਾਂ ਨੇ ਜਾਗ੍ਰਤੀ ਲਿਆਂਦੀ ਤੇ ਸਿੰਘ ਸਭਾ ਲਹਿਰ ਆਰੰਭ ਹੋਈ ਅਤੇ ਸਿੱਖ ਕੌਮ ਦੇ ਦੋ ਕੇਂਦਰ ਅੰਮ੍ਰਿਤਸਰ ਅਤੇ ਲਾਹੌਰ ਸਥਾਪਤ ਹੋਏ। ਗੁਰਮਤਿ, ਪੰਜਾਬੀ ਅਤੇ ਸਿੱਖ ਮੁੱਦਿਆਂ ਦੇ ਵਿਕਾਸ ਦੇ ਨਿਸ਼ਾਨੇ ਰੱਖੇ ਗਏ। ਚੀਫ਼ ਖਾਲਸਾ ਦੀਵਾਨ ਵੀ ਇਸ ਸਮੇਂ ਹੀ ਸਥਾਪਤ ਹੋਇਆ।
ਸਰਦਾਰ ਮੱਖਣ ਸਿੰਘ ਹੁਰਾਂ ਪੰਜਾਬ ਸਿੰਧ ਬੈਂਕ ਦੇ ਲੰਬੇ ਸਫ਼ਰ ਦੇ ਨਾਲ ਜੁੜੀਆਂ ਘਟਨਾਵਾਂ ਦਾ ਵਿਸਥਾਰ ਨਾਲ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਸੰਨ 1913, 1920, 1930, ਦੂਜੀ ਸੰਸਾਰ ਜੰਗ 1939-45 ਦੌਰਾਨ ਕਈ ਔਕੜਾਂ ਆਈਆਂ ਪਰ ਪੰਜਾਬ ਸਿੰਧ ਬੈਂਕ ਦੀ ਸਥਿਤੀ ਕਾਇਮ ਰਹੀ। ਜਦੋਂ 1940 ਵਿਚ ਸਰ ਸਿਕੰਦਰ ਹਯਾਤ ਖਾਂ ਦੀ ਸਰਕਾਰ ਵੱਲੋਂ ਸ੍ਰ. ਸੁੰਦਰ ਸਿੰਘ ਮਜੀਠੀਆ ਜਿੱਤ ਗਏ ਪਰ ਸਮੇਂ ਨਾਲ ਸ੍ਰ. ਤਰਲੋਚਨ ਸਿੰਘ ਤੇ ਮਜੀਠੀਆ ਹੁਰਾਂ ਦਾ ਵਿਛੋੜਾ ਹੋਇਆ। ਇਸ ਉਪਰੰਤ ਡਾਕਟਰ ਬਲਬੀਰ ਸਿੰਘ ਹੁਰਾਂ ਨੂੰ ਬੈਂਕ ਦੀ ਜ਼ਿੰਮੇਵਾਰੀ ਸੌਂਪੀ ਗਈ। ਦੇਸ਼ ਦੀ ਅਜ਼ਾਦੀ ਉਪਰੰਤ 1960 ਵਿੱਚ ਭਾਈ ਬਲਬੀਰ ਸਿੰਘ ਹੁਰਾਂ ਬੈਂਕ ਦੇ ਕਾਰਜ ਤੋਂ ਹਟਣ ਦੀ ਬੇਨਤੀ ਕੀਤੀ।
ਉਨ੍ਹਾਂ ਹੋਰ ਦੱਸਿਆ ਕਿ ਇਸ ਸਮੇਂ ਆਰ. ਬੀ. ਆਈ. ਦੇ ਨਵੇਂ ਆਦੇਸ਼ਾਂ ਅਨੁਸਾਰ ਨਵੇਂ ਚੇਅਰਮੈਨ ਲੱਭਦੇ ਲੱਭਦੇ ਸ੍ਰ. ਇੰਦਰਜੀਤ ਸਿੰਘ ਹੁਰਾਂ ਦੀ ਭਾਲ ਕੀਤੀ ਗਈ। ਇਸ ਸਮੇਂ ਬੈਂਕ ਪਾਸ ਕੇਵਲ 1 ਕਰੋੜ 88 ਲੱਖ ਦੀ ਜਮ੍ਹਾਂ ਪੂੰਜੀ ਸੀ ਅਤੇ ਕੇਵਲ 13 ਬਰਾਂਚਾਂ ਹੀ ਸਨ। ਸਰਦਾਰ ਇੰਦਰਜੀਤ ਸਿੰਘ ਹੁਰਾਂ ਨੇ ਸਟਾਫ ਨੂੰ ਪ੍ਰੇਰਨਾ ਕੀਤੀ ਤੇ ਇਕ ਸਾਲ ਵਿੱਚ ਸਟਾਫ ਨੂੰ ਸਪੈਸ਼ਲ ਇਨਕਰੀਮੈਂਟ ਦੇ ਦਿੱਤੀ। ਇਸ ਉਪਰੰਤ ਬੈਂਕ ਨੇ ਨਿਰੰਤਰ ਤਰੱਕੀ ਦੀਆਂ ਮੰਜ਼ਿਲਾਂ ਵੱਲ ਵਧਣਾ ਸ਼ੁਰੂ ਕੀਤਾ। ਸਾਰੀਆਂ ਸ਼ਤਾਬਦੀਆਂ ਸਮੇਂ ਬੈਂਕ ਨੇ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਵੱਡੇ ਕਾਰਜ ਕੀਤੇ। ਅੰਮ੍ਰਿਤਸਰ ਵਿਖੇ ਰਜਿਸਟਰਡ ਆਫਿਸ ਸੀ ਤੇ ਦਿੱਲੀ ਕਨਾਟ ਪਲੇਸ ਵਿਚ ਬੈਂਕ ਦੀ ਬਰਾਂਚ ਆਰੰਭੀ। ਸ੍ਰ. ਅਵਤਾਰ ਸਿੰਘ ਬੱਗਾ, ਸ੍ਰ. ਹਰਭਜਨ ਸਿੰਘ, ਸ੍ਰ. ਦਲਬੀਰ ਸਿੰਘ, ਸ੍ਰ. ਭਾਗ ਸਿੰਘ, ਸ੍ਰ. ਕੁਲਵੰਤ ਸਿੰਘ ਤੇ ਹੋਰ ਸਮਰਪਿਤ ਸਟਾਫ ਭਰਤੀ ਕਰਕੇ ਬੈਂਕ ਦਾ ਵਿਸਥਾਰ ਕੀਤਾ।
ਉਨ੍ਹਾਂ ਬੈਂਕ ਵਲੋਂ ਪੰਜਾਬ ਅਤੇ ਦੇਸ਼ ਦੇ ਵਿਕਾਸ ਵਿਚ ਸਮੇਂ ਸਮੇਂ ‘ਤੇ ਪਾਏ ਯੋਗਦਾਨ ਦਾ ਵਿਸਥਾਰ ਨਾਲ ਉਦਾਹਰਣਾਂ ਦੇ ਕੇ ਜ਼ਿਕਰ ਕੀਤਾ। ਡਾ. ਇੰਦਰਜੀਤ ਸਿੰਘ ਹੁਰਾਂ ਦੀ ਮਿਕਨਾਤੀਸੀ ਸ਼ਖਸੀਅਤ ਦੇ ਵੱਖ ਵੱਖ ਪਹਿਲੂਆਂ ਉਤੇ ਰੌਸ਼ਨੀ ਪਾਈ। ਪੰਜਾਬ ਐਂਡ ਸਿੰਧ ਬੈਂਕ ਦੇ ਕੈਲੰਡਰਾਂ ਰਾਹੀਂ ਸਿੱਖ ਇਤਿਹਾਸ ਤੇ ਗੁਰਧਾਮਾਂ ਦੀ ਜਾਣਕਾਰੀ, ਸ਼ਤਾਬਦੀਆਂ ਅਤੇ ਕਾਰ ਸੇਵਾ ਵੇਲੇ ਸੇਵਾਵਾਂ ਬਾਰੇ ਦੱਸਿਆ। ਉਨ੍ਹਾਂ ਪੰਜਾਬ ਦੇ ਪੇਂਡੂ ਖੇਤਰਾਂ ਅਤੇ ਛੋਟੇ ਪੈਮਾਨੇ ਦੇ ਉਦਯੋਗਾਂ ਦੇ ਵਿਕਾਸ ਲਈ ਬੈਂਕ ਦੇ ਯੋਗਦਾਨ ਦਾ ਵਰਨਣ ਵੀ ਕੀਤਾ। ਸੰਨ 1980 ਵਿਚ ਬੈਂਕ ਦਾ ਰਾਸ਼ਟਰੀਕਰਣ ਹੋਇਆ ਪਰ ਬੈਂਕ ਨੇ ਆਪਣੀ ਸੀਰਤ ਤੇ ਸੂਰਤ ਉਸੇ ਤਰ੍ਹਾਂ ਕਾਇਮ ਰੱਖਣ ਵਿਚ ਸਫਲਤਾ ਹਾਸਲ ਕੀਤੀ। ਉਨ੍ਹਾਂ ਡਾ. ਇੰਦਰਜੀਤ ਸਿੰਘ ਜੀ ਦੇ ਰੀਟਾਇਰ ਹੋਣ ਤੋਂ ਬਾਅਦ ਵੱਖ ਵੱਖ ਸਮੇਂ ‘ਤੇ ਰਹੇ ਚੇਅਰਮੈਨ ਵਿਸ਼ੇਸ਼ ਕਰਕੇ ਸ੍ਰ.ਅਵਤਾਰ ਸਿੰਘ ਬੱਗਾ, ਸ੍ਰ.ਐਮ ਐਸ ਚਾਹਲ IAS, ਸ੍ਰ. ਕੰਵਲਜੀਤ ਸਿੰਘ ਬੈਂਸ IAS, ਸ੍ਰ. ਸੁਰਿੰਦਰ ਸਿੰਘ ਕੋਹਲੀ, ਸ੍ਰ. ਨਰਿੰਦਰ ਸਿੰਘ ਗੁਜਰਾਲ, ਸ੍ਰ. ਆਰ ਪੀ ਸਿੰਘ IAS, ਸ੍ਰ. ਜਤਿੰਦਰਬੀਰ ਸਿੰਘ IAS ਅਤੇ ਮੌਜੂਦਾ ਚੇਅਰਮੈਨ ਡਾ.ਚਰਨ ਸਿੰਘ ਦੇ ਯੋਗਦਾਨ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਕੀਤਾ। ਉਨ੍ਹਾਂ ਮਾਣ ਨਾਲ ਦੱਸਿਆ ਕਿ ਪੰਜਾਬ ਐਂਡ ਸਿੰਧ ਬੈਂਕ ਨੇ ਦੇਸ਼ ਦੇ ਵੱਖ ਵੱਖ ਸਰਕਾਰੀ ਬੈਂਕਾਂ ਦੀ ਅਗਵਾਈ ਲਈ 12 ਚੇਅਰਮੈਨ ਤੇ ਐਗਜੈਕਟਿਵ ਡਾਇਰੈਕਟਰ ਦਿੱਤੇ। ਬੈਂਕ ਦੇ ਭਵਿੱਖ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਫੇਰ ਨਵਾਂ ਬੈਂਕ ਆਰੰਭ ਕਰਨ ਲਈ ਸਿਰ ਕੱਢ ਸਿੱਖ ਹਸਤੀਆਂ ਤੇ ਸਾਬਕਾ ਬੈਂਕਰਾਂ ਨੂੰ ਸਿਰ ਜੋੜਣ ਦੀ ਲੋੜ ਹੈ ਤੇ ਬੈਂਕ ਦੀ ਸਥਾਪਨਾ ਲਈ ਪੰਜ ਸੌ ਕਰੋੜ ਦੀ ਰਾਸ਼ੀ ਕੋਈ ਵੱਡੀ ਗੱਲ ਨਹੀਂ।
ਬੈਂਕ ਦੇ ਸਾਬਕਾ ਡਾਇਰੈਕਟਰ ਤੇ ਜਨਰਲ ਮੈਨੇਜਰ (ਰੀਟਾ) ਸ੍ਰ. ਮਨਜੀਤ ਸਿੰਘ ਸਾਰੰਗ ਹੁਰਾਂ ਸ੍ਰ. ਮੱਖਣ ਸਿੰਘ ਜੀ ਦੇ ਭਾਸ਼ਣ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਨਵਾਂ ਬੈਂਕ ਖੋਲਣ ਲਈ ਯਤਨ ਕਰਨੇ ਜ਼ਰੂਰੀ ਹਨ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਯਤਨ ਕਰਨ ਨਾਲ ਕੋਈ ਸਕਾਰਾਤਮਕ ਨਤੀਜੇ ਸਾਹਮਣੇ ਆ ਸਕਦੇ ਹਨ। ਬੈਂਕ ਦੇ ਡਾਇਰੈਕਟਰ ਸ੍ਰ. ਹਰਸ਼ਬੀਰ ਸਿੰਘ ਹੁਰਾਂ ਵੀ ਨਵਾਂ ਬੈਂਕ ਆਰੰਭ ਕਰਨ ਲਈ ਜਾਂ ਪੀ. ਐਸ. ਬੀ. ਨੂੰ ਦੁਬਾਰਾ ਹੱਥਾਂ ਵਿਚ ਲੈਣ ਲਈ ਉਤਸ਼ਾਹਿਤ ਕੀਤਾ। ਸਾਬਕਾ ਡੀ. ਜੀ. ਐਮ. ਸ੍ਰ. ਪਰਮਪਾਲ ਸਿੰਘ ਸੋਢੀ ਨੇ ਵੀ ਵਿਚਾਰਾਂ ਦੀ ਪ੍ਰੋੜ੍ਹਤਾ ਕੀਤੀ। ਸਟੱਡੀ ਸਰਕਲ ਦੇ ਚੇਅਰਮੈਨ ਸ੍ਰ. ਜਤਿੰਦਰਪਾਲ ਸਿੰਘ ਨੇ ਸਾਰੀ ਚਰਚਾ ਨੂੰ ਸਮਅੱਪ ਕਰਦਿਆਂ ਬੈਂਕ ਦੇ ਇਤਿਹਾਸਕ ਵਿਰਸੇ ਨੂੰ ਸੰਭਾਲਣ ਲਈ ਇਸ ਦਿਸ਼ਾ ਵੱਲ ਸਾਰਥਕ ਯਤਨ ਕਰਨ ਦਾ ਸੱਦਾ ਦਿੱਤਾ।
ਅੰਤ ਵਿਚ ਸ੍ਰ. ਜਸਪਾਲ ਸਿੰਘ ਜਨਰਲ ਸਕੱਤਰ, ਗੁਰੂ ਰਾਮ ਦਾਸ ਆਰਥਿਕ ਵਿਕਾਸ ਕੇਂਦਰ ਹੁਰਾਂ ਧੰਨਵਾਦੀ ਸ਼ਬਦ ਕਹਿੰਦਿਆਂ ਸ੍ਰ. ਮੱਖਣ ਸਿੰਘ ਹੁਰਾਂ ਨੂੰ ਆਰਥਿਕ ਜਰਨੈਲ ਗਰਦਾਨਿਆਂ। ਉਨ੍ਹਾਂ ਕਿਹਾ ਕਿ ਸ੍ਰ. ਮੱਖਣ ਸਿੰਘ ਹੁਰਾਂ ਨੇ ਇਹ ਸਿੱਧ ਕੀਤਾ ਹੈ ਕਿ ਆਰਥਿਕ ਸ਼ਕਤੀ ਮਿਲਟਰੀ ਸ਼ਕਤੀ ਤੋਂ ਵੀ ਵੱਧ ਹੈ। ਸ੍ਰ. ਹਰਮੋਹਿੰਦਰ ਸਿੰਘ ਨੰਗਲ ਹੁਰਾਂ ਇਸ ਵੈਬੀਨਾਰ ਦਾ ਬਾਖੂਬੀ ਤਕਨੀਕੀ ਸੰਚਾਲਨ ਕੀਤਾ।
ਵੈਬੀਨਾਰ ਵਿੱਚ ਹੋਰਨਾਂ ਤੋਂ ਇਲਾਵਾ ਸਾਬਕਾ ਚੇਅਰਮੈਨ ਸ੍ਰ. ਸੁਰਿੰਦਰ ਸਿੰਘ ਕੋਹਲੀ, ਸ੍ਰ. ਪ੍ਰਤਾਪ ਸਿੰਘ, ਸ੍ਰ. ਗੁਰਚਰਨ ਸਿੰਘ ਅੰਮ੍ਰਿਤਸਰ, ਸ੍ਰ. ਤੇਜਿੰਦਰ ਸਿੰਘ ਖਿਜ਼ਰਾਬਾਦੀ, ਡਾ.ਜੀ. ਐਸ. ਕੈਂਥ ਆਈ. ਆਈ. ਟੀ. ਖੜਗਪੁਰ, ਡਾ. ਬਲਵਿੰਦਰਪਾਲ ਸਿੰਘ, ਸ੍ਰ. ਹਰਭਜਨ ਸਿੰਘ ਸਪਰਾ, ਸ੍ਰ. ਰਣਧੀਰ ਸਿੰਘ ਵੀ ਸ਼ਾਮਲ ਸਨ।

ਮਾਸਟਰ ਤਾਰਾ ਸਿੰਘ ਦਾ ਜੀਵਨ ਸੱਚੇ ਅਰਥਾਂ ਵਿਚ ਪੰਥਕ ਤੇ ਪ੍ਰੇਰਨਾਮਈ ਸੀ !

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪੰਥ ਰਤਨ ਮਾਸਟਰ ਤਾਰਾ ਸਿੰਘ ਜੀ ਦੇ ਜਨਮ ਦਿਵਸ ‘ਤੇ ਵੈਬੀਨਾਰ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਆਰਗੇਨਾਈਜੇਸ਼ਨਲ ਵਰਕਿੰਗ ਕੌਂਸਲ ਵਲੋਂ ਅੱਜ 24 ਜੂਨ, 2020 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਪੰਥ ਰਤਨ ਸ੍ਰੀਮਾਨ ਮਾਸਟਰ ਤਾਰਾ ਸਿੰਘ ਜੀ ਦੇ ਜਨਮ ਦਿਨ ਮੌਕੇ “ਮਾਸਟਰ ਤਾਰਾ ਸਿੰਘ ਜੀ-ਜੀਵਨ ਅਤੇ ਸਾਹਿਤਕ ਦੇਣ” ਵਿਸ਼ੇ ਸਬੰਧੀ ਵਿਸ਼ੇਸ਼ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪ੍ਰੋ. ਜਸਪ੍ਰੀਤ ਕੌਰ, ਸਹਾਇਕ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀ. ਸ੍ਰੀ ਅੰਮ੍ਰਿਤਸਰ ਅਤੇ ਮੀਤ ਪ੍ਰਧਾਨ ਸਾਹਿਤਕਾਰ ਸਦਨ ਵਿਸ਼ੇਸ਼ ਬੁਲਾਰੇ ਵਜੋਂ ਸ਼ਾਮਲ ਹੋਏ। ਆਰੰਭ ਵਿੱਚ ਸਵਾਗਤੀ ਸ਼ਬਦ ਕਹਿੰਦਿਆਂ ਸ੍ਰ. ਬਲਜੀਤ ਸਿੰਘ ਉਪ ਚੇਅਰਮੈਨ ਹੁਰਾਂ ਮਾਸਟਰ ਜੀ ਦੇ ਜੀਵਨ ‘ਚੋਂ ਹਵਾਲੇ ਦਿੱਤੇ ਅਤੇ ਉਹਨਾਂ ਦੇ ਜੀਵਨ ਨੂੰ ਪ੍ਰੇਰਨਾਮਈ ਦੱਸਿਆ।
ਆਪਣੇ ਸੰਬੋਧਨ ਵਿਚ ਪ੍ਰੋ. ਜਸਪ੍ਰੀਤ ਕੌਰ ਹੁਰਾਂ ਦੱਸਿਆ ਕਿ ਮਾਸਟਰ ਜੀ ਦਾ ਜਨਮ ਰਾਵਲ ਪਿੰਡੀ ਪਾਕਿਸਤਾਨ ਵਿਚ 1885 ਵਿਚ ਸਹਿਜਧਾਰੀ ਪਰਿਵਾਰ ਵਿਚ ਹੋਇਆ। ਆਪ ਬਚਪਨ ਤੋਂ ਹੀ ਬੜੇ ਤੇਜ਼ ਦਿਮਾਗ ਵਾਲੇ ਸਨ। ਆਪ ਨੇ ਸੈਕੰਡਰੀ ਵਿਦਿਆ ਰਾਵਲ ਪਿੰਡੀ ਤੋਂ ਅਤੇ ਬੀ.ਏ. ਖਾਲਸਾ ਕਾਲਜ, ਅੰਮ੍ਰਿਤਸਰ ਤੋਂ ਕੀਤੀ। ਮਾਸਟਰ ਜੀ ਆਪਣੇ ਪਰਿਵਾਰ ਵਿਚ ਸਿੱਖ ਸੱਜਣ ਵਾਲੇ ਪਹਿਲੇ ਮੈਂਬਰ ਸਨ। ਆਪ ਨੇ ਹੋਸ਼ ਸੰਭਾਲਦਿਆਂ ਹੀ ਗੁਰਦੁਆਰਾ ਸੁਧਾਰ ਲਹਿਰਾਂ ਵਿਚ ਸ਼ਾਮਲ ਹੋ ਕੇ ਆਪਣੀ ਸਾਰੀ ਜ਼ਿੰਦਗੀ ਕੌਮ ਦੇ ਲੇਖੇ ਲਾਉਣ ਦਾ ਨਿਰਣਾ ਲਿਆ। ਆਪ ਧਾਰਮਿਕ ਆਗੂ ਸਨ ਜਿਨ੍ਹਾਂ ਰਾਜਨੀਤੀ ਵਿਚ ਡੂੰਘਾ ਪ੍ਰਭਾਵ ਪਾਇਆ। ਸੰਨ 1930 ਤੋਂ ਮਾਸਟਰ ਜੀ ਨੇ ਮੂਹਰਲੀ ਕਤਾਰ ਵਿਚ ਆਗੂਆਂ ਵਾਲਾ ਰੋਲ ਅਦਾ ਕੀਤਾ। ਪਹਿਲਾਂ 1947 ਵਿਚ ਤੇ ਫੇਰ ਆਜ਼ਾਦ ਭਾਰਤ ਵਿਚ ਪੰਥਕ ਹੱਕਾਂ ਦੀ ਰਾਖੀ ਤੇ ਚੜ੍ਹਦੀ ਕਲਾ ਲਈ ਆਪਣਾ ਭਰਪੂਰ ਯੋਗਦਾਨ ਪਾਇਆ।
ਆਪਣੇ ਸੰਬੋਧਨ ਵਿਚ ਪ੍ਰੋ. ਜਸਪ੍ਰੀਤ ਕੌਰ ਹੁਰਾਂ ਇਹ ਭਰਮ ਦੂਰ ਕੀਤਾ ਕਿ ਮਾਸਟਰ ਜੀ ਨੇ ਅੰਗਰੇਜ਼ਾਂ ਵੱਲੋਂ ਸਿੱਖਾਂ ਨੂੰ ਵੱਖਰਾ ਦੇਸ਼ ਮਿਲਣ ਵੇਲੇ ਨਾਂਹ ਕੀਤੀ। ਵੱਖ ਵੱਖ ਤੱਥਾਂ ਦੇ ਆਧਾਰ ‘ਤੇ ਉਨ੍ਹਾਂ ਦੱਸਿਆ ਕਿ ਅਜਿਹਾ ਕੋਈ ਸਮਝੌਤਾ ਨਹੀਂ ਸੀ ਕਿ ਅੰਗਰੇਜ਼ਾਂ ਨੇ ਸਿੱਖਾਂ ਨੂੰ ਪੰਜਾਬ ਵਾਪਸ ਦੇ ਕੇ ਜਾਣਾ ਸੀ। ਤਤਕਾਲੀ ਹਾਲਾਤਾਂ ਦੇ ਮੱਦੇਨਜ਼ਰ ਸਿੱਖਾਂ ਨੇ ਪਾਕਿਸਤਾਨ ਨਾਲ ਜਾਣ ਤੋਂ ਨਾਂਹ ਕੀਤੀ ਕਿਉਂਕਿ ਸਿੱਖ 13% ਤੋਂ ਕੁੱਝ ਹੀ ਵੱਧ ਸਨ। ਇਸ ਤੋਂ ਇਲਾਵਾ ਪੰਜਾਬ ਦੇ ਕਿਸੇ ਇਕ ਜ਼ਿਲ੍ਹੇ ਵਿਚ ਸਿੱਖਾਂ ਦੀ ਬਹੁਗਿਣਤੀ ਨਹੀਂ ਸੀ। ਉਨ੍ਹਾਂ ਇਹ ਵੀ ਦੱਸਿਆ ਕਿ ਸਿੱਖ ਸਟੇਟਾਂ ਦੀ ਆਪਸ ਵਿਚ ਖਿਚੋਤਾਣ ਸੀ। ਮਹਾਰਾਜੇ ਆਪਣੀ ਰਾਜਨੀਤੀ ਵਿਚ ਰੁੱਝੇ ਹੋਣ ਕਰਕੇ ਇਕੱਠੇ ਨਹੀਂ ਹੋ ਸਕੇ। ਸਿੱਖਾਂ ਦੇ ਆਗੂਆਂ ਵਿਚ ਬੁਰਛਾ ਗਰਦੀ ਵਧਣ ਦੀ ਗੱਲ ਮਾਸਟਰ ਜੀ ਨੇ ਕੀਤੀ ਜਿਸ ਕਰਕੇ ਪੰਜਾਬ ਅਤੇ ਸਿੱਖਾਂ ਦੇ ਹੱਕਾਂ ਦੀ ਗੱਲ ਅੱਗੇ ਨਾ ਵਧੀ।
ਆਪਣੇ ਵਿਸ਼ੇ ਦਾ ਵਿਸਥਾਰ ਕਰਦਿਆਂ ਮੁੱਖ ਬੁਲਾਰੇ ਨੇ ਦੱਸਿਆ ਕਿ ਮਾਸਟਰ ਜੀ ਨੇ ਪੰਜਾਬ ਦੀ ਵੰਡ ਵੇਲੇ ਜੋ ਭੂਮਿਕਾ ਨਿਭਾਹੀ, ਉਹ ਬਹੁਤ ਇਤਿਹਾਸਕ ਰਹੀ। ਪੰਜਾਬ ਅਸੈਂਬਲੀ ਦੇ ਬਾਹਰ ਮਾਸਟਰ ਜੀ ਨੇ ਆਪਣੀ ਕ੍ਰਿਪਾਨ ਲਹਿਰਾ ਕੇ ਪਾਕਿਸਤਾਨ ਦਾ ਵਿਰੋਧ ਕੀਤਾ। ਇਥੋਂ ਹੀ ਮੁਸਲਮਾਨਾਂ ਵੱਲੋਂ ਸਿੱਖਾਂ ਨੂੰ ਚੁਣ ਚੁਣ ਕੇ ਸਾਜਿਸ਼ ਨਾਲ ਮਾਰਿਆ ਗਿਆ ਜਿਨ੍ਹਾਂ ਦੀ ਗਿਣਤੀ ਤਿੰਨ ਹਜ਼ਾਰ ਸੀ। ਕਿਸੇ ਵੀ ਮੁਸਲਮਾਨ ਨੇ ਇਨ੍ਹਾਂ ਕਤਲਾਂ ਦੀ ਨਿੰਦਾ ਨਹੀਂ ਕੀਤੀ। ਮੁਸਲਿਮ ਲੀਡਰਸ਼ਿਪ ਮਾਸਟਰ ਜੀ ਤੋਂ ਨਾਰਾਜ਼ ਹੀ ਰਹੀ। ਅੰਗਰੇਜ਼ ਨੇ ਕਦੇ ਵੀ ਸਿੱਖਾਂ ਨਾਲ ਸਿੱਧੀ ਗੱਲ ਨਹੀਂ ਕੀਤੀ, ਸਗੋਂ ਸਿੱਖਾਂ ਤੇ ਹਿੰਦੂਆਂ ਵਿਚ ਸਮਝੌਤਾ ਕਰਵਾਉਣ ਦੀ ਰੁਚੀ ਰਹੀ।
ਪ੍ਰੋ. ਜਸਪ੍ਰੀਤ ਕੌਰ ਹੁਰਾਂ ਮਾਸਟਰ ਜੀ ਦੇ ਸਾਹਿਤਕ ਯੋਗਦਾਨ ਦਾ ਵੀ ਵਰਨਣ ਕੀਤਾ। ਉਨ੍ਹਾਂ ਦੱਸਿਆ ਕਿ ਇਹਨਾਂ ਲਿਖਤਾਂ ਵਿਚ ਮੇਰਾ ਸਫ਼ਰਨਾਮਾ, ਨਾਵਲ ਬਾਬਾ ਤੇਗਾ ਸਿੰਘ, ਅੰਗਰੇਜ਼ਾਂ ਦੀਆਂ ਲਿਖਤਾਂ ਬਾਰੇ ਵਿਸ਼ਲੇਸ਼ਣ, ਪ੍ਰੇਮ ਲਗਨ ਇਤਿਹਾਸਕ ਨਾਵਲ (ਗੁਰਦੁਆਰਾ ਸੁਧਾਰ ਤੇ ਅਕਾਲੀ ਲਹਿਰ ਬਾਰੇ) ਰੌਚਿਕ ਵੀ ਨੇ ਅਤੇ ਨੌਜਵਾਨਾਂ ਵਿਚ ਪੰਥਕ ਜਜ਼ਬਾ ਤੇ ਨੈਤਿਕਤਾ ਭਰਨ ਵਾਲੀਆਂ ਵੀ ਨੇ। ਮਾਸਟਰ ਜੀ ਨੇ ਵਾਰਤਕ ਦੀਆਂ ਵੀ ਕਈ ਅਹਿਮ ਪੁਸਤਕਾਂ ਪਾਠਕਾਂ ਦੀ ਝੋਲੀ ਪਾਈਆਂ। ਉਨ੍ਹਾਂ ਹੋਰ ਦੱਸਿਆ ਕਿ ਅਜ਼ਾਦੀ ਉਪਰੰਤ ਕਈ ਅਕਾਲੀ ਮੋਰਚਿਆਂ ਤੇ ਰਾਜਨੀਤੀ ਵਿਚ ਮਾਸਟਰ ਜੀ ਦਾ ਅਹਿਮ ਯੋਗਦਾਨ ਸੀ। ਜੇ ਮਾਸਟਰ ਜੀ ਰਾਜਨੀਤੀ ਵਿਚ ਨਾ ਆਉਂਦੇ ਤਾਂ ਉਹ ਸਾਹਿਤਕ ਖੇਤਰ ਦੀ ਇਕ ਮੰਨੀ ਪ੍ਰਮੰਨੀ ਹਸਤੀ ਦੇ ਰੂਪ ਵਿਚ ਯੋਗਦਾਨ ਦਿੰਦੇ ਪਰ ਰਾਜਸੀ ਖੇਤਰ ਵਿਚ ਉਨ੍ਹਾਂ ਦਾ ਹਿੱਸਾ ਬੜਾ ਇਤਿਹਾਸਕ ਰਿਹਾ।
ਇਸ ਮੌਕੇ ਪੰਥਕ ਕਵੀ ਡਾ. ਹਰੀ ਸਿੰਘ ਜਾਚਕ ਹੁਰਾਂ ਮਾਸਟਰ ਤਾਰਾ ਸਿੰਘ ਦੇ ਜੀਵਨ ਉੱਤੇ ਜਜ਼ਬੇ ਭਰਪੂਰ ਕਵਿਤਾ ਪੇਸ਼ ਕੀਤੀ। ਇਹ ਕਵਿਤਾ ਬੜੀ ਪ੍ਰਭਾਵਸ਼ਾਲੀ ਸੀ ਜਿਸ ਨੇ ਮਾਸਟਰ ਜੀ ਦੇ ਉੱਚ ਕਿਰਦਾਰ, ਪੰਥਕ ਸਮਰਪਣ, ਦ੍ਰਿੜਤਾ, ਸੰਕਟਾਂ-ਮੁਸੀਬਤਾਂ ਦਾ ਸਿਲਸਲਾ ਸਰੋਤਿਆਂ ਦੇ ਦਿਲਾਂ ਉੱਤੇ ਉਜਾਗਰ ਕਰ ਦਿੱਤਾ।
ਧੰਨਵਾਦੀ ਸ਼ਬਦ ਬੋਲਦਿਆਂ ਚੇਅਰਮੈਨ ਸ੍ਰ. ਜਤਿੰਦਰਪਾਲ ਸਿੰਘ ਹੁਰਾਂ ਪ੍ਰੋ. ਜਸਪ੍ਰੀਤ ਕੌਰ ਹੁਰਾਂ ਦੇ ਭਾਸ਼ਣ ਨੂੰ ਇਤਿਹਾਸਕ ਦੱਸਿਆ। ਉਨ੍ਹਾਂ ਕਿਹਾ ਕਿ ਮਾਸਟਰ ਜੀ ਦਾ ਜੀਵਨ ਜਿੱਥੇ ਪੰਥ ਪ੍ਰਤੀ ਇਮਾਨਦਾਰੀ ਵਾਲਾ ਸੀ ਉਥੇ ਸਾਹਿਤਕ ਜੀਵਨ ਵੀ ਪੰਥਕ ਸੰਘਰਸ਼ ਨਾਲ ਇਕਸੁਰ ਸੀ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹੁੰਦਿਆਂ ਮਾਸਟਰ ਤਾਰਾ ਸਿੰਘ ਹੁਰਾਂ ਇਤਿਹਾਸਕ ਕਾਰਜ ਕੀਤੇ। 22 ਨਵੰਬਰ 1967 ਨੂੰ ਜਦ ਆਪ ਅਕਾਲ ਚਲਾਣਾ ਕਰ ਗਏ ਤਾਂ ਕਵੀ ਦਰਬਾਰ ਵਿਚ ਵਿਧਾਤਾ ਸਿੰਘ ਤੀਰ ਹੁਰਾਂ ਲਿਖਿਆ “ਜਦੋਂ ਕੋਈ ਹੀਰਾ ਕੌਮ ਦਾ ਦੋ ਟਕਿਆਂ ਤੇ ਵਿੱਕ ਜਾਂਦੈ, ਤਾਂ ਗਰਜੋਂ ਕੋਰਿਆ ਸਿੰਘਾ, ਓ ਤੇਰੀ ਯਾਦ ਆਉਂਦੀ ਏ।” ਉਨ੍ਹਾਂ ਹਾਜ਼ਰ ਸਰੋਤਿਆਂ ਨੂੰ ਪ੍ਰੇਰਨਾ ਕੀਤੀ ਕਿ ਅਸੀਂ ਵੀ ਮਾਸਟਰ ਜੀ ਵਾਂਗ ਆਪਣੀਆਂ ਗਰਜਾਂ ਛੱਡੀਏ ਤਾਂ ਜੋ ਸਮੁੱਚੇ ਬ੍ਰਹਿਮੰਡ ਵਿੱਚ ਪੰਥ ਅਤੇ ਸਿੱਖੀ ਦੀ ਚੜ੍ਹਦੀ ਕਲਾ ਹੋਵੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ. ਇੰਦਰਪਾਲ ਸਿੰਘ ਬੰਗਲੌਰ, ਪ੍ਰੋ. ਭਗਵੰਤ ਸਿੰਘ ਸਤਿਆਲ ਰੋਪੜ, ਡਾ. ਇੰਦਰਜੀਤ ਸਿੰਘ ਫਗਵਾੜਾ, ਸ੍ਰ. ਮਹਿੰਦਰਪਾਲ ਸਿੰਘ ਈਸਰੋ ਬੰਗਲੌਰ, ਸ੍ਰ. ਮਨਮੋਹਨ ਸਿੰਘ ਸੈਲਾਨੀ, ਮਾਸਟਰ ਲਖਵਿੰਦਰਪਾਲ ਸਿੰਘ, ਸ੍ਰ. ਗੁਰਜਿੰਦਰ ਸਿੰਘ, ਸ੍ਰ. ਮੱਖਣ ਸਿੰਘ ਨਵੀਂ ਦਿੱਲੀ, ਸ੍ਰ. ਗੁਰਚਰਨ ਸਿੰਘ ਅੰਮ੍ਰਿਤਸਰ, ਸ੍ਰ. ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਸ੍ਰ. ਤੇਜਿੰਦਰ ਸਿੰਘ ਖਿਜ਼ਰਾਬਾਦੀ ਚੀਫ਼ ਸਕੱਤਰ, ਸ੍ਰ. ਜਸਪਾਲ ਸਿੰਘ ਕੋਚ, ਸ੍ਰ. ਬਰਜਿੰਦਰਪਾਲ ਸਿੰਘ ਲਖਨਊ, ਡਾ. ਬਲਵਿੰਦਰਪਾਲ ਸਿੰਘ ਲੁਧਿਆਣਾ, ਡਾ. ਮਨਜੀਤ ਕੌਰ ਜੈਪੁਰ, ਡਾ. ਭੁਪਿੰਦਰ ਕੌਰ ਕਵਿਤਾ, ਡਾ. ਬਲਵਿੰਦਰ ਸਿੰਘ ਵੇਰਕਾ, ਸ੍ਰ. ਵਿਸ਼ਾਲਸਾਜਨ ਸਿੰਘ ਅੰਮ੍ਰਿਤਸਰ, ਸ੍ਰ. ਬਿਕਰਮਜੀਤ ਸਿੰਘ ਰੋਪੜ, ਸ੍ਰ. ਅਜਮੇਰ ਸਿੰਘ ਸੰਗਰੂਰ, ਸ੍ਰ. ਜਸਕੀਰਤ ਸਿੰਘ ਨੰਗਲ, ਸ੍ਰ. ਮਨਪ੍ਰੀਤ ਸਿੰਘ ਨੰਗਲ ਆਦਿ ਹਾਜ਼ਰ ਸਨ। ਵੈਬੀਨਾਰ ਦੀ ਤਕਨੀਕੀ ਅਗਵਾਈ ਸ੍ਰ. ਹਰਮੋਹਿੰਦਰ ਸਿੰਘ ਨੰਗਲ ਹੁਰਾਂ ਕੀਤੀ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਇਤਿਹਾਸ ਅਤੇ ਪ੍ਰਾਪਤੀਆਂ ਸਬੰਧੀ ਵਿਸ਼ੇਸ਼ ਵੈਬੀਨਾਰ

 
ਡਾ. ਰੂਪ ਸਿੰਘ ਚੀਫ਼ ਸਕੱਤਰ, ਸ਼੍ਰੋਮਣੀ ਗੁ. ਪ੍ਰਬੰਧਕ ਕਮੇਟੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ
 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌ ਸਾਲਾ ਸਥਾਪਨਾ ਵਰ੍ਹੇ ਦੇ ਸਮਾਗਮਾਂ ਦੀ ਲੜੀ ਵਿਚ
15 ਜੂਨ ਨੂੰ ਇੱਕ ਉਚੇਚਾ ਵੈਬੀਨਾਰ “ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ-100 ਸਾਲਾ ਇਤਿਹਾਸ ਅਤੇ ਪ੍ਰਾਪਤੀਆਂ” ਵਿਸ਼ੇ ਸਬੰਧੀ ਵੀਡੀਓ ਕਾਨਫਰੰਸਿੰਗ ਰਾਹੀਂ ਕਰਵਾਇਆ ਗਿਆ ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੀਫ਼ ਸਕੱਤਰ ਡਾ. ਰੂਪ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਆਰੰਭ ਵਿੱਚ ਸ੍ਰ. ਹਰਮੋਹਿੰਦਰ ਸਿੰਘ ਨੰਗਲ ਹੁਰਾਂ ਆਰੰਭਕ ਸ਼ਬਦ ਕਹੇ ਅਤੇ ਸੈਮੀਨਾਰ ਦਾ ਪ੍ਰਯੋਜਨ ਦੱਸਿਆ। ਸ੍ਰ. ਇੰਦਰਪਾਲ ਸਿੰਘ, ਡਾਇਰੈਕਟਰ ਓਵਰਸੀਜ਼ ਹੁਰਾਂ ਪ੍ਰੋਗਰਾਮ ਦਾ ਸੰਚਾਲਨ ਕਰਦਿਆਂ ਡਾ. ਰੂਪ ਸਿੰਘ ਹੁਰਾਂ ਦਾ ਸਟੱਡੀ ਸਰਕਲ ਦੇ ਵੇਹੜੇ ਵਿਚ ਪਹੁੰਚਣ ‘ਤੇ ਨਿੱਘਾ ਸਵਾਗਤ ਕੀਤਾ ਅਤੇ ਉਨ੍ਹਾਂ ਦੀਆਂ ਅਕਾਦਮਿਕ ਪ੍ਰਾਪਤੀਆਂ ਤੇ ਪ੍ਰਸ਼ਾਸਨਿਕ ਹਾਸਲਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਵੱਲੋਂ ਲਿਖਤ ਪੁਸਤਕਾਂ ਅਤੇ ਹੋਰਨਾਂ ਸੇਵਾਵਾਂ ਬਾਰੇ ਦੱਸਿਆ। ਉਨ੍ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਇਸ ਵੈਬੀਨਾਰ ਦੀ ਮਹਤੱਤਾ ‘ਤੇ ਚਾਨਣਾ ਵੀ ਪਾਇਆ।
ਕੁੰਜੀਵਤ ਸ਼ਬਦ ਆਰੰਭ ਕਰਦਿਆਂ ਸ੍ਰ. ਜਤਿੰਦਰਪਾਲ ਸਿੰਘ ਚੇਅਰਮੈਨ ਹੁਰਾਂ ਸਿੰਘ ਸਭਾ ਲਹਿਰ, ਅਕਾਲੀ ਲਹਿਰ, ਗੁਰਦੁਆਰਾ ਸੁਧਾਰ ਲਹਿਰ ਆਦਿ ਦਾ ਵਰਨਣ ਕੀਤਾ ਅਤੇ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਨੂੰ ਇਨ੍ਹਾਂ ਲਹਿਰਾਂ ਦੀ ਸਿਖਰ ਪ੍ਰਾਪਤੀ ਦੱਸਿਆ। ਉਨ੍ਹਾਂ ਭਾਈ ਰਣਧੀਰ ਸਿੰਘ ਹੁਰਾਂ ਦੇ ਇਤਿਹਾਸ ਬਾਰੇ ਦੱਸਿਆ ਕਿ ਜਦੋਂ ਉਨ੍ਹਾਂ ਉਪਰ ਜੇਲ੍ਹ ਵਿਚ ਤਸ਼ਦਦ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਸ਼੍ਰੋਮਣੀ ਕਮੇਟੀ ਨੂੰ ਸਾਰਾ ਹਾਲ ਲਿਖਿਆ। ਸ਼੍ਰੋਮਣੀ ਕਮੇਟੀ ਨੇ ਇਕ ਫਰਵਰੀ 1922 ਨੂੰ ਸਾਰੇ ਪੰਥ ਨੂੰ ਅਪੀਲ ਕੀਤੀ ਕਿ 14 ਸਾਲ ਤੋਂ ਉਪਰ ਸਾਰੇ ਜਣੇ ਅਰਦਾਸ ਕਰਨ ਤਾਂ ਕਿ ਜੇਲ੍ਹਾਂ ਵਿਚ ਤਸ਼ਦੱਦ ਝੱਲ ਰਹੇ ਸਿੱਖਾਂ ਦੀ ਰਾਖੀ ਹੋਵੇ। ਉਸ ਸਮੇਂ ਦੀ ਲੀਡਰਸ਼ਿਪ ਕਿੰਨੀ ਸਿਆਣੀ ਸੀ ਜਿਸ ਨੇ ਸਾਰੇ ਗੁਰਧਾਮਾਂ ਦੇ ਪ੍ਰਬੰਧ ਨੂੰ ਇਕ ਕੇਂਦਰ ਵਿਚ ਸਥਾਪਤ ਕੀਤਾ, ਮਰਯਾਦਾ ਦਾ ਏਕੀਕਰਣ ਹੋਇਆ, ਵਿਦਿਆ ਦਾ ਪਸਾਰ ਹੋਇਆ। ਸ਼੍ਰੋਮਣੀ ਕਮੇਟੀ ਦੀ ਸਥਾਪਨਾ ਨਾਲ ਸਾਰੇ ਗੁਰਧਾਮਾਂ ਦੀ ਗੋਲਕ ਦਾ ਮਹੰਤਾਂ ਦੇ ਹੱਥੋਂ ਇਕ ਨਿਯਮਤ ਪ੍ਰਬੰਧ ਵਿਚ ਤਬਦੀਲ ਹੋਇਆ। ਉਨ੍ਹਾਂ ਡਾ. ਰੂਪ ਸਿੰਘ ਹੁਰਾਂ ਦੇ ਕਾਰਜਾਂ ਦੀ ਸ਼ਲਾਘਾ ਵੀ ਕੀਤੀ। ਸ੍ਰ. ਜਤਿੰਦਰਪਾਲ ਸਿੰਘ ਹੁਰਾਂ ਸੁਝਾਅ ਵੀ ਦਿੱਤੇ ਕਿ ਸ਼੍ਰੋਮਣੀ ਕਮੇਟੀ ਦਾ ਇਕ ਅਪਰ ਹਾਊਸ ਬਣਾਇਆ ਜਾਵੇ ਜਿਸ ਵਿੱਚ ਵਿਸ਼ਵ ਪੱਧਰ ‘ਤੇ ਵੱਖ ਵੱਖ ਖੇਤਰਾਂ ਤੋਂ ਸਿੱਖ ਪੰਥ ਦੀਆਂ ਪ੍ਰਮੁੱਖ ਗੁਰਸਿੱਖ ਸ਼ਖ਼ਸੀਅਤਾਂ ਨੂੰ ਸ਼ਾਮਲ ਕੀਤਾ ਜਾਵੇ। ਸ਼੍ਰੋਮਣੀ ਕਮੇਟੀ ਦੇ ਸੈਸ਼ਨ ਇਕ ਦਿਨ ਦੀ ਥਾਂ ਹਫਤੇ ਦੇ ਹੋਣ ਅਤੇ ਦੁਨੀਆਂ ਭਰ ਦੇ ਸਿੱਖਾਂ ਦੀਆਂ ਅਕਾਂਖਿਆਵਾਂ ਦਾ ਧਿਆਨ ਰੱਖਿਆ ਜਾਵੇ।
ਆਪਣੇ ਸੰਬੋਧਨ ਵਿੱਚ ਡਾ. ਰੂਪ ਸਿੰਘ ਹੁਰਾਂ ਗੁਰਦੁਆਰੇ ਨੂੰ ਧਰਮ ਦਾ ਕੇਂਦਰ, ਸੁਰੱਖਿਆ ਦਾ ਗੜ੍ਹ, ਸਿੱਖੀ ਦੀ ਸਿਖਲਾਈ ਤੇ ਸਿੱਖੀ ਦੀ ਕਮਾਈ ਦਾ ਕੇਂਦਰ ਦੱਸਿਆ। ਉਨ੍ਹਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਉਪਰੰਤ ਮਹੰਤਾਂ ਵੱਲੋਂ ਗੁਰਦੁਆਰਿਆਂ ਦੇ ਪ੍ਰਬੰਧ ਦੀਆਂ ਕਮੀਆਂ ਦਾ ਜ਼ਿਕਰ ਵੀ ਕੀਤਾ ਜਿਨ੍ਹਾਂ ਨੂੰ ਦੂਰ ਕਰਨ ਲਈ 1873 ਵਿਚ ਸਿੰਘ ਸਭਾ ਲਹਿਰ, 1902 ਵਿਚ ਚੀਫ਼ ਖਾਲਸਾ ਦੀਵਾਨ ਤੇ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਚੱਲੀਆਂ। ਇਨ੍ਹਾਂ ਸਦਕਾ 15 ਨਵੰਬਰ, 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ।
ਡਾ. ਰੂਪ ਸਿੰਘ ਹੁਰਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ 100 ਸਾਲਾ ਇਤਿਹਾਸ ਦਾ ਵਰਨਣ ਕਰਦਿਆਂ ਮਾਸਟਰ ਤਾਰਾ ਸਿੰਘ, ਸ੍ਰ. ਸੁੰਦਰ ਸਿੰਘ ਮਜੀਠੀਆ, ਸ੍ਰ.ਗੁਰਚਰਨ ਸਿੰਘ ਟੌਹੜਾ, ਸ੍ਰ. ਭਾਨ ਸਿੰਘ, ਸ੍ਰ. ਮਨਜੀਤ ਸਿੰਘ ਕਲਕੱਤਾ ਤੇ ਹੋਰਨਾਂ ਦੇ ਯੋਗਦਾਨ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਵਿੱਚ ਨਨਕਾਣਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ, ਬਾਬੇ ਕੀ ਬੇਰ ਸਿਆਲਕੋਟ ਦਾ ਮੋਰਚਾ, ਜੈਤੋਂ ਦਾ ਮੋਰਚਾ ਆਦਿ ਦਾ ਵੱਡਾ ਯੋਗਦਾਨ ਸੀ। 1925 ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਐਕਟ ਪਾਸ ਹੋ ਗਿਆ। 1926 ਵਿਚ ਪਹਿਲੀ ਚੋਣ ਹੋਈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ ਸ਼੍ਰੋਮਣੀ ਕਮੇਟੀ ਦੇ 195 ਮੈਂਬਰ ਹਨ। ਹਰ ਸਾਲ ਨਵੰਬਰ ਵਿਚ ਨਵੇਂ ਪ੍ਰਧਾਨ ਸਾਹਿਬ ਦੀ ਚੋਣ ਮੈਂਬਰ ਰੱਲ ਕੇ ਕਰਦੇ ਹਨ।
ਉਨ੍ਹਾਂ ਆਪਣੇ ਸੰਬੋਧਨ ਵਿੱਚ ਸ਼੍ਰੋਮਣੀ ਕਮੇਟੀ ਦੇ ਕਾਰਜਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਵਿਸ਼ਾਲ ਕਾਰਜਾਂ ਦੇ ਸਨਮੁੱਖ ਅਲੋਚਨਾ ਵੀ ਹੁੰਦੀ ਹੈ ਤੇ ਇਹ ਕੰਮਾਂ ਦੀ ਬਹੁਲਤਾ ਕਰਕੇ ਕੁਦਰਤੀ ਵੀ ਹੈ। ਸਕਾਰਾਤਮਕ ਅਲੋਚਨਾ ਨਾਲ ਸੁਧਾਰ ਹੁੰਦੇ ਹਨ। ਉਨ੍ਹਾਂ ਬਹੁਤ ਵਿਸਥਾਰ ਨਾਲ ਵੱਖ ਵੱਖ ਅੰਕੜੇ, ਦਾਸਤਾਨਾਂ, ਘਟਨਾਵਾਂ, ਸਿਖਲਾਈ ਪ੍ਰਾਜੈਕਟਾਂ, ਕਾਲਜਾਂ, ਸਿੱਖਿਆ ਸੰਸਥਾਵਾਂ, ਹਸਤੀਆਂ, ਸੰਕਟਾਂ ਤੇ ਸਮਾਧਾਨਾਂ ਦਾ ਵਰਨਣ ਵੀ ਕੀਤਾ। ਉਨ੍ਹਾਂ ਦੱਸਿਆ ਕਿ ਧਾਰਾ 85 ਅਨੁਸਾਰ 85 ਗੁਰਧਾਮਾਂ ਦਾ ਅਤੇ ਧਾਰਾ 87 ਅਨੁਸਾਰ 700 ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲ ਹੈ।
ਉਨ੍ਹਾਂ ਹੋਰ ਦੱਸਿਆ ਕਿ ਗੁਰਦੁਆਰਾ ਗਜ਼ਟ ਜੋ 1927 ਤੋਂ ਲਗਾਤਾਰ ਛਪ ਰਿਹਾ ਹੈ ਜਿਸ ਵਿੱਚ ਮਾਸਿਕ ਆਮਦਨ ਤੇ ਖਰਚੇ ਦਾ ਵੇਰਵਾ ਦਰਜ਼ ਕੀਤਾ ਜਾਂਦਾ ਹੈ। ਇਸ ਸਮੇਂ ਕੁੱਲ 21000 ਤੋਂ ਵੱਧ ਕਰਮਚਾਰੀ ਸੇਵਾਵਾਂ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਨੇ ਪੰਥਕ ਮਰਯਾਦਾ ਨਿਰਧਾਰਤ ਕਰਨ ਦਾ ਵੱਡਾ ਕਾਰਜ ਕੀਤਾ ਹੈ। ਸੰਨ 1952 ਤੋਂ ਸ਼੍ਰੋਮਣੀ ਕਮੇਟੀ ਨੇ ਪ੍ਰਿੰਟਿੰਗ ਦਾ ਕੰਮ ਆਪਣੇ ਹੱਥੀਂ ਲਿਆ ਅਤੇ 1990 ਤੋਂ ਗੋਲਡਨ ਪ੍ਰੈਸ ਰਾਹੀਂ ਜਾਰੀ ਹੈ। ਅੱਜ 13 ਮਿਸ਼ਨਰੀ ਕਾਲਜ ਚੱਲ ਰਹੇ ਹਨ। ਗੁਰਮਤਿ ਪ੍ਰਕਾਸ਼ 65 ਹਜ਼ਾਰ ਦੇ ਲੱਗਭੱਗ ਪ੍ਰਕਾਸ਼ਤ ਹੋ ਰਿਹਾ ਹੈ। ਸ਼੍ਰੋਮਣੀ ਕਮੇਟੀ ਰਾਹੀਂ 1935 ਤੋਂ ਵਿਦਿਅਕ ਅਦਾਰੇ ਆਰੰਭ ਕੀਤੇ ਗਏ ਜਿਨ੍ਹਾਂ ਵਿੱਚ ਅੱਜ ਦੋ ਮੈਡੀਕਲ ਕਾਲਜ, ਦੋ ਇੰਜੀਨਿਰਿੰਗ ਕਾਲਜ, ਦੋ ਯੂਨੀਵਰਸਿਟੀਆਂ ਅਤੇ 113 ਸਕੂਲ ਕਾਲਜ ਚੱਲ ਰਹੇ ਹਨ।
ਉਨ੍ਹਾਂ ਮੌਜੂਦਾ ਮਹਾਮਾਰੀ ਸਮੇਂ ਲੰਗਰ ਸੇਵਾਵਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ ਕੁਦਰਤੀ ਆਫਤਾਂ ਸਮੇਂ ਬਿਨਾ ਕਿਸੇ ਵਿਤਕਰੇ ਦੇ ਕਿਸੇ ਵੀ ਥਾਂ ‘ਤੇ ਜਾ ਕੇ ਲੰਗਰ ਲਾਉਂਦੀ ਹੈ ਤੇ ਸਹਾਇਤਾ ਵਸਤਾਂ ਪਹੁੰਚਾਉਂਦੀ ਹੈ। ਸ਼੍ਰੋਮਣੀ ਕਮੇਟੀ ਸੰਸਾਰ ਭਰ ਦੀਆਂ ਸਿੱਖ ਸੰਸਥਾਵਾਂ ਨਾਲ ਸਹਿਯੋਗ ਵੀ ਕਰਦੀ ਹੈ। ਉਨ੍ਹਾਂ ਗੁਰਬਾਣੀ ਮਰਿਯਾਦਾ ਅਤੇ ਸਿੱਖ ਸੰਸਥਾਵਾਂ ਦੀ ਰਾਖੀ ਕਰਨ ਦੀ ਅਪੀਲ ਕਰਦਿਆਂ ਸਟੱਡੀ ਸਰਕਲ ਨੂੰ ਸ਼੍ਰੋਮਣੀ ਕਮੇਟੀ ਦੀਆਂ ਪ੍ਰਾਪਤੀਆਂ ਸਬੰਧੀ ਹੋਰ ਵੀ ਵੱਖਰੇ ਸੈਮੀਨਾਰ ਕਰਵਾਉਣ ਲਈ ਕਿਹਾ। ਇਸ ਸਮੇਂ ਸ੍ਰ. ਹਰਸਿਮਰਨ ਸਿੰਘ ਅਨੰਦਪੁਰ ਸਾਹਿਬ ਹੁਰਾਂ ਅਗਲੇ ਸੌ ਸਾਲਾਂ ਦੀ ਯੋਜਨਾ ਤਿਆਰ ਕਰਨ ਅਤੇ ਪੰਥਕ ਆਸ਼ਿਆਂ ਅਨੁਸਾਰ ਨੀਤੀ ਨਿਰਧਾਰਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ।
ਅਖੀਰ ਵਿਚ ਸਾਬਕਾ ਚੇਅਰਮੈਨ ਸ੍ਰ. ਪ੍ਰਤਾਪ ਸਿੰਘ ਹੁਰਾਂ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਰੂਪ ਵਿਚ ਵੱਡੀ ਸ਼ਕਤੀ ਸਾਡੇ ਕੋਲ ਮੌਜੂਦ ਹੈ। ਕਮੇਟੀ ਦੇ ਕੋਲ ਉਨ੍ਹਾਂ ਸਭ ਗੁਰਦੁਆਰਿਆਂ ਦਾ ਪ੍ਰਬੰਧ ਹੈ ਜਿਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਤੇ ਉਹ ਸਾਡੇ ਗੁਰਧਾਮ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਬਿਨਾਂ ਇਸ ਪੰਥਕ ਸ਼ਕਤੀ ਤੋਂ ਅਸੀਂ ਦੂਰ ਜਾ ਸਕਦੇ ਸੀ। ਉਨ੍ਹਾਂ ਡਾ. ਰੂਪ ਸਿੰਘ ਹੁਰਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਤੇ ਕਾਰਜਪ੍ਰਬੰਧ ਆਦਰਸ਼ਕ ਹਨ। ਉਨ੍ਹਾਂ ਸਭ ਦਾ ਧੰਨਵਾਦ ਕੀਤਾ।
ਸੈਮੀਨਾਰ ਵਿਚ ਹੋਰਨਾਂ ਤੋਂ ਇਲਾਵਾ ਡਾ. ਕਰਨਲ ਦਲਵਿੰਦਰ ਸਿੰਘ, ਡਾ. ਜੀ. ਐਸ. ਕੈਂਥ, ਸ੍ਰ. ਅਮਰਜੀਤ ਸਿੰਘ, ਸ੍ਰ. ਗੁਰਜਿੰਦਰ ਸਿੰਘ, ਸ੍ਰ. ਬਿਕਰਮਜੀਤ ਸਿੰਘ, ਬੀਬੀ ਮਹਿੰਦਰਪਾਲ ਕੌਰ, ਸ੍ਰ. ਅਜੀਤ ਸਿੰਘ, ਸ੍ਰ. ਸੁਖਦੇਵ ਸਿੰਘ, ਸ੍ਰ. ਅਰਜਨ ਸਿੰਘ, ਸ੍ਰ. ਚਰਨਜੀਤ ਸਿੰਘ, ਸ੍ਰ. ਗਗਨਦੀਪ ਸਿੰਘ, ਸ੍ਰ. ਅੰਗਰੇਜ਼ ਸਿੰਘ, ਡਾ. ਬਲਮੀਤ ਕੌਰ, ਸ੍ਰ. ਅਜੀਤਪਾਲ ਸਿੰਘ, ਡਾ. ਹਰਜੀਤ ਸਿੰਘ, ਸ੍ਰ. ਨਵਪ੍ਰੀਤ ਸਿੰਘ, ਡਾ. ਜਸਪਾਲ ਕੌਰ ਕਾਂਗ, ਡਾ. ਮਨਜੀਤ ਕੌਰ ਜੈਪੁਰ, ਬੀਬੀ ਭੁਪਿੰਦਰ ਕੌਰ ਕਵਿਤਾ, ਬੀਬੀ ਕੰਵਲਜੀਤ ਕੌਰ ਪੈਰਿਸ, ਡਾ. ਅਮਨਪ੍ਰੀਤ ਸਿੰਘ, ਸ੍ਰ. ਜਸਬੀਰ ਸਿੰਘ ਭਿਲਾਈ, ਸ੍ਰ. ਜਸਪਾਲ ਸਿੰਘ ਪਿੰਕੀ, ਸ੍ਰ.ਹਰਚਰਨਜੀਤ ਸਿੰਘ ਚੰਡੀਗੜ੍ਹ, ਡਾ.ਗੁਰਸੰਗਤਪਾਲ ਸਿੰਘ, ਸ੍ਰ. ਬਰਜਿੰਦਰਪਾਲ ਸਿੰਘ ਆਦਿ ਹਾਜ਼ਰ ਸਨ।

ਗੁਰੂ ਤੇਗ ਬਹਾਦਰ ਸਾਹਿਬ ਨੇ ਗੁਰਬਾਣੀ ਤੇ ਕੁਰਬਾਨੀ ਦੁਆਰਾ ਮਾਨਵਵਾਦ ਦਾ ਝੰਡਾ ਬੁਲੰਦ ਕੀਤਾ !

 
ਗੁਰਬਾਣੀ ਖੋਜ-ਵਿਚਾਰ ਤੇ ਸੰਚਾਰ ਕੇਂਦਰ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਵਲੋਂ ਵਿਸ਼ੇਸ਼ ਵੈਬੀਨਾਰ
 
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪ੍ਰਕਾਸ਼ ਦੀ ਚੌਥੀ ਸ਼ਤਾਬਦੀ ਦੇ ਸਮਾਗਮਾਂ ਦੀ ਲੜੀ ਵਿਚ ਗੁਰਬਾਣੀ ਖੋਜ-ਵਿਚਾਰ ਤੇ ਸੰਚਾਰ ਕੇਂਦਰ (ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ) ਵੱਲੋਂ ਅੱਜ 12 ਜੂਨ, 2020 ਨੂੰ ਵੀਡੀਓ ਕਾਨਫਰੰਸਿੰਗ ਰਾਹੀਂ “ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਮਾਨਵਵਾਦ” ਵਿਸ਼ੇ ‘ਤੇ ਉਚੇਚੇ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਗੁਰੂ ਨਾਨਕ ਨਵਭਾਰਤ ਕਾਲਜ, ਨਰੂਰਪਾਂਛਟ (ਕਪੂਰਥਲਾ) ਦੇ ਸਾਬਕਾ ਪ੍ਰਿੰਸੀਪਲ ਅਤੇ ਪ੍ਰਸਿੱਧ ਕਵੀ, ਲੇਖਕ ਤੇ ਚਿੰਤਕ ਡਾ. ਇੰਦਰਜੀਤ ਸਿੰਘ (ਵਾਸੂ) ਹੁਰਾਂ ਮੁੱਖ ਬੁਲਾਰੇ ਵਜੋਂ ਆਪਣੇ ਵਿਚਾਰ ਪੇਸ਼ ਕੀਤੇ। ਆਰੰਭ ਵਿੱਚ ਡਾ. ਬਲਵਿੰਦਰਪਾਲ ਸਿੰਘ, ਨਿਰਦੇਸ਼ਕ ਭਾਸ਼ਾਵਾਂ ਸਾਹਿਤ ਅਤੇ ਸੱਭਿਆਚਾਰਕ ਮਾਮਲੇ ਕੌਂਸਲ ਹੁਰਾਂ ਸਵਾਗਤੀ ਸ਼ਬਦ ਕਹੇ ਅਤੇ ਡਾ. ਵਾਸੂ ਜੀ ਦੇ ਖੋਜਮਈ ਜੀਵਨ ‘ਤੇ ਚਾਨਣਾ ਪਾਇਆ।
ਆਪਣੇ ਸੰਬੋਧਨ ਵਿੱਚ ਡਾ. ਵਾਸੂ ਹੁਰਾਂ “ਬਾਬਰਕੇ ਦੇ ਸਮਾਂਨੰਤਰ ਬਾਬੇਕੇ” ਦੀ ਲੜੀ ਦਾ ਕਾਲਬੱਧ ਵਰਨਣ ਕਰਦਿਆਂ ਆਪਣੇ ਵਿਚਾਰਾਂ ਦਾ ਆਰੰਭ ਕੀਤਾ। ਉਨ੍ਹਾਂ ਮੁਗਲ ਰਾਜ ਦੇ ਜ਼ੁਲਮਾਂ ਦਾ ਜ਼ਿਕਰ ਕਰਦਿਆਂ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਅਤੇ ਉਨ੍ਹਾਂ ਸਦਕਾ ਆਈ ਜਾਗ੍ਰਤੀ ਦਾ ਵਰਨਣ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਬਹੁ-ਧਰਮੀ ਤੇ ਸਭਿਆਚਾਰਕ ਅਨੇਕਤਾ ਵਾਲੇ ਭਾਰਤ ਦੇਸ਼ ਦੇ ਬਸ਼ਿੰਦਿਆਂ ਦੇ ਧਰਮ ਦੀ ਰਾਖੀ ਲਈ ਕੁਰਬਾਨੀ ਦਿੱਤੀ। ਐਸੀ ਮਿਸਾਲ ਸੰਸਾਰ ਵਿਚ ਨਹੀਂ ਮਿਲਦੀ। ਭੱਟ ਚਾਂਦ ਹੁਰਾਂ ਲਿਖਿਆ, “ਬਾਹੇਂ ਜਿਨ ਦੀ ਪਕੜੀਏ, ਸਿਰ ਦੀਜੈ ਬਾਂਹ ਨ ਛੋੜੀਏ”।
ਉਨ੍ਹਾਂ ਹੋਰ ਕਿਹਾ ਕਿ ਮਨੁੱਖੀ ਹੱਕਾਂ ਦੀ ਰਾਖੀ ਲਈ ਜੀਉਣਾ ਸੱਚਾ ਧਰਮ ਹੈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹਨ ਕਿ ਰੱਬ ਪਤਿਤ ਪੁਨੀਤ ਹੈ, ਗਰੀਬਾਂ ਦਾ ਬੰਧੂ ਹੈ, ਉਸ ਨੂੰ ਸਿਮਰੋ ਤੇ ਆਪ ਵੀ ਐਸੇ ਬਣੋ। ਤਰਸ ਭਰਪੂਰ ਰੱਬ ਨੂੰ ਸਿਮਰ ਕੇ ਮਾਨਵਤਾ ਦੀ ਸੇਵਾ ਹੋ ਸਕਦੀ ਹੈ। ਪੱਛਮ ਵਾਲੇ ਰੱਬ ਤੋਂ ਬਿਨਾਂ ਹੀ ਨੈਤਿਕਤਾ ਦੇ ਸੰਚਾਰ ਦੀ ਗੱਲ ਕਰਦੇ ਹਨ। ਅਸੀਂ ਗੁਰਬਾਣੀ ਦੁਆਰਾ ਰੱਬ ਨੂੰ ਯਾਦ ਕਰਦੇ ਹਾਂ ਪਰ ਇਸ ਦਾ ਤਾਂ ਹੀ ਲਾਭ ਹੈ, ਜੇ ਰੱਬ ਵਾਲੇ ਗੁਣ ਸਾਡੇ ਵਿਚ ਵੀ ਹੋਣ। ਉਨ੍ਹਾਂ ਕਿਹਾ ਕਿ ਆਪਣੇ ਆਪ ਨੂੰ ਰੱਬ ਦੀ ਅੰਸ਼ ਸਮਝੋ ਤਾਂ ਹੀ ਸੰਸਾਰ ਵਿਚ ਸਫਲ ਹੋ ਸਕਦੇ ਹਾਂ। ਜੇ ਆਪਣੇ ਆਪ ਨੂੰ ਸਰੀਰ ਸਮਝਦੇ ਰਹੇ ਤਾਂ ਕੇਵਲ ਪਦਾਰਥਵਾਦੀ ਬਣ ਜਾਵਾਂਗੇ।
ਆਪਣੇ ਵਿਚਾਰਾਂ ਦਾ ਵਿਸਥਾਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਜੀਵਨ ਦੀ ਅਸਥਿਰਤਾ ਅਤੇ ਨਾਮ ਦੀ ਸਥਿਰਤਾ ਨੂੰ ਅਨੁਭਵ ਕਰਕੇ ਹੀ ਮਾਨਵਤਾ ਦੀ ਰਾਖੀ ਹੋ ਸਕਦੀ ਹੈ। ਡਾ. ਵਾਸੂ ਹੁਰਾਂ ਨੌਵੇਂ ਪਾਤਸ਼ਾਹ ਦੀ ਬਾਣੀ ਵਿਚੋਂ ਹਵਾਲੇ ਦੇ ਕੇ ਆਪਣੇ ਅੰਦਰਲੇ ਆਪੇ ਨੂੰ ਗੁਣ ਭਰਪੂਰ ਕਰਨ ਲਈ ਝੰਜੋੜਿਆ। ਉਨ੍ਹਾਂ ਕਿਹਾ ਕਿ ਭਗਤੀ ਰਾਹੀਂ ਮਾਨਵਤਾ ਮਿਲੇਗੀ, ਜੇ ਭਗਤੀ ਨਹੀਂ ਤਾਂ ਮਾਨਵਤਾ ਵੀ ਨਹੀਂ। ਆਪਣੇ ਆਪ ਨੂੰ ਰੱਬ ਵਰਗਾ ਬਣਾਉਣਾ ਹੀ ਅਸਲ ਭਗਤੀ ਹੈ। ਜੇ ਰੱਬੀ ਮਸਤੀ ਨਹੀਂ ਤਾਂ ਐਬ ਆ ਜਾਣਗੇ, ਦੋਸ਼ਾਂ ਨਾਲ ਸਰੀਰ ਭਰ ਜਾਵੇਗਾ।
ਅਖੀਰ ਵਿਚ ਡਾ. ਵਾਸੂ ਹੁਰਾਂ ਆਪਣੇ ਵਿਸ਼ਾ ਦਾ ਸਾਰ ਦੱਸਦਿਆਂ ਸ਼ਹੀਦੀ ਨੂੰ ਮੁਕਤੀ ਦਾ ਬਿਹਤਰੀਨ ਰਸਤਾ ਕਰਾਰ ਦਿੱਤਾ ਜਿਸ ਨਾਲ ਮਾਨਵਤਾ ਦੇ ਹੱਕਾਂ ਦੀ ਰਾਖੀ ਹੋ ਸਕੀ। ਨਿੰਦਾ, ਉਸਤਤਿ, ਡਰ, ਭਉ ਤੋਂ ਰਹਿਤ ਹੋ ਕੇ ਜੀਵਨ ਜੀਉਣਾ ਹੀ ਮਾਨਵਤਾ ਦੇ ਹਿੱਤ ਵਿਚ ਹੈ।
ਅੰਤ ਵਿਚ ਧੰਨਵਾਦ ਦੇ ਸ਼ਬਦਾਂ ਨਾਲ ਵੈਬੀਨਾਰ ਦੀ ਸਮਾਪਤੀ ਹੋਈ। ਸਿੱਧਵਾਂ ਤੋਂ ਡਾ. ਸਵਿੰਦਰਪਾਲ ਕੌਰ, ਮੁਖੀ ਇਤਿਹਾਸ ਵਿਭਾਗ, ਪੈਰਿਸ ਤੋਂ ਬੀਬੀ ਕੰਵਲਜੀਤ ਕੌਰ ਗੰਭੀਰ, ਜੈਪੁਰ ਤੋਂ ਬੀਬੀ ਮਨਮੀਤ ਕੌਰ, ਬੰਗਲੌਰ ਤੋਂ ਸ੍ਰ. ਇੰਦਰਪਾਲ ਸਿੰਘ, ਸ੍ਰ. ਪ੍ਰਤਾਪ ਸਿੰਘ ਸਾਬਕਾ ਚੇਅਰਮੈਨ, ਚੇਅਰਮੈਨ ਸ੍ਰ. ਜਤਿੰਦਰਪਾਲ ਸਿੰਘ, ਸ੍ਰ. ਤੇਜਿੰਦਰ ਸਿੰਘ ਖਿਜ਼ਰਾਬਾਦੀ ਚੀਫ਼ ਸਕੱਤਰ, ਸ੍ਰ. ਜਸਪਾਲ ਸਿੰਘ ਪਿੰਕੀ, ਸ੍ਰ. ਜਸਪਾਲ ਸਿੰਘ ਕੋਚ, ਮਾਸਟਰ ਲਖਵਿੰਦਰਪਾਲ ਸਿੰਘ ਸਮਰਾਲਾ, ਸ੍ਰ. ਗੁਰਚਰਨ ਸਿੰਘ ਆਈ.ਆਈ.ਟੀ. ਕਾਨਪੁਰ ਸਹਿਤ 100 ਤੋਂ ਵਧੇਰੇ ਵਿਦਵਾਨ ਪਤਵੰਤੇ ਇਸ ਮੌਕੇ ਸ਼ਾਮਲ ਹੋਏ।
ਵੈਬੀਨਾਰ ਦਾ ਤਕਨੀਕੀ ਸੰਚਾਲਨ ਸ੍ਰ. ਹਰਮੋਹਿੰਦਰ ਸਿੰਘ ਸਟੇਟ ਸਕੱਤਰ, ਪੰਜਾਬ ਅਤੇ ਉਨ੍ਹਾਂ ਦੀ ਟੀਮ ਵਲੋਂ ਕੀਤਾ ਗਿਆ।

ਮਨ ਨੂੰ ਪਸ਼ੂ ਬਿਰਤੀਆਂ ਦੇ ਸੰਸਕਾਰਾਂ ‘ਚੋਂ ਕੱਢ ਕੇ ਗੁਰੂ ਸ਼ਬਦ ਨਾਲ ਜੋੜੀਏ !

 
ਅਮਰੀਕਾ ਤੋਂ ਡਾ. ਭਾਈ ਹਰਬੰਸ ਲਾਲ ਹੁਰਾਂ ਵਲੋਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਮਨ ਦਾ ਸੰਕਲਪ ਵਿਸ਼ੇ ਸਬੰਧੀ ਵਿਚਾਰਾਂ ਦਾ ਪ੍ਰਗਟਾਵਾ:
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਾਹਿਤਕਾਰ ਸਦਨ ਅਤੇ ਗੁਰਬਾਣੀ ਖੋਜ-ਵਿਚਾਰ ਤੇ ਸੰਚਾਰ ਕੇਂਦਰ ਵਲੋਂ ਅੱਜ 7 ਜੂਨ ਨੂੰ ਵੀਡੀਓ ਕਾਨਫਰੰਸਿੰਗ ਰਾਹੀਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਮਨ ਦਾ ਸੰਕਲਪ ਵਿਸ਼ੇ ਸਬੰਧੀ ਵਿਸ਼ੇਸ਼ ਵੈਬੀਨਾਰ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਅਮਰੀਕਾ ਤੋਂ ਡਾ. ਭਾਈ ਹਰਬੰਸ ਲਾਲ ਹੁਰਾਂ ਆਪਣੇ ਵਿਚਾਰ ਪੇਸ਼ ਕੀਤੇ। ਆਰੰਭ ਵਿੱਚ ਸ੍ਰ. ਇੰਦਰਪਾਲ ਸਿੰਘ ਡਾਇਰੈਕਟਰ ਓਵਰਸੀਜ਼ ਹੁਰਾਂ ਡਾ. ਭਾਈ ਹਰਬੰਸ ਲਾਲ ਜੀ ਨੂੰ ਜੀ ਆਇਆਂ ਆਖਿਆ। ਉਨ੍ਹਾਂ ਦੱਸਿਆ ਕਿ ਅੱਜ ਦਾ ਇਹ ਵੈਬੀਨਾਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚੌਥੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮਾਂ ਦੀ ਲੜੀ ਵਿਚ ਰੱਖਿਆ ਗਿਆ ਹੈ। ਡਾ. ਬਲਵਿੰਦਰਪਾਲ ਸਿੰਘ ਨਿਰਦੇਸ਼ਕ ਭਾਸ਼ਾਵਾਂ, ਸਾਹਿਤ ਅਤੇ ਸੱਭਿਆਚਾਰਕ ਮਾਮਲੇ ਕੌਂਸਲ ਹੁਰਾਂ ਮੁੱਖ ਮਹਿਮਾਨ ਨਾਲ ਜਾਣ ਪਛਾਣ ਕਰਵਾਈ ਅਤੇ ਦੱਸਿਆ ਕਿ ਹਜ਼ਾਰਾ ਪਾਕਿਸਤਾਨ ਵਿਚ ਜਨਮੇ ਡਾ. ਹਰਬੰਸ ਲਾਲ ਜੀ ਨੇ 1956 ਤੱਕ ਭਾਰਤ ਰਹਿਕੇ ਤੇ ਫੇਰ ਅਮਰੀਕਾ ਜਾ ਕੇ ਫਾਰਮਕੋਲੋਜੀ ਦੀ ਉੱਚ ਵਿਦਿਆ ਲਈ। ਉਹ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ 1954 ਵਿਚ ਪ੍ਰਧਾਨ ਚੁਣੇ ਗਏ। ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਹਿਜਧਾਰੀ ਸਿੱਖ ਸੇਵਾਵਾਂ ਸਦਕਾ ਭਾਈ ਸਾਹਿਬ ਦੀ ਉਪਾਧੀ ਮਿਲੀ। ਆਪ ਅੰਤਰ ਧਰਮ ਸਭਾਵਾਂ ਵਿਚ ਸ਼ਾਮਲ ਹੁੰਦੇ ਰਹਿੰਦੇ ਹਨ। ਮੈਡੀਕਲ ਖੇਤਰ ਵਿਚ ਵਿਸ਼ਵ ਪੱਧਰੀ ਖੋਜੀ ਵਿਦਵਾਨ ਡਾਕਟਰ ਸਾਹਿਬ ਗੁਰਮਤਿ ਦੇ ਉੱਘੇ ਵਿਦਵਾਨ ਹਨ।
ਡਾ. ਭਾਈ ਹਰਬੰਸ ਲਾਲ ਹੁਰਾਂ ਆਪਣੇ ਵਿਸ਼ੇ ਦੀ ਆਰੰਭਤਾ ਮੌਕੇ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿਚ ਬਹੁਤ ਸਾਰੇ ਸ਼ਬਦ ਤੇ ਸਲੋਕ ਸਿੱਧੇ ਹੀ ਮਨ ਦੇ ਵਿਸ਼ਲੇਸ਼ਣ ਨਾਲ ਸੰਬੰਧਤ ਹਨ। “ਮਨੁ ਮਾਇਆ ਮੈ ਫਧਿ ਰਹਿਓ”, ਮਨ ਸਦਾ ਹੀ ਮਾਇਆ ਵਿਚ ਫਸਿਆ ਰਹਿੰਦਾ ਹੈ, ਇਹ ਮੁੱਢਲੀ ਵਿਸ਼ੇਸ਼ਤਾਈ ਹੈ। ਮਨ ਨੂੰ ਸਮਝਾਇਆ ਗਿਐ ਕਿ ਇਹ ਦੁਰਲੱਭ ਦੇਹ ਹੈ ਤੇ ਇਸ ਮੌਕੇ ਦਾ ਲਾਭ ਲੈਣਾ ਚਾਹੀਦਾ ਹੈ। ਮਨੁੱਖੀ ਸਰੀਰ ਵਿੱਚ ਮਨ, ਬੁਧੀ ਤੇ ਸਿਆਣਪ (ਵਿਵੇਕ) ਨਾਲ ਦਿਮਾਗ ਬਣਦਾ ਹੈ। ਸਰੀਰ ਵਿੱਚ ਜੈਵਿਕ ਗੁਣ ਹਨ, ਮਨ ਵਿੱਚ ਸੰਸਕਾਰਾਂ ਦਾ ਸੰਗ੍ਰਹਿ ਹੈ।
ਜਦੋਂ ਬੇਸ਼ੁਮਾਰ ਸੰਸਕਾਰ ਤੇ ਯਾਦਾਂ ਇਕੱਠੀਆਂ ਹੁੰਦੀਆਂ ਹਨ, Genom ਅਤੇ Memes ਮਿਲ ਕੇ ਮਨੁੱਖ ਬਣਿਆ ਹੈ। ਜੈਵਿਕ ਅਤੇ ਮਾਨਸਿਕ ਖਜ਼ਾਨੇ, ਪੀੜ੍ਹੀ-ਦਰ-ਪੀੜ੍ਹੀ ਅੱਗੇ ਚਲਦੇ ਹਨ। ਯੁੱਗਾਂ ਤੋਂ ਜੋ ਸਾਡੇ ਮਨ ਵਿਚ ਹੈ, ਉਹੀ ਅੱਗੇ ਜਾ ਰਿਹਾ ਹੈ। ਬਾਣੀ ਵਿਚ ਇਹ ਵਰਨਣ ਹੈ ਕਿ ਪਿਛਲੇ ਜਨਮਾਂ ਦੇ ਸੰਸਕਾਰ ਵੀ ਸਾਡੇ ਮਨ ਵਿਚ ਜਮ੍ਹਾਂ ਹੋ ਗਏ ਹਨ। ਵੈਰ, ਵਿਰੋਧ, ਕਾਮ, ਕ੍ਰੋਧ, ਮੋਹ, ਝੂਠ, ਬਿਕਾਰ, ਧ੍ਰੋਹ ਆਦਿ ਸਭ ਦੋਸ਼ ਸਾਡੇ ਮਨ ਵਿਚ ਜਮ੍ਹਾਂ ਹਨ। ਇਨ੍ਹਾਂ ਸੰਸਕਾਰਾਂ ਅਤੇ ਦੋਸ਼ਾਂ ਕਾਰਣ ਸਾਡਾ ਜੀਵਨ ਖਰਾਬ ਹੋ ਰਿਹਾ ਹੈ। ਸਾਡੇ ਅੰਦਰ ਪਿੱਛਲੇ ਜਨਮਾਂ ਦੇ ਜੀਵਨ ਬਚਾਉਣ ਦੇ ਯਤਨਾਂ ਦੀਆਂ ਯਾਦਾਂ ਜਮ੍ਹਾਂ ਹਨ। ਨਸਲਾਂ ਅੱਗੇ ਵਧਾਉਣ ਦੀ ਲਾਲਸਾ ਵੀ ਮਨ ਵਿਚ ਹੈ। ਮਨ, ਆਪਣੇ ਅੰਦਰ ਜਮ੍ਹਾਂ ਹੋਏ ਅਨੁਭਵਾਂ ਦੀ ਤੁਲਨਾ ਕਰਦਾ ਰਹਿੰਦਾ ਹੈ ਅਤੇ ਮਨ ਨੂੰ ਪ੍ਰਭਾਵਿਤ ਕਰਨ ਵਾਲੇ ਸਾਰੇ ਪ੍ਰਚਾਰ ਨੂੰ ਯਾਦਾਂ ਵਿਚ ਜਮ੍ਹਾਂ ਕਰਕੇ ਮਨ ਦੁਬਿਧਾਵਾਂ ਵਿਚ ਪੈਂਦਾ ਰਹਿੰਦਾ ਹੈ।
ਉਨ੍ਹਾਂ ਹੋਰ ਦੱਸਿਆ ਕਿ ਮਾਨਵਤਾ ਦੀਆਂ ਇਤਿਹਾਸ ਯਾਦਾਂ ਇਕ ਪ੍ਰਣਾਲੀ ਬਣ ਗਈਆਂ ਹਨ। ਅਸੀਂ ਮਾਨਸ ਦੇ ਚੰਮ ਵਿਚ ਅੰਦਰਹੁ ਕਾਲੇ ਸੰਸਕਾਰਾਂ ਵਾਲੇ ਹਾਂ। ਸਭਿਆਚਾਰਕ ਸੰਸਕਾਰਾਂ, ਕਲਾ, ਸਾਹਿਤ, ਧਰਮ, ਰੀਤੀ-ਰਿਵਾਜ਼, ਸਭਿਆਚਾਰਕ ਪ੍ਰਤੀਕ, ਮੁਦਰਾ, ਮਿਥ ਨਾਲ ਮਨ ਭਰਿਆ ਪਿਆ ਹੈ। ਮਨ, ਮਾਨਸਿਕ ਸੰਸਕਾਰਾਂ ਅਤੇ ਵਾਤਾਵਰਣ ਵਿਚ ਘਿਰਿਆ ਰਹਿੰਦਾ ਹੈ। ਸੰਸਾਰਕ ਖਿੱਚਾਂ ਤੇ ਦਬਾਵਾਂ ਨਾਲ ਮਨ ਬੱਝਿਆ ਰਹਿੰਦਾ ਹੈ। ਮਨ, ਇਕ ਕਿਸਮ ਦੇ ਗੋਬਰ ਵਿਚ ਫਸਿਆ ਰਹਿੰਦਾ ਹੈ। ਮਨ ਵਿਚ ਇਸ ਸਾਰੇ ਕਬਾੜ ਨੂੰ ਛਾਂਟ ਦੇਣ ਅਤੇ ਗੁਰੂ ਹੁਕਮ ‘ਤੇ ਚੱਲਣ ਦੀ ਸਮਰਥਾ ਨਹੀਂ ਰਹਿੰਦੀ। ਗੁਰਬਾਣੀ ਦੁਆਰਾ ਇਸ ਮੈਲ ਨੂੰ ਧੋਇਆ ਜਾ ਸਕਦਾ ਹੈ । ਡੇਨੀਅਲ ਡੇਨਟ ਦਾ ਵਿਚਾਰ ਹੈ ਕਿ ਮਨ ਵਿਚਲੇ ਗੋਬਰ ਨੂੰ ਪ੍ਰਕਾਸ਼ਮਈ ਕਰਨ ਲਈ ਵੱਡਾ ਮਸਲਾ ਬਣ ਗਿਆ ਹੈ। ਡਾ. ਸਾਹਿਬ ਹੁਰਾਂ ਦੱਸਿਆ ਕਿ ਅੱਜ ਵੀ ਪੁਰਾਤਨ ਪਸ਼ੂ ਬਿਰਤੀ ਨਾਲ ਹੀ ਵਿਵਹਾਰ ਕੀਤੇ ਜਾ ਰਹੇ ਹਨ।
ਡਾ. ਹਰਬੰਸ ਲਾਲ ਹੁਰਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵਿੱਚੋਂ ਬਹੁਤ ਹਵਾਲੇ ਦਿੱਤੇ ਅਤੇ ਮਨ ਦੀ ਸੁਧਾਈ ਕਰਨ ਨਾਲ ਮਨ ਦੇ ਨਾਲ ਹੀ ਸੰਵਾਦ ਕੀਤੇ ਜਾਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਕਿਹਾ ਕਿ ਪੱਛਮੀ ਵਿਚਾਰ ਬਾਹਰੀ ਸ਼ਾਨੋਂ ਸ਼ੌਕਤ ਨਾਲ ਜੁੜਿਆ ਹੈ ਪਰ ਸਿੱਖੀ ਵਿਚ ਮਨ ਦੇ ਅੰਦਰ ਸਭ ਖਾਜ਼ਾਨੇ ਦੱਸੇ ਹਨ। ਨਿਸ਼ਾਨਾ ਇਹੀ ਹੈ ਕਿ ਮਨ ਕਰਕੇ ਸਭ ਉਦੇਸ਼ ਪੂਰੇ ਕਰਨੇ ਹਨ। ਰੂਹਾਨੀ ਵਿਰਸੇ ਨਾਲ ਜੁੜ ਕੇ ਮਨ ਅੰਦਰ ਪ੍ਰਕਾਸ਼ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਮਨੁੱਖ ਦੋ ਪ੍ਰਕਾਰ ਦਾ ਹੈ; ਇਕ ਮਨਮੁੱਖ ਹੈ, ਮਨੁੱਖੀ ਸਰੀਰ ਵਿਚ ਜਾਨਵਰ ਦਾ ਮਨ। ਦੂਜਾ ਗੁਰਮੁਖ ਹੈ, ਮਾਨਵੀ ਸਰੀਰ ਵਿਚ ਮਨ ਨੂੰ ਗੁਰੂ ਦੇ ਉਪਦੇਸ਼ ਨਾਲ ਸ਼ਿਗਾਰੀ ਬੁੱਧੀ ਤੇ ਵਿਵੇਕ। ਉਨ੍ਹਾਂ ਆਪਣੇ ਵਿਚਾਰਾਂ ਨੂੰ ਅੱਗੇ ਵਧਾਉਂਦਿਆਂ ਕਿਹਾ ਕਿ ਮਨਮੁੱਖ ਦਾ ਮਨ ਹੀ ਬੁੱਧੀ ਤੇ ਸੁਰਤ ਨੂੰ ਕਾਬੂ ਵਿਚ ਰੱਖਦਾ ਹੈ, ਗੁਰਮੁੱਖ ਦੀ ਸੁਰਤੀ, ਬੁੱਧੀ ਤੇ ਮਨ ਨੂੰ ਗੁਰੂ ਸ਼ਬਦ ਨਾਲ ਸੇਧਦੀ ਹੈ। ਮਨ ਨੂੰ ਜਿੱਤਣ ਨਾਲ ਜੱਗ ਜਿੱਤਿਆ ਜਾ ਸਕਦੈ। ਇਹ ਗੱਲ ਹੀ ਸਗਲ ਜਮਾਤਾਂ, ਲੋਕਾਂ ਨੂੰ ਦੱਸਣਯੋਗ ਹੈ ਤੇ ਇਹੀ ਸਭ ਤੋਂ ਸ੍ਰੇਸ਼ਟ ਪੱਥ ਹੈ।
ਪ੍ਰਸ਼ਨ ਉੱਤਰ ਸੈਸ਼ਨ ਵਿੱਚ ਡਾ. ਹਰਬੰਸ ਲਾਲ ਹੁਰਾਂ ਡਾ. ਸਰਬਜੋਤ ਕੌਰ, ਪ੍ਰਧਾਨ ਸਾਹਿਤਕਾਰ ਸਦਨ, ਡਾ. ਭੁਪਿੰਦਰ ਕੌਰ ਕਵਿਤਾ, ਕਰਨਲ ਡਾ. ਦਲਵਿੰਦਰ ਸਿੰਘ, ਡਾ. ਸਵਿੰਦਰਪਾਲ ਕੌਰ ਤੇ ਹੋਰਨਾਂ ਵਲੋਂ ਪੁੱਛੇ ਗਏ ਮਨੋਵਿਗਿਆਨਕ ਪ੍ਰਸ਼ਨਾਂ ਦੇ ਉੱਤਰ ਤਸੱਲੀਬਖਸ਼ ਦਿੱਤੇ। ਇਸ ਸਮੇਂ ਡਾ. ਇੰਦਰਜੀਤ ਸਿੰਘ ਵਾਸੂ, ਡਾ. ਅਮਰਜੀਤ ਸਿੰਘ, ਡਾ. ਮਨਜੀਤ ਕੌਰ ਜੈਪੁਰ, ਡਾ. ਕੁਲਵੰਤ ਸਿੰਘ, ਡਾ. ਅਲੰਕਾਰ ਸਿੰਘ ਤੇ ਹੋਰ ਵਿਦਵਾਨ ਵੀ ਸ਼ਾਮਲ ਸਨ।
ਅਖੀਰ ਵਿਚ ਸਾਰੀ ਵਿਚਾਰ ਨੂੰ ਸਮੇਟਦਿਆਂ ਚੇਅਰਮੈਨ ਸ੍ਰ. ਜਤਿੰਦਰਪਾਲ ਸਿੰਘ ਹੁਰਾਂ ਡਾ. ਭਾਈ ਹਰਬੰਸ ਲਾਲ ਜੀ ਦੇ ਵਿਚਾਰਾਂ ਤੋਂ ਮਿਲੀ ਸੇਧ ਨੂੰ ਜੀਵਨ ਵਿਚ ਅਪਣਾਉਣ ਲਈ ਕਿਹਾ। ਸਾਬਕਾ ਚੇਅਰਮੈਨ ਸ੍ਰ. ਪ੍ਰਤਾਪ ਸਿੰਘ ਹੁਰਾਂ ਅਮਰੀਕਾ ਵਿਖੇ ਡਾ. ਹਰਬੰਸ ਲਾਲ ਹੁਰਾਂ ਨਾਲ ਮਿਲਣੀਆਂ ਦਾ ਜ਼ਿਕਰ ਕਰਦਿਆਂ ਅੱਜ ਦੀ ਵਿਚਾਰ ਨੂੰ ਇਤਿਹਾਸਕ ਦੱਸਿਆ। ਸ੍ਰ. ਇੰਦਰਪਾਲ ਸਿੰਘ ਹੁਰਾਂ ਡਾ. ਭਾਈ ਹਰਬੰਸ ਲਾਲ ਜੀ ਦੇ ਅਤਿ ਵਿਦਵਤਾ ਵਾਲੇ ਭਾਸ਼ਣ ਦੀ ਸ਼ਲਾਘਾ ਕੀਤੀ ਤੇ ਉਨ੍ਹਾਂ ਦੀ ਡਾ. ਇੰਦਰਜੀਤ ਸਿੰਘ, ਸਾਬਕਾ ਚੇਅਰਮੈਨ ਪੰਜਾਬ ਐਂਡ ਸਿੰਧ ਬੈਂਕ, ਸ੍ਰ. ਤਰਲੋਚਨ ਸਿੰਘ ਮੈਂਬਰ ਪਾਰਲੀਮੈਂਟ ਤੇ ਹੋਰਨਾਂ ਨਾਲ ਨੇੜਤਾ ਬਾਰੇ ਦੱਸਿਆ। ਵੈਬੀਨਾਰ ਦਾ ਤਕਨੀਕੀ ਸੰਚਾਲਨ ਕਰਦਿਆਂ ਸ੍ਰ. ਹਰਮੋਹਿੰਦਰ ਸਿੰਘ ਨੰਗਲ ਹੁਰਾਂ ਡਾਕਟਰ ਸਾਹਿਬ ਵਲੋਂ ਮਨ ਬਾਰੇ ਦੱਸੇ ਭੇਦਾਂ ਦੀ ਖੂਬ ਉਸਤਤ ਕੀਤੀ ਅਤੇ ਸੈਮੀਨਾਰ ਵਿਚ ਸ਼ਾਮਲ ਇਕ ਸੌ ਤੋਂ ਵੱਧ ਵਿਦਵਾਨਾਂ ਸਰੋਤਿਆਂ ਦਾ ਧੰਨਵਾਦ ਕੀਤਾ।

ਇਸਤਰੀ ਆਪਣੇ ਅੰਦਰ ਸੱਦਗੁਣਾਂ ਦਾ ਵਿਕਾਸ ਕਰਕੇ ਰੋਲ ਮਾਡਲ ਬਣੇ !

 
ਵਿਰਸਾ ਕੈਂਪ-2020 ਵਿੱਚ ਡਿਪਟੀ ਡਾਇਰੈਕਟਰ ਐਜੂਕੇਸ਼ਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਿੰ. ਸਤਵੰਤ ਕੌਰ ਦਾ ਸੰਬੋਧਨ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵਲੋਂ ਕਾਲਜ ਵਿਦਿਆਰਥੀ ਵਿਦਿਆਰਥਣਾਂ ਲਈ ਵੀਡੀਓ ਕਾਨਫਰੰਸਿੰਗ ਰਾਹੀਂ 1 ਤੋਂ 5 ਜੂਨ 2020 ਤੱਕ ਲਗਾਏ ਜਾ ਰਹੇ ਸਾਲਾਨਾ ਵਿਰਸਾ ਕੈਂਪ ਵਿੱਚ ਚੱਲ ਰਹੀ ਭਾਸ਼ਣ ਲੜੀ ਦੇ ਤੀਜੇ ਦਿਨ 3 ਜੂਨ ਨੂੰ ‘ਅਜੋਕੇ ਯੁੱਗ ਵਿੱਚ ਇਸਤਰੀ ਦੀ ਜ਼ਿੰਮੇਵਾਰੀ’ ਸਬੰਧੀ ਪ੍ਰਿੰ. ਸਤਵੰਤ ਕੌਰ, ਡਿਪਟੀ ਡਾਇਰੈਕਟਰ, ਐਜੂਕੇਸ਼ਨ ਡਾਇਰੈਕਟੋਰੇਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਰਾਂ ਭਾਵਪੂਰਤ ਵਿਚਾਰਾਂ ਦੀ ਸਾਂਝ ਪਾਈ। ਉਨ੍ਹਾਂ ਕਿਹਾ ਕਿ ਗੁਰਬਾਣੀ ਅਕਾਲੀ ਹੁਕਮ ਹੈ ਜਿਸ ਵਿਚ ਹਰੇਕ ਮਨੁੱਖ ਦੀ ਜ਼ਿੰਮੇਵਾਰੀ ਨਿਸ਼ਚਿਤ ਕੀਤੀ ਗਈ ਹੈ। ਉਨ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ 17 ਉਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ‘ਗੁਣਵੰਤੀ ਗੁਣ ਵੀਥਰੈ ਅਉਗੁਣਵੰਤੀ ਝੂਰਿ’ ਦਾ ਹਵਾਲਾ ਦੇਕੇ ਸੁਚੱਜੀ ਜੀਵ ਇਸਤਰੀ ਦੇ ਗੁਣ ਅਤੇ ਕੁਚੱਜੀ ਦੇ ਔਗੁਣਾਂ ਦਾ ਵਰਨਣ ਕੀਤਾ। ਗੁਰਬਾਣੀ ਅਨੁਸਾਰ ਹਰੇਕ ਵਿਅਕਤੀ ਜੀਵ ਰੂਪੀ ਇਸਤਰੀ ਹੈ ਅਤੇ ਇਸਤਰੀ ਲਈ ਦੱਸੇ ਗਏ ਬਹੁਤ ਗੁਣ ਸਾਡੇ ਸਭ ਦੇ ਲਈ ਹੀ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਸਮਾਂ ਐਸਾ ਨਹੀਂ ਰਿਹਾ ਜਦੋਂ ਇਸਤਰੀ ਦੇ ਗੁਣਾਂ, ਫਰਜ਼ਾਂ ਜਾਂ ਹੱਕਾਂ ਦੀ ਮਹੱਤਤਾ ਘੱਟੀ ਹੋਵੇ। ਗੁਰੂ ਸਾਹਿਬਾਨ ਨੇ ਆਪਣੀ ਬਾਣੀ ਰਾਹੀਂ ਸਮੂੰਹ ਸਮੱਸਿਆਵਾਂ ਦੇ ਹੱਲ ਲਈ ਅਗਿਆਨ, ਲੋਭ, ਲਾਲਚ ਆਦਿ ਦੋਸ਼ਾਂ ਵਿੱਚੋਂ ਨਿਕਲਣ ਲਈ ਪ੍ਰੇਰਨਾ ਕੀਤੀ ਹੈ।
‘ਧ੍ਰੂ ਹਸਦਾ ਘਰਿ ਆਇਆ’ ਦੀ ਸਾਖੀ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ ਮੁੱਖ ਵਕਤਾ ਨੇ ਦੱਸਿਆ ਕਿ ਕਿਵੇਂ ਧ੍ਰੂ ਭਗਤ ਦੀ ਮਾਂ ਨੇ ਧ੍ਰੂ ਨੂੰ ਸੱਚੀ ਭਗਤੀ ਵੱਲ ਲਾਇਆ ਜਿਸ ਤੋਂ ਇਸ ਮਾਂ ਦੀ ਗੁਣਵੰਤੀ ਇਸਤਰੀ ਹੋਣ ਦੀ ਪ੍ਰੇਰਣਾ ਮਿਲਦੀ ਹੈ। ਉਨ੍ਹਾਂ ਗੁਰਬਾਣੀ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿਚ ਆਏ ਹੋਰਨਾਂ ਦ੍ਰਿਸ਼ਟਾਤਾਂ ਦਾ ਹਵਾਲਾ ਦੇ ਕੇ ਇਸਤਰੀ ਦੀ ਭੂਤ, ਭਵਿੱਖ ਅਤੇ ਵਰਤਮਾਨ ਵਿਚ ਮਹੱਤਤਾ ਅਤੇ ਉਸ ਦੇ ਯੋਗਦਾਨ ਦਾ ਜ਼ਿਕਰ ਕੀਤਾ।
ਆਪਣੇ ਵਿਸ਼ੇ ਦਾ ਵਿਸਥਾਰ ਕਰਦਿਆਂ ਉਨ੍ਹਾਂ ਕਿਹਾ ਕਿ ਇਸਤਰੀ ਦੀ ਅੱਜ ਜ਼ਿੰਮੇਵਾਰੀ ਹੈ ਕਿ ਉਹ ਗੁਰ ਇਤਿਹਾਸ ਅਤੇ ਸਿੱਖ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਆਪਣੀਆਂ ਤ੍ਰਿਸ਼ਨਾਵਾਂ ਨੂੰ ਨਿਯੰਤਰਣ ਵਿਚ ਰੱਖੇ ਤਾਂ ਹੀ ਉਹ ਪੀੜ੍ਹੀ ਦਰ ਪੀੜ੍ਹੀ ਚੰਗੇ ਗੁਣਾਂ ਵਾਲੀ ਸੰਤਾਨ ਪੈਦਾ ਕਰ ਸਕਦੀ ਹੈ। ਉਨ੍ਹਾਂ ਗੁਰੂ ਮਹਿਲਾਂ ਅਤੇ ਗੁਰੂ ਮਾਤਾਵਾਂ ਆਦਿ ਦੇ ਜੀਵਨ ਤੋਂ ਵੱਡੀਆਂ ਪ੍ਰੇਰਨਾਵਾਂ ਲੈਣ ਦਾ ਸੁਨੇਹਾ ਦਿੱਤਾ। ਪਹਿਲੀ ਪਾਤਸ਼ਾਹੀ ਤੋਂ ਦਸਵੇਂ ਪਾਤਸ਼ਾਹ ਤੱਕ ਮਹਾਨ ਇਸਤਰੀਆਂ ਦਾ ਵਰਨਣ ਕਰਦਿਆਂ ਇਨ੍ਹਾਂ ਨੂੰ ਰੋਲ ਮਾਡਲ ਦੱਸਿਆ। ਗੁਰਬਾਣੀ ਵਿਚੋਂ ‘ਹਰਿ ਪ੍ਰਭੁ ਮੇਰੇ ਬਾਬੁਲਾ ਹਰਿ ਦੇਵਹੁ ਦਾਨੁ ਮੈ ਦਾਜੋ’ ਦੇ ਪਾਵਨ ਸ਼ਬਦ ਦਾ ਹਵਾਲਾ ਦਿੰਦਿਆਂ ਉਨ੍ਹਾਂ ਇਸ ਸ਼ਬਦ ਵਿਚ ਦੱਸੇ ਅਸਲ ਦਾਜ ਨੂੰ ਮੰਗਣ ਦੀ ਲੋੜ ਦਰਸਾਈ। ਆਪਣੇ ਪਰਿਵਾਰਾਂ ਵਿੱਚ ਸੱਦਗੁਣਾਂ ਦਾ ਸੰਚਾਰ ਕਰਕੇ ਹੀ ਸੁਚੱਜੇ ਸਮਾਜ ਦੀ ਸਿਰਜਣਾ ਕੀਤੀ ਜਾ ਸਕਦੀ ਹੈ।
ਅੱਜ ਦੇ ਸੈਸ਼ਨ ਦੌਰਾਨ ਹੋਈ ਵਿਚਾਰ ਦਾ ਸਾਰ ਵਿਸਥਾਰ ਕਰਦਿਆਂ ਪ੍ਰਿੰ. ਕਵਲਜੀਤ ਕੌਰ, ਡਿਪਟੀ ਚੀਫ਼ ਆਰਗੇਨਾਈਜ਼ਰ, ਇਸਤਰੀ ਵਿੰਗ ਹੁਰਾਂ ਸਮੂੰਹ ਕੈਂਪਰਾਂ ਨੂੰ ਗੁਰਬਾਣੀ ਵਿਚ ਦਰਸਾਏ ਗੁਣਾਂ ਨੂੰ ਆਪਣੇ ਜੀਵਨ ਵਿਚ ਅਪਨਾਉਣ ਦਾ ਸੱਦਾ ਦਿੱਤਾ। ਉਨ੍ਹਾਂ ਕੈਂਪਰਾਂ ਨੂੰ ਅੰਮ੍ਰਿਤ ਵੇਲੇ ਦੀ ਮਹੱਤਤਾ ਵੀ ਦਰਸਾਈ। ਪ੍ਰਿੰ. ਸਤਵੰਤ ਕੌਰ ਜੀ ਵਲੋਂ ਪ੍ਰਗਟਾਏ ਵਿਚਾਰਾਂ ਨੂੰ ਨੌਜਵਾਨਾਂ ਲਈ ਰਾਹ ਦਸੇਰਾ ਦੱਸਦਿਆਂ ਕੈਂਪਰ ਵਿਦਿਆਰਥੀਆਂ ਨੂੰ ਇਨ੍ਹਾਂ ਵਿਚਾਰਾਂ ਨੂੰ ਆਪਣੇ ਜੀਵਨ ਵਿਚ ਧਾਰਨ ਕਰਨ ਲਈ ਪ੍ਰੇਰਿਤ ਵੀ ਕੀਤਾ। ਧੰਨਵਾਦ ਦੇ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਸ੍ਰ. ਜਸਕੀਰਤ ਸਿੰਘ, ਪ੍ਰਧਾਨ, ਕੇਂਦਰੀ ਵਿਦਿਆਰਥੀ ਕੌਂਸਲ ਹੁਰਾਂ ਕਿਹਾ ਕਿ ਸਾਡੇ ਇਤਿਹਾਸ ਵਿਚ ਦਰਜ਼ ਬੀਬੀਆਂ ਦੇ ਜੀਵਨ ਪੜ੍ਹਕੇ ਅਸੀਂ ਮਾਣ ਮਹਿਸੂਸ ਕਰਦੇ ਹਾਂ। ਗੁਰਬਾਣੀ ਨੇ ਜੀਵ ਇਸਤਰੀ ਨੂੰ ਚੰਗੇ ਗੁਣ ਧਾਰਨ ਕਰਨ ਲਈ ਪ੍ਰੇਰਿਆ ਹੈ। ਗੁਰੂ ਨਾਨਕ ਪਾਤਸ਼ਾਹ ਨੇ “ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ” ਕਹਿ ਕੇ ਇਸਤਰੀ ਦਾ ਰੁਤਬਾ ਹਮੇਸ਼ਾ ਲਈ ਉੱਚਾ ਕਰ ਦਿੱਤਾ।
ਸ੍ਰ. ਨਵਪ੍ਰੀਤ ਸਿੰਘ, ਜ਼ੋਨਲ ਸਕੱਤਰ ਹੁਸ਼ਿਆਰਪੁਰ ਜ਼ੋਨ ਹੁਰਾਂ ਕੈਂਪਰਾਂ ਨੂੰ ਕੁਝ ਵਿਸ਼ੇਸ਼ ਪੁਸਤਕਾਂ ਪੜ੍ਹਣ ਲਈ ਪ੍ਰੇਰਿਆ। ਸ੍ਰ. ਹਰਮੋਹਿੰਦਰ ਸਿੰਘ ਸਟੇਟ ਸਕੱਤਰ, ਪੰਜਾਬ ਅਤੇ ਹਿਮਾਚਲ ਹੁਰਾਂ ਕੈਂਪ ਦਾ ਬਾਖੂਬੀ ਸੰਚਾਲਨ ਕਰਦਿਆਂ ਅੱਜ ਦੀ ਅਸਾਈਨਮੈਂਟ ਤੇ ਹੋਰ ਸੂਚਨਾਵਾਂ ਸਾਂਝੀਆਂ ਕੀਤੀਆਂ ਅਤੇ ਕੈਂਪ ਦੇ ਸੰਚਾਲਨ ਵਿੱਚ ਯੋਗਦਾਨ ਪਾ ਰਹੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ।

ਭਾਈ ਕਾਨ੍ਹ ਸਿੰਘ ਨਾਭਾ ਇੰਸਟੀਚਿਊਟ ਆਫ਼ ਮੈਨੇਜਮੈਂਟ ਐਂਡ ਹਿਊਮਨ ਰਿਸੋਰਸ ਡਿਵੈਲਪਮੈਂਟ ਵੱਲੋਂ ਕੋਵਿਡ –19 ਦੌਰਾਨ ਐਡਮਿਨ ਕੌਂਸਲ ਦੇ ਸਹਿਯੋਗ ਨਾਲ 5 ਰੋਜ਼ਾ ਆਨ ਲਾਈਨ ਕਾਰਜਸ਼ਾਲਾ ਲਗਾਈ ਗਈ।ਜਿਸ ਵਿੱਚ ਅਲੱਗ ਅਲੱਗ ਦਿਨਾਂ ਵਿੱਚ 380 ਕਾਰਜਕਰਤਾਵਾਂ ਨੇ ਭਾਗ ਲਿਆ ਅਤੇ ਵੱਡਮੁਲੇ ਵਿਚਾਰ ਸਾਂਝੇ ਕੀਤੇ ਗਏ।

        ਡਾਇਰੈਕਟਰ ਭਾਈ ਕਾਨ੍ਹ ਸਿੰਘ ਨਾਭਾ ਸਰਦਾਰ ਗੁਰਮੀਤ ਸਿੰਘ ਹੁਰਾਂ ਨੇ ਅਮਰੀਕਾ ਤੋਂ ਸੰਸਥਾ ਦੀਆਂ ਪ੍ਰਾਪਤੀਆਂ ਅਤੇ ਉਦੇਸ਼ਾਂ ਦਾ ਵਰਣਨ ਕੀਤਾ। ਉਹਨਾਂ ਦੱਸਿਆ ਕਿ ਸੰਗਠਨ ਨੂੰ ਗਲੋਬਲ ਵੰਗਾਰਾਂ ਦਾ ਅਧਿਐਨ ਕਰਕੇ ਇਹਨਾਂ ਦੇ ਸਮਾਧਾਨ ਵਿੱਚ ਵੀ ਹਿੱਸਾ ਪਾਉਣ ਵੱਲ ਪਹਿਲਾਂ ਤੋਂ ਵੱਧ ਯੋਗਦਾਨ ਪਾਉਣਾ ਪਵੇਗਾ। ਸਮੂਹ ਕਾਰਜਕਰਤਾਵਾਂ ਨੂੰ ਇਨ੍ਹਾਂ ਚੁਣੌਤੀਆਂ ਲਈ ਆਪਣੇ ਆਪ ਨੂੰ ਤਿਆਰ ਤੇ ਸਿਖਿਅਤ ਕਰਨਾ ਹੋਵੇਗਾ, ਤਾਂ ਹੀ ਅਸੀਂ ਸਮੇਂ ਦੇ ਹਾਣੀ ਬਣ ਸਕਾਂਗੇ।

  1. ਕਾਰਜਸ਼ਾਲਾ ਦੇ ਪਹਿਲੇ ਦਿਨ ਚੇਅਰਮੈਨ, ਸਰਦਾਰ ਜਤਿੰਦਰਪਾਲ ਸਿੰਘ ਹੁਰਾਂ, ਉਨ੍ਹਾਂ ਜਥੇਬੰਦੀ ਦੀ ਲੋੜ, ਸਿਧਾਂਤਕ ਇੱਕਸੁਰਤਾ, ਕਾਰਜ ਸਮਰੱਥਾ, ਮਾਨਸਿਕ ਵਿਕਾਸ ਅਤੇ ਵਿਸ਼ਵ ਪੱਧਰੀ ਕਾਰਜ ਇਕਜੁੱਟਤਾ ਬਾਰੇ ਦੱਸਿਆ। ਉਨ੍ਹਾਂ ਕਿਹਾ ਕਿ ਵਿਅਕਤੀਗਤ ਸੇਵਾ ਇੱਛਾ ਭਾਵੇਂ ਚੰਗੀ ਹੈ ਪਰ “ਜਮਾਤ ਕਰਾਮਾਤ” ਦਾ ਗੁਣ ਕੇਵਲ ਜਥੇਬੰਦੀ ਵਿੱਚ “ਮਾਲਾ ਵਾਂਗ ਪਰੋਤਿਆਂ ਹੀ ਸੰਭਵ ਹੈ”।  ਉਨ੍ਹਾਂ ਕਿਹਾ ਕਿ ਸਰਬਤ ਦੇ ਭਲੇ ਵਿੱਚ ਹੀ ਆਪਣਾ ਭਲਾ ਹੈ : ਦੋ ਵਿਸ਼ਿਆਂ  ਨੂੰ ਪੀ. ਪੀ. ਟੀ. ਰਾਹੀਂ ਬੜੇ ਵਿਸਥਾਰ ਨਾਲ ਸਮਝਾਇਆ। ਦੂਜੇ ਭਾਗ ਵਿੱਚ ਉਨ੍ਹਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਦੇਸ਼ਾਂ, ਨਿਸ਼ਾਨਿਆਂ, ਜਥੇਬੰਦਕ ਢਾਂਚੇ, ਗਤੀਵਿਧੀਆਂ, ਕਾਰਜਾਂ ਵਿਚ ਵਰਗੀਕ੍ਰਿਤ ਕੌਂਸਲਾਂ ਆਦਿ ਬਾਰੇ ਇਕ ਇਕ ਅੰਗ ਨੂੰ ਸਪੱਸ਼ਟ ਕਰਕੇ ਵਿਸਥਾਰ ਵਿੱਚ ਦਸਿਆ । ਉਨ੍ਹਾਂ ਵਿਦਿਅਕ, ਸਮਾਜਿਕ ਖੇਤਰ, ਭਾਸ਼ਾ-ਸਭਿਆਚਾਰਕ ਮਾਮਲੇ, ਮਾਨਵੀ ਸਾਧਨਾਂ ਦਾ ਵਿਕਾਸ, ਇਸਤਰੀ ਸਸ਼ੱਕਤੀਕਰਣ ਆਦਿ ਕਾਰਜ ਖੇਤਰਾਂ ਵਿਚ ਕਿਵੇਂ ਕੌਂਸਲਾਂ ਕਾਰਜ ਕਰਦੀਆਂ ਹਨ, ਇਸ ਬਾਰੇ ਚਾਨਣਾ ਪਾਇਆ। ਵਿੱਤੀ ਕੌਂਸਲ, ਯੋਜਨਾਬੰਦੀ ਕੌਂਸਲ, ਪ੍ਰਬੰਧਕੀ ਕੌਂਸਲ, ਕੋਲੈਬੋਰੇਸ਼ਨ ਕੌਂਸਲ ਬਾਰੇ ਵੀ ਦੱਸਿਆ। ਉਨ੍ਹਾਂ ਜਥੇਬੰਦਕ ਅਨੁਭਵ ਸਾਂਝੇ ਕਰਦਿਆਂ “ਵਿਸ਼ਵ ਵਰਤੀ ਸੋਚੋ! ਸਥਾਨਕ ਪੱਧਰ ‘ਤੇ ਕੰਮ ਕਰੋ।” (Think Globally Act Locally) ਦਾ ਨੁਕਤਾ ਵੀ ਸਮਝਾਇਆ।
  2. ਕਾਰਜਸ਼ਾਲਾ ਦੇ ਦੂਸਰੇ ਦਿਨ ਡਾਕਟਰ ਅਵੀਨਿੰਦਰਪਾਲ ਸਿੰਘ ਡਾਇਰੈਕਟਰ ਜਨਰਲ, ਐੱਚ.ਆਰ.ਡੀ.ਐਂਡ ਪਲਾਨਿੰਗ ਕੌਂਸਲ ਹੁਰਾਂ ਕਿਹਾ ਕਿ ਜਥੇਬੰਦਕ ਸਭਿਆਚਾਰ ਉਨ੍ਹਾਂ ਕਦਰਾਂ-ਕੀਮਤਾਂ ਦਾ ਗੁਲਦਸਤਾ ਹੈ, ਇਨ੍ਹਾਂ ਕਰਕੇ ਜਥੇਬੰਦੀ ਦੀ ਹੋਂਦ ਹੈ। ਇਹ ਕਦਰਾਂ ਕੀਮਤਾਂ ਜਥੇਬੰਦੀ ਦੇ ਹਰੇਕ ਮੈਂਬਰ ਤੇ ਵਲੰਟੀਅਰ ਵੱਲੋਂ ਜਥੇਬੰਦਕ ਕਾਰਜ ਕਰਦਿਆਂ ਅਤੇ ਆਪਣਾ ਨਿਜੀ ਜੀਵਨ ਜਿਉਂਦਿਆਂ ਅਪਣਾਈਆਂ ਜਾਂਦੀਆਂ ਹਨ।

                ਆਪਣੇ ਵਿਚਾਰਾਂ ਦੀ ਵਿਆਖਿਆ ਕਰਦਿਆਂ ਉਹਨਾਂ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚਲਣਾ ਜਥੇਬੰਦਕ ਸੱਭਿਆਚਾਰ ਦਾ ਮੁੱਢਲਾ ਗੁਣ ਹੈ। ਇਕੱਤਰਤਾਵਾਂ ਸਮੇਂ ਭਾਵੇਂ ਵੱਖ ਵੱਖ ਵੀਚਾਰਾਂ ਦੀ ਸਾਂਝ ਹੋਵੇ ਪਰ ਸਾਰੇ ਫ਼ੈਸਲੇ ਸਰਬ-ਸੰਮਤੀ ਨਾਲ ਲੈਣੇ ਹਨ ਬਹੁ-ਸੰਮਤੀ ਨਾਲ ਨਹੀਂ। ਫੈਸਲੇ ਉਪਰੰਤ ਕੋਈ ਮਤ-ਭੇਦ ਜਾਂ ਮਨ-ਭੇਦ ਨਹੀਂ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਨਿਜੀ ਜੀਵਨ ਦੀ ਪੱਕਿਆਈ, ਸੇਵਾ ਕਾਰਜ ਕਰਦਿਆਂ ਹਰੇਕ ਨੂੰ ਮਾਣ ਸਤਿਕਾਰ ਦੇਣਾ, ਅਨੁਸਾਸ਼ਨ ਬੱਧਤਾ, ਸ਼ੁਧਭਾਵਨਾ ਆਦਿ ਜਥੇਬੰਦਕ ਸੱਭਿਆਚਾਰ ਦੇ ਵਿਸ਼ੇਸ਼ ਗੁਣ ਹਨ।

 

  1. ਕਾਰਜਸ਼ਾਲਾ ਦੇ ਤੀਸਰੇ ਦਿਨ ਡਾਕਟਰ ਮਨਦੀਪ ਸਿੰਘ ਰਿਸੋਰਸ ਪਰਸਨ ਇੰਸਟੀਚਿਊਟ ਅਤੇ ਜ਼ੋਨਲ ਸਕੱਤਰ, ਅਬੋਹਰ-ਫਾਜ਼ਿਲਕਾ-ਸ੍ਰੀ ਗੰਗਾ ਨਗਰ ਜ਼ੋਨ ਹੁਰਾਂ ਕਿਹਾ ਕਿ ਜਥੇਬੰਦੀ ਵਿੱਚ ਸੁਚਾਰੂ ਢੰਗ ਨਾਲ ਕਾਰਜ ਕਰਨ ਹਿੱਤ ਵਿਸ਼ੇਸ਼ ਸੁਭਾਅ ਦੀ ਲੋੜ ਹੁੰਦੀ ਹੈ। ਉਨ੍ਹਾਂ ਆਪਣੇ ਵਿਸ਼ੇ ਨੂੰ ਤਿੰਨ ਹਿੱਸਿਆਂ (1) ਜਥੇਬੰਦਕ ਸੁਭਾਅ ਦੀ ਜ਼ਰੂਰਤ ਕਿਉਂ (2) ਇਹ ਸੁਭਾਅ ਕਿਹੋ ਜਿਹਾ ਹੋਵੇ ਅਤੇ (3) ਇਸ ਸੁਭਾਅ ਨੂੰ ਕਿਵੇਂ ਬਣਾਇਆ ਜਾ ਸਕਦਾ ਹੈ ਵਿੱਚ ਵੰਡ ਕੇ ਹਾਜ਼ਰ ਕਾਰਜਕਰਤਾਵਾਂ ਦੇ ਸਨਮੁੱਖ ਪੇਸ਼ ਕੀਤਾ।

                 ਜਥੇਬੰਦਕ ਸੁਭਾਅ ਨੂੰ ਕਿਵੇਂ ਘੜਿਆ ਜਾ ਸਕਦਾ ਹੈ ਇਸ ਬਾਰੇ ਉਨ੍ਹਾਂ ਕਿਹਾ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਸਿੱਖ ਵਿਰਸੇ ਤੋਂ ਅਗਵਾਈ ਲੈ ਕੇ ਹੀ ਕਾਰਜਕਰਤਾ ਨੇ ਆਪਣੇ ਗੁਣਾਂ ਵਿੱਚ ਵਾਧਾ ਕਰਨਾ ਹੈ। ਜਥੇਬੰਦਕ ਸੇਵਾ ਹਉਮੈ ਅਤੇ ਹੋਰਨਾਂ ਅਵਗੁਣਾਂ ਨੂੰ ਤਿਆਗ ਕੇ ਕੀਤੀ ਜਾਵੇ। ਮਨ, ਭਾਵਨਾ ਤੇ ਦਿਮਾਗ ਦੀ ਇਕਾਗਰਤਾ ਹੋਣੀ ਜ਼ਰੂਰੀ ਹੈ। ਹੰਕਾਰ, ਈਰਖਾ, ਦਵੈਤ ਅਤੇ ਸਾੜਾ ਆਦਿ ਬਿਰਤੀਆਂ ਤੋਂ ਰਹਿਤ ਹੋ ਕੇ ਹੀ ਸੁਖੀ ਸਮਾਜ ਸਿਰਜਣ ਲਈ ਯਤਨਸ਼ੀਲ ਹੋਇਆ ਜਾ ਸਕਦਾ ਹੈ। ਜੀਵਨ ਵਿੱਚ ਆਉਣ ਵਾਲੀਆਂ ਚੁਣੌਤੀਆਂ ਦਾ ਸਾਹਮਣਾ ਨਾਮ ਸਿਮਰਨ ਅਤੇ ਗੁਰੂ ਬਖਸ਼ਿਸ਼ ਸਦਕਾ ਹੀ ਕੀਤਾ ਜਾ ਸਕਦਾ ਹੈ।

 

  1. ਕਾਰਜਸ਼ਾਲਾ ਦੇ ਚੌਥੇ ਦਿਨ ਗੁਰਬਾਣੀ ਅਤੇ ਇਤਿਹਾਸ ਵਿੱਚੋਂ ਮਿਲਦੀਆਂ ਜਥੇਬੰਦਕ ਪ੍ਰੇਰਣਾਵਾਂ ਸਬੰਧੀ ਜਾਣੂ ਕਰਵਾਉਂਦਿਆਂ ਸ੍ਰ. ਬਲਜੀਤ ਸਿੰਘ, ਵਾਈਸ ਚੇਅਰਮੈਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਰਾਂ ਕਿਹਾ ਕਿ ਅਸੀਂ ਜਦੋਂ ਆਪਣੇ ਇਤਿਹਾਸ ਰੂਪੀ ਪਿਓ ਦਾਦੇ ਦੇ ਖਜ਼ਾਨੇ ਨੂੰ ਖੋਲ੍ਹ ਕੇ ਦੇਖਦੇ ਹਾਂ ਤਾਂ ਸਾਡਾ ਮਨ ਚੜ੍ਹਦੀ ਕਲਾ ਵਿਚ ਆ ਜਾਂਦਾ ਹੈ। ਗੁਰਬਾਣੀ ਅਤੇ ਇਤਿਹਾਸ ਦੇ ਰੂਪ ਵਿਚ ਸਾਡੇ ਪਾਸ ਅਨਮੋਲ ਖਜ਼ਾਨਾ ਮੌਜੂਦ ਹੈ। ਉਨ੍ਹਾਂ ਗੁਰੂ ਸਾਹਿਬਾਨ ਦੇ ਜੀਵਨ ਵਿਚੋਂ ਸਾਖੀਆਂ ਅਤੇ ਘਟਨਾਵਾਂ ਦੇ ਹਵਾਲਿਆਂ ਨਾਲ ਵੱਖ-ਵੱਖ ਪ੍ਰੇਰਣਾਵਾਂ ਦਾ ਵਰਨਣ ਕੀਤਾ। ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਬ੍ਰਿਤਾਂਤ ਤੋਂ ਉਨ੍ਹਾਂ ਸੱਚ ਕਹਿਣ ਦੀ ਜੁਰੱਅਤ ਅਤੇ ਨਿੱਜੀ ਸੁੱਖ ਤਿਆਗ ਕੇ ਪ੍ਰਚਾਰ ਲਈ ਨਿਕਲਣ ਦੀ ਪ੍ਰੇਰਣਾ ਆਦਿ ਲੈਣ ਲਈ ਕਿਹਾ।
  2. ਕਾਰਜਸ਼ਾਲਾ ਦੇ ਪੰਜਵੇਂ ਦਿਨ ਪ੍ਰੋ. ਮਨਿੰਦਰ ਸਿੰਘ, ਸਟੇਟ ਪ੍ਰਧਾਨ, ਪੰਜਾਬ ਸਟੇਟ ਕੌਂਸਲ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਰਾਂ ਵਿਸ਼ੇ “ਸਵੈ-ਇੱਛਤ ਸੇਵਾ : ਪ੍ਰੇਰਣਾ ਅਤੇ ਸ਼ਕਤੀਕਰਣ ਰਾਹੀਂ ਸਵੈ-ਇੱਛਤ ਸੰਗਠਨ ਦੀ ਤਿਆਰੀ” ਸਬੰਧੀ ਕਿਹਾ ਕਿ ਅਕਾਲ ਪੁਰਖ ਵਲੋਂ ਪ੍ਰਾਪਤ ਵੱਡਮੁੱਲੀ ਜ਼ਿੰਦਗੀ ਦੀ ਸਹੀ ਕੀਮਤ ਦੀ ਅਸਲ ਪਛਾਣ ਹੀ ਇਸ ਦੀ ਯੋਗ ਵਰਤੋਂ ਦੀ ਕੁੰਜੀ ਹੈ। ਉੱਚਾ ਮਕਸਦ ਜ਼ਿੰਦਗੀ ਨੂੰ ਭਰਪੂਰ ਅਤੇ ਅਸਰਦਾਰ ਬਣਾ ਦਿੰਦਾ ਹੈ। ਭੋਗ ਵਿਲਾਸ ਤੇ ਸ਼ੋਹਰਤ ਜ਼ਿੰਦਗੀ ‘ਚ ਉਪਰਾਮਤਾ ਲਿਆਉਂਦੇ ਹਨ।

                ਉਨ੍ਹਾਂ ਮਨੁੱਖ ਦੇ ਮਨੋਵਿਗਿਆਨਕ ਆਧਾਰਾਂ ਨਾਲ ਜੁੜੇ ਸੂਖਮ ਨਿਰਣਿਆਂ, ਭੁਲੇਖਿਆਂ, ਮਕਸਦਾਂ, ਭੋਗਵਿਲਾਸੀ ਇਛਾਵਾਂ ਅਤੇ ਮਾਨਸਕ-ਆਤਮਕ ਸਵਾਧੀਨਤਾ ਦਾ ਵਰਣਨ ਬਹੁਤ ਕੁਸ਼ਲਤਾ ਨਾਲ ਕੀਤਾ। ਉਨ੍ਹਾਂ ਇਤਿਹਾਸ ਵਿੱਚੋਂ ਚੜ੍ਹਦੀ ਕਲਾ ਦੇ ਪ੍ਰਤੀਕ ਕਾਂਡਾਂ ਦਾ ਵਰਣਨ ਵੀ ਕੀਤਾ। ਵਿਦੇਸ਼ੀ, ਦੇਸੀ ਵਿਦਵਾਨਾਂ ਦੇ ਕਥਨ ਨਾਲ ਪਰੋਤੇ ਉਹਨਾਂ ਦੇ ਵਿਚਾਰਾਂ ਵਿੱਚ ਭਾਈ ਗੁਰਦਾਸ, ਗੁਰਬਾਣੀ ਅਤੇ ਨਿੱਤ ਦਿਨ ਦੇ ਵਰਤਾਰਿਆਂ ਨਾਲ ਸਬੰਧਤ ਛੋਟੀਆਂ ਛੋਟੀਆਂ ਘਟਨਾਵਾਂ ਦਾ ਖੂਬ ਜੜੰਤ ਸੀ।

ਵਿਰਸਾ ਕੈਂਪ- 2020

ਸਿਮਰਨ ਦੀਆਂ ਬਰਕਤਾਂ ਨਾਲ ਹੀ ਜੀਵਨ ਚੱਲਦਾ ਤੇ ਪ੍ਰਫੁੱਲਤ ਵੀ ਹੁੰਦਾ ਹੈ :- ਡਾ. ਇੰਦਰਜੀਤ ਸਿੰਘ ਗੋਗੋਆਣੀ
 
ਡਾ. ਇੰਦਰਜੀਤ ਸਿੰਘ ਗੋਗੋਆਣੀ ਵਲੋਂ ਵਿਰਸਾ ਕੈਂਪ- 2020 ਵਿਚ ਖੋਜਮਈ ਵਿਚਾਰਾਂ ਦੀ ਪੇਸ਼ਕਾਰੀ
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਅਕਾਦਮਿਕ ਕੌਂਸਲ ਵਲੋਂ ਕਾਲਜ ਵਿਦਿਆਰਥੀ ਵਿਦਿਆਰਥਣਾਂ ਲਈ ਵੀਡੀਓ ਕਾਨਫਰੰਸਿੰਗ ਰਾਹੀਂ 1 ਤੋਂ 5 ਜੂਨ 2020 ਤੱਕ ਲਗਾਏ ਜਾ ਰਹੇ ਸਾਲਾਨਾ ਵਿਰਸਾ ਕੈਂਪ ਦੇ ਦੂਜੇ ਦਿਨ 2 ਜੂਨ ਨੂੰ ‘ਸਿਮਰਨ ਦੀਆਂ ਬਰਕਤਾਂ’ ਵਿਸ਼ੇ ‘ਤੇ ਡਾ. ਇੰਦਰਜੀਤ ਸਿੰਘ ਗੋਗੋਆਣੀ, ਪ੍ਰਿੰਸੀਪਲ, ਖਾਲਸਾ ਕਾਲਜ ਸੀਨੀ. ਸੈਕੰ. ਸਕੂਲ, ਸ੍ਰੀ ਅੰਮ੍ਰਿਤਸਰ ਨੇ ਆਪਣੇ ਵਿਚਾਰ ਪੇਸ਼ ਕੀਤੇ। ਆਰੰਭ ਵਿਚ ਸ੍ਰ. ਹਰਮੋਹਿੰਦਰ ਸਿੰਘ ਨੰਗਲ, ਸਟੇਟ ਸਕੱਤਰ, ਪੰਜਾਬ ਹੁਰਾਂ ਮੁੱਢਲੀ ਜਾਣਕਾਰੀ ਦਿੰਦਿਆਂ ਡਾ. ਗੋਗੋਆਣੀ ਹੁਰਾਂ ਨੂੰ ਕੈਂਪਰਾਂ ਦੇ ਰੂ-ਬ-ਰੂ ਕੀਤਾ ਅਤੇ ਕੈਂਪ ਬਾਰੇ ਵਿਸਥਾਰ ਨਾਲ ਸੂਚਨਾਵਾਂ ਸਾਂਝੀਆਂ ਕੀਤੀਆਂ।
ਆਪਣੇ ਸੰਬੋਧਨ ਵਿੱਚ ਡਾ. ਗੋਗੋਆਣੀ ਹੁਰਾਂ ਸਿਮਰਨ ਨੂੰ ਸਿੱਖੀ ਦਾ ਵੱਡਾ ਥੰਮ ਦੱਸਿਆ। ਉਨ੍ਹਾਂ ਕਿਹਾ ਕਿ ਪੰਜਾਬੀ ਦਾ ਅਖਾਣ ਹੈ ਹਰਕਤ ਵਿਚ ਬਰਕਤ। ਜਿੰਨੀ ਵੀ ਸਰੀਰਕ ਅਤੇ ਮਾਨਸਿਕ ਗਤੀਵਿਧੀ ਹੋਵੇਗੀ, ਉਨੀ ਹੀ ਜੀਵ ਦੀ ਪ੍ਰਫੁੱਲਤਾ ਹੋਵੇਗੀ। ਉਨ੍ਹਾਂ ਵਿਦਿਆਰਥੀਆਂ ਨੂੰ ਹਰ ਪੱਧਰ ਉੱਤੇ ਉੱਦਮੀ ਅਤੇ ਗਤੀਸ਼ੀਲ ਰਹਿਣ ਲਈ ਪ੍ਰੇਰਿਆ।
ਡਾ. ਗੋਗੋਆਣੀ ਹੁਰਾਂ ਨਿਤਨੇਮ ਕਰਨ ਨੂੰ ਸਿਮਰਨ ਦੇ ਲਈ ਜ਼ਰੂਰੀ ਦੱਸਿਆ ਕਿਉਂਕਿ ਬਾਣੀ ਵਿਚ ਅਕਾਲ ਪੁਰਖ ਦੇ ਸਰੂਪ, ਉਸ ਦੀ ਹੋਂਦ ਅਤੇ ਉਸ ਨਾਲ ਸਾਡੀ ਆਤਮਿਕ ਸਾਂਝ ਦੇ ਸ਼ਬਦ ਮੌਜੂਦ ਹਨ। ਉਨ੍ਹਾਂ ਵੱਖ ਵੱਖ ਥਾਵਾਂ ‘ਤੇ ਲੱਗਣ ਵਾਲੇ ਨਾਮ ਸਿਮਰਨ ਕੈਂਪਾਂ ਦਾ ਹਵਾਲਾ ਵੀ ਦਿੱਤਾ। ਉਨ੍ਹਾਂ ਕਿਹਾ ਕਿ ਜੋ ਅਸਰ ਆਪਣੀਆਂ ਬਿਰਤੀਆਂ ਨੂੰ ਕੇਂਦਰਿਤ ਕਰਨ ਦਾ ਹੈ, ਉਸ ਦਾ ਕੋਈ ਮੁਕਾਬਲਾ ਨਹੀਂ ਹੈ। ਜਿਥੇ ਪਿਆਰ ਹੋਵੇ, ਉਥੇ ਯਾਦ ਕਰਨ ਦੇ ਲਈ ਜ਼ੋਰ ਨਹੀਂ ਲਾਉਣਾ ਪੈਂਦਾ। ਜੇ ਬਾਣੀ ਨਾਲ ਸਾਡਾ ਪਿਆਰ ਹੋ ਜਾਵੇ ਤਾਂ ਸੁਭਾਵਿਕ ਹੀ ਪਰਮਾਤਮਾ ਨਾਲ ਪਿਆਰ ਬਣ ਜਾਂਦੈ।
ਉਨ੍ਹਾਂ ਸ਼ਰਧਾ, ਭਾਵਨਾ ਤੇ ਪ੍ਰੰਪਰਾਵਾਂ ਦੇ ਖੰਡਨ ਕਰਨ ਵਾਲਿਆਂ ਬਾਰੇ ਕਿਹਾ ਕਿ ਕੇਵਲ ਗਿਆਨ ਹਾਸਲ ਕਰਕੇ ਹੀ ਪੂਰਨਤਾ ਨਹੀਂ ਆ ਸਕਦੀ। ਸਿਮਰਨ ਕਰਨ ਵਾਲੇ ਅਨੁਭਵੀ ਮਹਾਂਪੁਰਸ਼ਾਂ ਦੀਆਂ ਪ੍ਰਾਪਤੀਆਂ ਨਾਲ ਹੀ ਪੰਥਕ ਮਹਾਨਤਾ ਬਣੀ ਹੈ। ਸਿੱਖ ਸਿਧਾਂਤ ਦੇ ਸ਼ਬਦ ਸੁਰਤਿ ਕੇਂਦਰ ਨੂੰ ਹਾਨੀ ਪਹੁੰਚਾਣ ਲਈ ਬਹੁਤ ਚਾਲਾਂ ਚੱਲੀਆਂ ਗਈਆਂ, ਸਿੱਖ ਸੰਸਥਾਵਾਂ ਦੇ ਉੱਤੇ ਵੀ ਸ਼ੰਕੇ ਖੜ੍ਹੇ ਕੀਤੇ ਗਏ ਪਰ ਪੰਥ ਦੀ ਸਦਾ ਚੜ੍ਹਦੀ ਕਲਾ ਬਣੀ ਰਹੀ ਹੈ।
ਆਪਣੇ ਵਿਸ਼ੇ ਦਾ ਵਿਸਥਾਰ ਕਰਦਿਆਂ ਉਨ੍ਹਾਂ ਕੈਂਪਰਾਂ ਨੂੰ ਦੱਸਿਆ ਕਿ ਸਿਮਰਨ ਕਰਦਿਆਂ ਜਦੋਂ ਸੁਰਤੀ ਬਲਵਾਨ ਹੋ ਜਾਵੇ ਤਾਂ ਸਿਮਰਨ ਦੀ ਬਰਕਤ ਵਿਚ ਹੀ ਹਰਕਤ ਦਾ ਭਾਵ ਸਮਝ ਆ ਜਾਂਦੈ। ਉਨ੍ਹਾਂ ਕਿਹਾ ਕਿ ਸ਼ੰਕੇ ਤੋਂ ਮੁਕਤ ਹੋ ਕੇ ਪ੍ਰਭੂ ਦਾ ਸਿਮਰਨ ਕਰੀਏ। ਭਰੋਸਾ ਤੇ ਵਿਸ਼ਵਾਸ ਵੀ ਮੰਗੀਏ ਅਤੇ ਵਿਵੇਕ ਵੀ ਮੰਗੀਏ। ਡਾ. ਗੋਗੋਆਣੀ ਹੁਰਾਂ ਪੰਜਾਬੀ ਮੁਹਾਵਰਿਆਂ ਦੇ ਖੂਬ ਹਵਾਲੇ ਦੇ ਕੇ ਚੰਗੀ ਬੋਲੀ, ਚੰਗੇ ਸ਼ਬਦ ਤੇ ਚੰਗਾ ਸੁਭਾਅ ਅਪਨਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਵਿਦਿਆਰਥੀ ਉਮਰ ਵਿਚ ਬਾਣੀ ਕੰਠ ਦਾ ਸੁਨਹਿਰੀ ਮੌਕਾ ਹੁੰਦਾ ਹੈ। ਉਨ੍ਹਾਂ ਸਿਮਰਨ ਦੀਆਂ ਬਰਕਤਾਂ ਵਿਸ਼ੇ ਦੇ ਨਿੱਜੀ ਅਨੁਭਵ ਲਈ ਕੁਝ ਵਿਸ਼ੇਸ਼ ਪੁਸਤਕਾਂ ਦਾ ਜ਼ਿਕਰ ਵੀ ਕੀਤਾ। ਕੁੱਲ ਮਿਲਾ ਕੇ ਇਹ ਸਾਰਾ ਸੈਸ਼ਨ ਵਿਦਿਆਰਥੀਆਂ ਲਈ ਗਿਆਨ ਅਨੁਭਵ ਅਤੇ ਪ੍ਰੇਰਨਾਵਾਂ ਨਾਲ ਭਰਪੂਰ ਰਿਹਾ।
ਧੰਨਵਾਦ ਦੇ ਸ਼ਬਦ ਕਹਿੰਦਿਆਂ ਇੰਜੀ. ਅਮਰਪ੍ਰੀਤ ਸਿੰਘ, ਡਿਪਟੀ ਚੀਫ਼ ਸਕੱਤਰ, ਅਕਾਦਮਿਕ ਕੌਂਸਲ ਹੁਰਾਂ ਕਿਹਾ ਕਿ ਸਿਮਰਨ ਇੱਕ ਆਤਮਿਕ ਸ਼ਕਤੀ ਹੈ। ਨਾਮ ਤੋਂ ਬਿਨਾ ਅਸਲ ਜੀਵਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਸ੍ਰ. ਨਵਪ੍ਰੀਤ ਸਿੰਘ, ਜ਼ੋਨਲ ਸਕੱਤਰ ਹੁਸ਼ਿਆਰਪੁਰ ਜ਼ੋਨ ਹੁਰਾਂ ਵਿਦਿਆਰਥੀਆਂ ਨੂੰ ਕੁਝ ਵਿਸ਼ੇਸ਼ ਪੁਸਤਕਾਂ ਪੜ੍ਹਣ ਲਈ ਪ੍ਰੇਰਿਆ । ਸ੍ਰ. ਹਰਮੋਹਿੰਦਰ ਸਿੰਘ ਸਟੇਟ ਸਕੱਤਰ, ਪੰਜਾਬ ਅਤੇ ਹਿਮਾਚਲ ਹੁਰਾਂ ਕੈਂਪ ਦਾ ਬਾਖੂਬੀ ਸੰਚਾਲਨ ਕਰਦਿਆਂ ਅੱਜ ਦੀ ਅਸਾਈਨਮੈਂਟ ਤੇ ਹੋਰ ਸੂਚਨਾਵਾਂ ਸਾਂਝੀਆਂ ਕੀਤੀਆਂ ਅਤੇ ਕੈਂਪ ਦੇ ਸੰਚਾਲਨ ਵਿੱਚ ਯੋਗਦਾਨ ਪਾ ਰਹੇ ਸਹਿਯੋਗੀਆਂ ਦਾ ਧੰਨਵਾਦ ਵੀ ਕੀਤਾ।

ਆਨ ਲਾਈਨ ਇਸਤਰੀ ਚੇਤਨਾ ਸੈਮੀਨਾਰ ਦਾ ਆਯੋਜਨ

 
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਇਸਤਰੀ ਕੌਂਸਲ ਵਲੋਂ ਡਾ. ਕਵਲਜੀਤ ਕੌਰ ਮੁਹਾਲੀ, ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਦੀ ਪ੍ਰਧਾਨਗੀ ਹੇਠ 30 ਮਈ, 2020 ਨੂੰ ਆਨ ਲਾਈਨ ਇਸਤਰੀ ਚੇਤਨਾ ਸੈਮੀਨਾਰ ਕਰਵਾਇਆ ਗਿਆ। ਸੈਮੀਨਾਰ ਦੀ ਆਰੰਭਤਾ ਸਮੇਂ ਡਾ. ਭੁਪਿੰਦਰ ਕੌਰ ਕਵਿਤਾ, ਸਰਕਾਰੀ ਕਾਲਜ ਹੁਸ਼ਿਆਰਪੁਰ ਨੇ ਸੈਮੀਨਾਰ ਦੇ ਮੁੱਖ ਬੁਲਾਰੇ ਪ੍ਰੋ. ਯਸ਼ਪ੍ਰੀਤ ਕੌਰ ਬਾਰੇ ਜਾਣਕਾਰੀ ਦਿੰਦੇ ਹੋਏ ਸਰੋਤਿਆਂ ਦੇ ਰੂ-ਬਰ-ਰੂ ਕਰਵਾਇਆ। ਉਨ੍ਹਾਂ ਦੱਸਿਆ ਕਿ ਮੈਂਟਲ ਹੈਲਥ ਦੇ ਮਾਹਿਰ ਪ੍ਰੋਫੈਸਰ ਸਾਹਿਬਾ ਨੇ ਮਾਸਟਰਜ਼ ਇਨ ਸਾਈਕਰੈਟਿਕ ਨਰਸਿੰਗ ਕਰਨ ਤੋਂ ਬਾਅਦ ਅਧਿਆਪਨ ਅਤੇ ਖੋਜ ਕਾਰਜ ਵਿੱਚ ਅਨੇਕਾਂ ਪ੍ਰਾਪਤੀਆਂ ਕੀਤੀਆਂ ਹਨ।
ਪ੍ਰੋ. ਯਸ਼ਪ੍ਰੀਤ ਕੌਰ ਹੁਰਾਂ “ਅਜੋਕੇ ਸਮੇਂ ਵਿੱਚ ਸਿੱਖ ਮੁਟਿਆਰ” ਦਾ ਰੋਲ ਵਿਸ਼ੇ ਸਬੰਧੀ ਸੰਬੋਧਨ ਕਰਦਿਆਂ ਭਾਈ ਮਰਦਾਨੇ ਦੀ ਸਾਖੀ ਵਿਚਲੀ ਰਬਾਬ ਵਾਲੀ ਘਟਨਾ ਤੋਂ ਬੇਬੇ ਨਾਨਕੀ ਜੀ ਦੇ ਸਿੱਖ ਧਰਮ ਵਿੱਚ ਮੁੱਢਲੇ ਯੋਗਦਾਨ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸਿੱਖ ਇਤਿਹਾਸ ਦੇ ਗੌਰਵਮਈ ਵਿਰਸੇ ‘ਤੇ ਝਾਤ ਮਾਰੀਏ ਤਾਂ ਇਸਤਰੀ ਜਾਤੀ ਦਾ ਵੱਡਮੁੱਲਾ ਯੋਗਦਾਨ ਕਾਬਲੇ ਤਾਰੀਫ਼ ਹੈ। ਅੱਜ ਦੀ ਔਰਤ ਨੂੰ ਆਪਣੀ ਸੁਚੱਜੀ ਹੋਂਦ ਬਰਕਰਾਰ ਰੱਖਣ ਲਈ ਇਤਿਹਾਸ ਨੂੰ ਵਿਚਾਰਨ ਅਤੇ ਨਕਸ਼ੇ ਕਦਮਾਂ ‘ਤੇ ਚੱਲਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਿੱਖ ਇਤਿਹਾਸ ਜਿੱਥੇ ਯੋਧਿਆਂ ਦੀਆਂ ਕੁਰਬਾਨੀਆਂ ਅਤੇ ਕੁਰਬਾਨ ਜ਼ਿੰਦਗਾਨੀਆਂ ਦੀ ਗੱਲ ਕਰਦਾ ਹੈ ਉੱਥੇ ਸਿਮਰਨ, ਸੇਵਾ, ਸਿਦਕ ਅਤੇ ਨਿਮਰਤਾ ਜਿਹੇ ਗੁਣਾਂ ਨੂੰ ਬਾਖੂਬੀ ਨਾਲ ਸਾਡੀ ਝੋਲੀ ਪਾ ਰਿਹਾ ਹੈ। ਜੇਕਰ ਅਸੀਂ ਚਾਹੁੰਦੇ ਹਾਂ ਕਿ ਸਾਡੀ ਆਉਣ ਵਾਲੀ ਪੀੜ੍ਹੀ ਸਮਾਜ ਲਈ ਵਰਦਾਨ ਸਾਬਿਤ ਹੋਵੇ ਤਾਂ ਇਹ ਤਦ ਹੀ ਹੋ ਸਕਦਾ ਹੈ ਜੇਕਰ ਬੱਚਿਆਂ ਨੂੰ ਗੁਰਬਾਣੀ ਨਾਲ ਜੋੜਿਆ ਜਾਵੇ, ਚੰਗੇ ਗੁਣਾਂ ਦਾ ਸੰਚਾਰ ਹੋਵੇ। ਇਸ ਵਿੱਚ ਔਰਤ ਮਹੱਤਵਪੂਰਨ ਭੂਮਿਕਾ ਨਿਭਾ ਸਕਦੀ ਹੈ। ਅੱਜ ਦੀਆਂ ਮਾਵਾਂ ਜਿੱਥੇ ਬੱਚਿਆਂ ਦੀਆਂ ਸਾਰੀਆਂ ਇੱਛਾਵਾਂ ਦੀ ਪੂਰਤੀ ਕਰ ਦੀਆਂ ਹਨ ਉੱਥੇ ਉਨ੍ਹਾਂ ਲਈ ਸੇਵਾ, ਸਿਮਰਨ, ਸਰੂਪ, ਨਿੱਤਨੇਮ ਅਤੇ ਨਿਮਰਤਾ ਦੀ ਦਾਤ ਵੀ ਬੱਚਿਆਂ ਦੀ ਝੋਲੀ ਪਾਉਣਾ ਮੁਸ਼ਕਲ ਨਹੀਂ ਹੈ ਜੋ ਕਿ ਸਮੇਂ ਦੀ ਵੱਡੀ ਲੋੜ ਹੈ।
ਸੈਮੀਨਾਰ ਦੇ ਅਖੀਰ ਵਿੱਚ ਡਾ. ਕਵਲਜੀਤ ਕੌਰ ਹੁਰਾਂ ਸ਼ਾਮਿਲ ਮਹਿਮਾਨਾਂ ਦਾ ਧੰਨਵਾਦ ਕੀਤਾ। ਸ੍ਰ. ਹਰਮੋਹਿੰਦਰ ਸਿੰਘ ਨੰਗਲ, ਸਟੇਟ ਸਕੱਤਰ, ਪੰਜਾਬ ਸਟੇਟ ਕੌਂਸਲ ਹੁਰਾਂ ਇਸ ਸੈਮੀਨਾਰ ਦਾ ਤਕਨੀਕੀ ਸੰਚਾਲਨ ਕੀਤਾ। ਵੱਖ ਵੱਖ ਜ਼ੋਨਾਂ/ਸਟੇਟਾਂ ਤੋਂ ਇਸਤਰੀ ਮੈਂਬਰ ਅਤੇ ਸਟੱਡੀ ਸਰਕਲ ਦੇ ਆਗੂਆਂ ਨੇ ਸੈਮੀਨਾਰ ਵਿੱਚ ਭਾਗ ਲਿਆ।

8 thoughts on “Webinars

  1. Ich habe hier einige ausgezeichnete Sachen gelesen. Auf jeden Fall Preis Lesezeichen für einen erneuten Besuch. Ich frage mich, wie viele Versuche Sie unternehmen, um eine so hervorragende informative Website zu erstellen. Esmaria Randall Tamaru

Leave a Reply

Your email address will not be published. Required fields are marked *

Categories