DSC_4041

Vichar Gosti – Vismad Tija Badal (HRD Council)

ਭਾਈ ਹਰਿਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਰਚਿਤ ਪੁਸਤਕ

ਵਿਸਮਾਦ : ਤੀਸਰਾ ਬਦਲ ਸਬੰਧੀ ਵਿਚਾਰ ਗੋਸ਼ਟੀ

ਗੁਰਬਾਣੀ ਖੋਜ-ਵਿਚਾਰ ਤੇ ਸੰਚਾਰ ਕੇਂਦਰ ਵੱਲੋਂ 6 ਅਗਸਤ ਨੂੰ ਭਾਈ ਮਨੀ ਸਿੰਘ ਸੈਮੀਨਾਰ ਹਾਲ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਭਾਈ ਹਰਿਸਿਮਰਨ ਸਿੰਘ, ਡਾਇਰੈਕਟਰ, ਭਾਈ ਗੁਰਦਾਸ ਇੰਸਟੀਚਿਊਟ ਫਾਰ ਐਡਵਾਂਸ ਸਿੱਖ ਸਟੱਡੀਜ਼, ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਦੀ ਨਵੀਂ ਵੱਡ ਅਕਾਰੀ ਤਿੰਨ ਭਾਗਾਂ ਵਿਚ ਆਈ ਰਚਨਾ ‘ਵਿਸਮਾਦ : ਤੀਸਰਾ ਬਦਲ’ ਉੱਤੇ ਵਿਚਾਰ ਗੋਸ਼ਟੀ ਕਰਵਾਈ ਗਈ। ਵਿਚਾਰ ਗੋਸ਼ਟੀ ਦੀ ਪ੍ਰਧਾਨਗੀ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਪ੍ਰੋ. ਵਾਈਸ ਚਾਂਸਲਰ ਪ੍ਰੋਫੈਸਰ ਪ੍ਰਿਥੀਪਾਲ ਸਿੰਘ ਹੁਰਾਂ ਕਿਹਾ ਕਿ ਪੁਸਤਕ ਦੀ ਰਚਨਾ ਸਿੱਖੀ ਦੇ ਪਰਿਪੇਖ ਵਿਚ ਇੱਕ ਨਵਾਂ ਮੋੜ ਹੈ ਤੇ ਇਹ ਪੁਸਤਕ ਇਸ ਸਬੰਧ ਵਿਚ ਵਿਸ਼ਵ-ਵਰਤਾਰੇ ਨੂੰ ਵਿਸ਼ਲੇਸ਼ਤ ਕਰਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਹਲਕਿਆਂ ਵਿਚ ਇਸ ਦੀ ਚਰਚਾ ਗੰਭੀਰਤਾ ਨਾਲ ਹੋਣੀ ਚਾਹੀਦੀ ਹੈ। ਮੁੱਖ ਮਹਿਮਾਨ, ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਐਡੀਸ਼ਨਲ ਹੈੱਡ ਗ੍ਰੰਥੀ, ਸ੍ਰੀ ਦਰਬਾਰ ਸਾਹਿਬ, ਸ੍ਰੀ ਅੰਮ੍ਰਿਤਸਰ ਨੇ ਗੁਰਬਾਣੀ ਦੇ ਵਿਚ ਵਿਸ਼ਵ ਸਾਂਝੀਵਾਲਤਾ ਵਾਲੇ ਵਿਸਮਾਦੀ ਵਿਚਾਰ ਤੋਂ ਸੇਧ ਲੈਣ ਖਾਤਰ ਲੇਖਕ ਦੀ ਸ਼ਲਾਘਾ ਕੀਤੀ। ਇਸ ਤੋਂ ਪਹਿਲਾਂ ਸ੍ਰ: ਗੁਰਮੀਤ ਸਿੰਘ ਚੀਫ਼ ਐਡਮਨਿਸਟ੍ਰੇਟਰ, ਸਟੱਡੀ ਸਰਕਲ ਨੇ ਸਵਾਗਤੀ ਸ਼ਬਦ ਸਾਂਝੇ ਕਰਦਿਆਂ ਪੁਸਤਕ ਵਿਚ ਵਿਸ਼ਵ ਦੇ ਭਵਿੱਖ ਦੀ ਆਸ ਛੁਪੀ ਹੋਣ ਦਾ ਜ਼ਿਕਰ ਕੀਤਾ। ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ ਹੁਰਾਂ ਇਸ ਮੌਕੇ ਸਟੱਡੀ ਸਰਕਲ ਵਲੋਂ ਸਥਾਪਤ ਗੁਰਬਾਣੀ ਖੋਜ-ਵਿਚਾਰ ਤੇ ਸੰਚਾਰ ਕੇਂਦਰ ਰਾਹੀਂ ਖੋਜ ਕਾਰਜਾਂ ਦੀ ਵਿਸਥਾਰ ਜਾਣਕਾਰੀ ਦਿੱਤੀ ਅਤੇ ਭਵਿੱਖੀ ਯੋਜਨਾਵਾਂ ਦਾ ਜ਼ਿਕਰ ਕਰਦਿਆਂ ਲੇਖਕ ਦੀ ਅਣਥੱਕ ਮਿਹਨਤ ਦੀ ਸ਼ਲਾਘਾ ਕੀਤੀ।
ਸਮਾਗਮ ਸਬੰਧੀ ਜਾਣਕਾਰੀ ਦਿੰਦਿਆਂ ਗੁਰਬਾਣੀ ਖੋਜ-ਵਿਚਾਰ ਤੇ ਸੰਚਾਰ ਕੇਂਦਰ ਦੇ ਪ੍ਰਧਾਨ ਇੰਜੀ: ਜੋਗਿੰਦਰ ਸਿੰਘ ਨੇ ਦੱਸਿਆ ਕਿ ਇਸ ਮੌਕੇ ਪੇਸ਼ ਕੀਤੇ ਗਏ ਚਾਰ ਪਰਚਿਆਂ ਵਿਚ ਬੁਲਾਰਿਆਂ ਨੇ ਲੇਖਕ ਵਲੋਂ ਵਿਸਮਾਦ ਨੂੰ ਕੇਂਦਰੀ ਵਿਚਾਰ ਬਨਾਉਣ ਦੀ ਸ਼ਲਾਘਾ ਕੀਤੀ ਅਤੇ ਅਮਲੀ ਸਤਹ ਤੇ ਦਰਪੇਸ਼ ਔਕੜਾਂ ਦਾ ਸਵਾਲ ਖੜ੍ਹਾ ਕੀਤਾ। ਡਾ: ਸਰਬਜੋਤ ਕੌਰ ਸਾਬਕਾ ਮੁਖੀ ਪੰਜਾਬੀ ਵਿਭਾਗ ਸਰਕਾਰੀ ਕਾਲਜ, ਲੁਧਿਆਣਾ ਹੁਰਾਂ ਵਿਸਥਾਰ ਵਿਚ ਪੁਸਤਕਾਂ ਦਾ ਵਿਸ਼ਲੇਸ਼ਣ ਕਰਦਿਆਂ ਸਾਰੇ ਧਰਮਾਂ ਦੇ ਚਿੰਤਕਾਂ ਨੂੰ ਪ੍ਰੇਰਿਆ ਕਿ ਉਹ ਇਸ ਰਚਨਾ ਨੂੰ ਗਹੁ ਨਾਲ ਵਿਚਾਰਨ ਕਿਉਂਕਿ ਇਹ ਬਹੁ-ਸਭਿਆਚਾਰਵਾਦੀ ਹੈ। ਡਾ: ਬਲਵਿੰਦਰਪਾਲ ਸਿੰਘ ਗੁਰੂਸਰ ਸਧਾਰ ਹੁਰਾਂ ਪੁਸਤਕਾਂ ਦੀ ਭਰਪੂਰ ਸਰਾਹਣਾ ਕਰਦੇ ਹੋਏ ਪੱਛਮੀ ਦੇਸ਼ਾਂ ਵਿਚ ਹੋਏ ਆਰਥਕ ਵਿਕਾਸ, ਬਹੁਸਭਿਆਚਾਰਵਾਦੀ ਸਮਾਜਿਕ ਢਾਂਚੇ ਦੀ ਸਥਾਪਨਾ ਅਤੇ ਲੋਕਤੰਤਰੀ ਪ੍ਰਾਪਤੀਆਂ ਵਲੋਂ ਲੇਖਕ ਦੇ ਧਿਆਨ ਦੀ ਆਸ ਪ੍ਰਗਟਾਈ। ਉਨ੍ਹਾਂ ਕਾਰਪੋਰੇਟ ਖੇਤਰ ਵਿਚ ਕਮਿਊਨਿਸਟ ਮੁਹਾਵਰੇ ਨੂੰ ਵਰਤਣ ਤੋਂ ਸੁਚੇਤ ਰਹਿਣ ਲਈ ਕਿਹਾ। ਡਾ: ਸਵਰਾਜ ਸਿੰਘ ਪਟਿਆਲਾ ਹੁਰਾਂ ਗੁਰਬਾਣੀ ਵਿਚ ਮੌਜੂਦ ਵਿਸ਼ਵ ਦ੍ਰਿਸ਼ਟੀ ਦੀ ਗੱਲ ਕਰਦਿਆਂ, ਪੂਰਬੀ ਧਰਮਾਂ ਵਿਚ ਪੱਛਮ ਦੇ ਸਰਮਾਏਦਾਰੀ ਢਾਂਚੇ ਨਾਲੋਂ ਬਿਹਤਰ ਸਮਰੱਥਾ ਹੋਣ ਦੀ ਗੱਲ ਕਹੀ ਅਤੇ ਭਾਈ ਹਰਸਿਮਰਨ ਸਿੰਘ ਦੀ ਲੇਖਣੀ ਦੀ ਸ਼ਲਾਘਾ ਕੀਤੀ। ਇੰਜੀ: ਜੋਗਿੰਦਰ ਸਿੰਘ ਹੁਰਾਂ ਕਿਹਾ ਕਿ ਭਾਈ ਹਰਿਸਿਮਰਨ ਸਿੰਘ ਇਸ ਰਚਨਾ ਸਿਧਾਂਤ ਰਾਹੀਂ ਭਵਿੱਖ ਦੇ ਮਨੁੱਖ ਨੂੰ ਨਵੇਂ ਬੋਲ, ਮਕਸਦ ਅਤੇ ਪ੍ਰਣਾਲੀ ਦੇਣ ਦਾ ਯਤਨ ਕਰ ਰਹੇ ਹਨ।
ਇਸ ਸਮੇਂ ਪੁਸਤਕ ਦੇ ਲੇਖਕ ਭਾਈ ਹਰਿਸਿਮਰਨ ਸਿੰਘ ਸ੍ਰੀ ਅਨੰਦਪੁਰ ਸਾਹਿਬ ਨੇ ਪੁਸਤਕ ਵਿਚਲੇ ਵੱਖ-ਵੱਖ ਪਹਿਲੂਆਂ ਸਬੰਧੀ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਪੁਸਤਕ ਛੇ ਭਾਗਾਂ ਵਿਚ ਹੈ ਜਿਸ ਨੂੰ 3 ਵੱਡ ਅਕਾਰੀ ਜਿਲਦਾਂ ਵਿਚ ਤਿਆਰ ਕੀਤਾ ਗਿਆ ਹੈ। ਉਹਨਾਂ ਹੋਰ ਦੱਸਿਆ ਕਿ ਇਸ ਪੁਸਤਕ ਦਾ ਕੇਂਦਰੀ ਭਾਵ 100 ਪੰਨਿਆਂ ‘ਤੇ ਅਧਾਰਤ ਅੰਗ੍ਰੇਜ਼ੀ ਰੂਪ ਵਿਚ ਵੀ ਤਿਆਰ ਕੀਤਾ ਗਿਆ ਹੈ ਜਿਸ ਨੂੰ ਆਮ ਪਾਠਕ ਅਤੇ ਖਾਸਕਰ ਨੌਜਵਾਨ ਵਰਗ ਪੜ੍ਹ ਕੇ ਸਮੁੱਚੀ ਵਿਸਮਾਦਕ ਫਿਲਾਸਫੀ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਜਾਣਕਾਰੀ ਦਿੱਤੀ ਕਿ ਉਹ ਇਸ ਸਾਰੀ ਰਚਨਾ ਨੂੰ ਦਸੰਬਰ 2017 ਤੱਕ ਅੰਗ੍ਰੇਜ਼ੀ ਵਿਚ ਵੀ ਪਾਠਕਾਂ ਦੇ ਰੂ-ਬ-ਰੂਪੇਸ਼ ਕੀਤਾ ਜਾਵੇਗਾ। ਉਨ੍ਹਾਂ ਵਿਸ਼ਵ ਭਰ ਦੀਆਂ ਯੂਨੀਵਰਸਿਟੀਆਂ ਦੇ ਸਿੱਖ ਵਿਦਵਾਨਾਂ ਅਤੇ ਚੇਅਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪੁਸਤਕ ਵਿਚ ਦਿੱਤੀ ਸਮੱਗਰੀ ਨੂੰ ਪੜ੍ਹਣ ਅਤੇ ਅਗਲੇਰੀ ਖੋਜ ਲਈ ਉੱਦਮ ਆਰੰਭ ਕਰਨ। ਭਾਈ ਹਰਿਸਿਮਰਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਜੁਲਾਈ 2016 ਵਿਚ ਇਸ ਪੁਸਤਕ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਭੇਂਟ ਕਰਦਿਆਂ ਇਹ ਬੇਨਤੀ ਕੀਤੀ ਹੈ ਕਿ ਉਹ ਸ਼੍ਰੋਮਣੀ ਕਮੇਟੀ ਦੇ ਮਾਧਿਅਮ ਰਾਹੀਂ ਸਿੱਖ ਧਰਮ ਦੇ ਪ੍ਰੋੜ ਪ੍ਰਚਾਰਕਾਂ ਅਤੇ ਖੋਜੀਆਂ ਨੂੰ ਇਸ ਪੁਸਤਕ ਬਾਰੇ ਜਾਣਕਾਰੀ ਮੁਹੱਈਆ ਕਰਵਾਉਣ ਤਾਂ ਜੋ ਗੁਰਬਾਣੀ ਦਰਸ਼ਨ ਅਤੇ ਫਿਲਾਸਫੀ ਆਦਿ ਰਾਹੀਂ ਸਿੱਖ ਧਰਮ ਬਾਰੇ ਜਾਣਕਾਰੀ ਸਮੁੱਚੀ ਦੁਨੀਆਂ ਤੱਕ ਪੁੱਜ ਸਕੇ।

ਸਮਾਗਮ ਦੇ ਅਖ਼ੀਰ ਵਿਚ ਸ੍ਰ: ਪ੍ਰਤਾਪ ਸਿੰਘ, ਚੇਅਰਮੈਨ, ਸਟੱਡੀ ਸਰਕਲ ਨੇ ਆਏ ਪਤਵੰਤਿਆਂ, ਬੁੱਧੀਜੀਵੀਆਂ ਅਤੇ ਲੇਖਕਾਂ ਦਾ ਧੰਨਵਾਦ ਕੀਤਾ। ਸ੍ਰ: ਇਕਬਾਲ ਸਿੰਘ, ਡਿਪਟੀ ਡਾਇਰੈਕਟਰ ਜਨਰਲ, ਐਚ.ਆਰ.ਡੀ. ਐਂਡ ਪਲਾਨਿੰਗ ਕੌਂਸਲ ਨੇ ਸਟੇਜ ਦਾ ਸੰਚਾਲਨ ਬਾਖੂਬੀ ਨਿਭਾਇਆ। ਹਾਜ਼ਰ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਦੁਸ਼ਾਲੇ, ਸਿਰੋਪਾਓ ਅਤੇ ਪੁਸਤਕਾਂ ਦੇ ਸੈੱਟ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। 

ਸਮਾਗਮ ਦੌਰਾਨ ਸ੍ਰ: ਗੁਰਜੀਤ ਸਿੰਘ ਰੁਮਾਣਾ, ਪ੍ਰੋ: ਰਾਜਿੰਦਰ ਸਿੰਘ ਜੀ.ਜੀ.ਐਨ. ਖਾਲਸਾ ਕਾਲਜ, ਸ੍ਰੀ ਟੀ.ਐਲ. ਜਿੰਦਲ ਐਡਵੋਕੇਟ, ਸ੍ਰ: ਨਿਰਮਲ ਸਿੰਘ ਸੀਨੀਅਰ ਐਡਵੋਕੇਟ, ਸ੍ਰ: ਕਰਮਜੀਤ ਸਿੰਘ ਸਿਰਜਨਧਾਰਾ, ਡਾ: ਅਮਰਦੀਪ ਸਿੰਘ ਗੁਰਮਤਿ ਭਵਨ ਮੁੱਲਾਂਪੁਰ, ਇੰਜੀ: ਡੀ.ਐਮ. ਸਿੰਘ, ਡਾ: ਇੰਦਰਜੀਤ ਸਿੰਘ ਵਾਸੂ ਅਤੇ ਸ੍ਰ: ਸੁਖਦੇਵ ਸਿੰਘ ਨੇ ਵੀ ਵਿਚਾਰ ਗੋਸ਼ਟੀ ਵਿਚ ਹਿੱਸਾ ਲਿਆ।

Leave a Reply

Your email address will not be published. Required fields are marked *

Categories