Teacher Workshop

ਇੱਕ ਰੋਜ਼ਾ ਅਧਿਆਪਕ ਵਰਕਸ਼ਾਪ ਦਾ ਆਯੋਜਨ 

ਫਰੀਦਕੋਟ-ਸ੍ਰੀ ਮੁਕਤਸਰ ਸਾਹਿਬ-ਬਠਿੰਡਾ ਜ਼ੋਨ ਵੱਲੋਂ ਭਾਈ ਮਹਾਂ ਸਿੰਘ ਕਾਲਜ ਆਫ਼ ਇੰਜੀ: ਸ੍ਰੀ ਮੁਕਤਸਰ ਸਾਹਿਬ ਵਿਖੇ 30 ਅਪ੍ਰੈਲ ਨੂੰ ਇੱਕ ਰੋਜ਼ਾ ਅਧਿਆਪਕ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਵੱਖ-ਵੱਖ ਸਕੂਲਾਂ ਅਤੇ ਕਾਲਜਾਂ ਦੇ 60 ਅਧਿਆਪਕਾਂ ਨੇ ਸ਼ਮੂਲੀਅਤ ਕੀਤੀ। ਇਸ ਪ੍ਰੋਗਰਾਮ ਵਿੱਚ ਮੈਡਮ ਬਲਜੀਤ ਕੌਰ, ਮੰਡਲ ਸਿੱਖਿਆ ਅਫ਼ਸਰ ਫਰੀਦਕੋਟ ਮੁੱਖ ਮਹਿਮਾਨ ਵਜੋਂ ਪਹੁੰਚੇ ਜਦਕਿ ਮੈਡਮ ਨਵਜੋਤ ਕੌਰ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਫਾਰ ਗਰਲਜ਼ ਅਤੇ ਪ੍ਰੋ: ਦਲਬੀਰ ਸਿੰਘ ਪ੍ਰਿੰਸੀਪਲ ਭਾਈ ਮਹਾਂ ਸਿੰਘ ਕਾਲਜ਼ ਆਫ਼ ਲਾਈਫ਼ ਸਾਇੰਸਜ਼ ਐਂਡ ਆਈ.ਟੀ. ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ। ਸਮਾਗਮ ਵਿੱਚ ਡਾ: ਮਨਦੀਪ ਸਿੰਘ ਜ਼ੋਨਲ ਸਕੱਤਰ ਅਬੋਹਰ ਜ਼ੋਨ ਅਤੇ ਪ੍ਰੋ: ਮਨਿੰਦਰ ਸਿੰਘ, ਰੇਡੀਐਂਟ ਕਾਲਜ ਅਬੋਹਰ ਮੁੱਖ ਬੁਲਾਰੇ ਵਜੋਂ ਪਹੁੰਚੇ। 

ਪ੍ਰੋਗਰਾਮ ਦੀ ਸ਼ੁਰੂਆਤ ਜ਼ੋਨਲ ਸਕੱਤਰ ਪ੍ਰੋਫੈਸਰ ਗੁਰਪ੍ਰੀਤ ਸਿੰਘ ਨੇ ਆਏ ਹੋਏ ਸਮੂੰਹ ਅਧਿਆਪਕਾਂ ਤੇ ਪਤਵੰਤੇ ਸੱਜਣਾਂ ਨੂੰ ਜੀ ਆਇਆ ਆਖ ਕੇ ਕੀਤੀ। ਡਾ: ਮਨਦੀਪ ਸਿੰਘ ਅਧਿਆਪਨ ਇੱਕ ਬਖਸ਼ਿਸ਼ ਵਿਸ਼ੇ ‘ਤੇ ਗੱਲਬਾਤ ਕਰਦਿਆਂ ਆਖਿਆ ਕਿ ਅਧਿਆਪਨ ਕੇਵਲ ਕਿੱਤਾ ਨਾ ਹੋ ਕੇ ਸਮਾਜ ਵਿੱਚ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ। ਉਹਨਾਂ ਵਿਦਿਆਰਥੀਆਂ ਵਿੱਚ ਹੋ ਰਹੇ ਨੈਤਿਕ ਪਤਨ ਕਾਰਨ ਸਮਾਜ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਚਰਚਾ ਕਰਦਿਆਂ ਸਮੂਹ ਅਧਿਆਪਕਾਂ ਨੂੰ ਇਹਨਾਂ ਸਮੱਸਿਆਵਾਂ ਦੇ ਹੱਲ ਲਈ ਅੱਗੇ ਆਉਣ ਦਾ ਸੱਦਾ ਦਿੱਤਾ। ਪ੍ਰੋ: ਮਨਿੰਦਰ ਸਿੰਘ ਨੇ ਆਪਣੇ ਕੁੰਜੀਵਤ ਭਾਸ਼ਣ ਦੌਰਾਨ ਅਧਿਆਪਕ ਵਰਗ ਦੀਆਂ ਸਮਾਜ ਪ੍ਰਤੀ ਬਣਦੀਆਂ ਜ਼ਿੰਮੇਵਾਰੀਆਂ ਦ੍ਰਿੜ੍ਹ ਕਰਾਉਂਦਿਆਂ ਆਖਿਆ ਕਿ ਅਧਿਆਪਕ ਉਹ ਪੁੱਲ ਹੁੰਦੇ ਹਨ, ਜਿਨ੍ਹਾਂ ਤੋਂ ਲੰਘ ਕੇ ਵਿਦਿਆਰਥੀ ਆਪਣੇ ਜੀਵਨ ਦੇ ਨਿਸ਼ਾਨਿਆਂ ਤੱਕ ਪਹੁੰਚਦੇ ਹਨ। ਵਿਦਿਆਰਥੀ ਜੀਵਨ ਦਾ ਬਹੁਤ ਸਾਰਾ ਸਮਾਂ ਵਿਦਿਅਕ ਅਦਾਰਿਆਂ ਵਿੱਚ ਬੀਤਣ ਕਰਕੇ ਅਧਿਆਪਕਾਂ ਦੀ ਨਿੱਜੀ ਸ਼ਖ਼ਸੀਅਤ ਦਾ ਚੌਖਾ ਪ੍ਰਭਾਵ ਉਸਦੀ ਸ਼ਖ਼ਸੀਅਤ ਤੇ ਪੈਂਦਾ ਹੈ। ਉਹਨਾਂ ਇਤਿਹਾਸਕ ਹਵਾਲੇ ਦਿੰਦਿਆਂ ਦੱਸਿਆ ਸੰਪੂਰਨ ਗੁਣਾਂ ਵਾਲੇ ਅਧਿਆਪਕ ਹੀ ਚੰਗੀ ਜੀਵਨ ਜਾਚ ਵਾਲੇ ਵਿਦਿਆਰਥੀ ਪੈਦਾ ਕਰਨ ਦੇ ਸਮਰੱਥ ਹੋ ਸਕਦੇ ਹਨ। ਇਸ ਮੌਕੇ ਵੱਖ-ਵੱਖ ਅਧਿਆਪਕਾਂ ਨੇ ਆਪਣੇ ਨਿੱਜੀ ਤਜ਼ਰਬੇ ਸਾਂਝੇ ਕਰਦਿਆਂ ਵਿਦਿਆਰਥੀਆਂ ਨਾਲ ਪਿਆਰ ਵਧਾਉਣ ਅਤੇ ਉਤਸ਼ਾਹਿਤ ਕਰਨ ਦੀ ਗੱਲ ਆਖੀ। ਉਹਨਾਂ ਆਖਿਆ ਕਿ ਅਧਿਆਪਕ ਸਮਾਜ ਦੇ ਸਰਵੋਤਮ ਰਚੈਤਾ ਸਾਬਤ ਹੋ ਸਕਦੇ ਹਨ, ਜੇਕਰ ਉਹ ਸਮਾਜ ਪ੍ਰਤੀ ਆਪਣੀਆਂ ਬਣਦੀਆਂ ਜ਼ਿੰਮੇਵਾਰੀਆਂ ਨਿਭਾਉਣ। ਅੰਤ ਵਿੱਚ ਆਏ ਹੋਏ ਮੁੱਖ ਮਹਿਮਾਨ ਤੇ ਅਧਿਆਪਕ ਸਾਹਿਬਾਨਾਂ ਨੂੰ ਸਟੱਡੀ ਸਰਕਲ ਵੱਲੋਂ ਸਨਮਾਨ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਭੇਟ ਕੀਤੇ ਗਏ। ਇਸ ਮੌਕੇ ਡਾ: ਅਵੀਨਿੰਦਰਪਾਲ ਸਿੰਘ, ਸ੍ਰ: ਗੁਰਵਿੰਦਰ ਸਿੰਘ ਖੇਤਰ ਪ੍ਰਧਾਨ, ਸ੍ਰ: ਜਸਪ੍ਰੀਤ ਸਿੰਘ ਖੇਤਰ ਸਕੱਤਰ, ਸ੍ਰ: ਪਰਮਿੰਦਰ ਸਿੰਘ, ਸ੍ਰ: ਮਹਿਤਾਬ ਸਿੰਘ, ਸ੍ਰ: ਜਸ਼ਨਦੀਪ ਸਿੰਘ, ਸ੍ਰ: ਸ਼ਮਿੰਦਰ ਸਿੰਘ, ਸ੍ਰ: ਹਰਬੰਸ ਸਿੰਘ, ਸ੍ਰ: ਜਸਦੀਪ ਸਿੰਘ, ਸ੍ਰ: ਰਾਜਪ੍ਰੀਤ ਸਿੰਘ ਖੂਨਣ ਕਲਾਂ, ਸ੍ਰ: ਰਮਨਦੀਪ ਸਿੰਘ, ਸ੍ਰ: ਸਾਹਿਬ ਸਿੰਘ ਆਦਿ ਹਾਜ਼ਰ ਸਨ।

ਇੱਕ ਰੋਜ਼ਾ ਅਧਿਆਪਕ ਕਾਰਜਸ਼ਾਲਾ ਦਾ ਆਯੋਜਨ

ਫਰੀਦਕੋਟ ਜ਼ੋਨ ਵਲੋਂ 27 ਅਪ੍ਰੈਲ ਨੂੰ ਪੰਡਤ ਚੇਤਨ ਦੇਵ ਸਰਕਾਰੀ ਕਾਲਜ਼ ਆਫ ਐਜੂਕੇਸ਼ਨ ਫਰੀਦਕੋਟ ਵਿਖੇ ਮੰਡਲ ਸਿੱਖਿਆ ਅਫ਼ਸਰ ਮੈਡਮ ਬਲਜੀਤ ਕੌਰ ਦੀ ਅਗਵਾਈ ਹੇਠ ਇੱਕ ਰੋਜ਼ਾ ਅਧਿਆਪਕ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵੱਖ ਵੱਖ ਸਕੂਲਾਂ ਦੇ 150 ਅਧਿਆਪਕਾਂ ਨੇ ਸ਼ਿਰਕਤ ਕੀਤੀ। ਕਾਰਜਸ਼ਾਲਾ ਦੀ ਸ਼ੁਰੂਆਤ ਸ੍ਰ: ਅਮਰਜੀਤ ਸਿੰਘ ਕੋਟਕਪੂਰਾ ਵਲੋਂ ‘ਵਿਚ ਦੁਨੀਆ ਸੇਵ ਕਮਾਈਐ’ ਸ਼ਬਦ ਦਾ ਗਾਇਣ ਕਰਕੇ ਕੀਤੀ ਗਈ। ਕੋਆਰਡੀਨੇਟਰ ਡਾ: ਗੁਰਪ੍ਰੀਤ ਸਿੰਘ ਨੇ ਸਟੇਜ ਦਾ ਸੰਚਾਲਨ ਕਰਦਿਆਂ ਆਏ ਮਹਿਮਾਨਾਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਨੂੰ ਕਿਹਾ। ਪਹਿਲੇ ਟੈਕਨੀਕਲ ਸੈਸ਼ਨ ਦੌਰਾਨ ਪ੍ਰੋ: ਮਨਿੰਦਰ ਸਿੰਘ ਰੇਡੀਅਨ ਕਾਲਜ ਆਫ ਇੰਜੀ: ਐਂਡ ਟੈਕਨਾਲੋਜੀ, ਅਬੋਹਰ ਨੇ ਅਧਿਆਪਕਾਂ ਨਾਲ ਅਧਿਆਪਨ ਦੀ ਕਲਾ ਤੇ ਬੋਲਦਿਆਂ ਜਮਾਤ ਵਿੱਚ ਅਧਿਆਪਕ ਦਾ ਵਿਦਿਆਰਥੀਆਂ ਨਾਲ ਵਤੀਰਾ, ਪੜ੍ਹਾਉਣ ਦੀਆਂ ਆਧੁਨਿਕ ਅਤੇ ਪੁਰਾਤਨ ਤਕਨੀਕਾਂ ਦਾ ਸੁਮੇਲ ਕਰਨ ਬਾਰੇ ਸਲਾਈਡ ਸ਼ੋਅ ਪੇਸ਼ ਕੀਤਾ। ਉਨ੍ਹਾਂ ਇਹ ਵੀ ਕਿਹਾ ਕਿ ਅਧਿਆਪਕ ਵਰਗ ਨੂੰ ਵਿਦਿਆਰਥੀਆਂ ਨਾਲ ਉਦਾਂ ਦਾ ਹੀ ਪਿਆਰ ਪੈਦਾ ਕਰਨਾ ਪਵੇਗਾ ਜਿਸ ਤਰ੍ਹਾਂ ਦਾ ਉਹ ਆਪਣੇ ਬੱਚਿਆਂ ਨੂੰ ਕਰਦੇ ਹਨ। 

ਉਪਰੰਤ ਡਾ: ਅਵੀਨਿੰਦਰਪਾਲ ਸਿੰਘ ਐਡੀਸ਼ਨਲ ਚੀਫ਼ ਆਰਗੇਨਾਈਜ਼ਰ ਨੇ ਸਚਿਆਰ ਮਨੁੱਖ ਦੀ ਘਾੜਤ ਲਈ ਵਿਦਿਅਕ ਸੰਸਥਾਵਾਂ ਦਾ ਯੋਗਦਾਨ ਵਿਸ਼ੇ ‘ਤੇ ਪੈਨਲ ਡਿਸਕਸ਼ਨ ਕਰਵਾਈ ਜਿਸ ਵਿੱਚ ਮੰਡਲ ਸਿੱਖਿਆ ਅਫ਼ਸਰ ਮੈਡਮ ਬਲਜੀਤ ਕੌਰ, ਪ੍ਰਿੰਸੀਪਲ ਸੰਜੀਵ ਜੈਨ ਸ਼ਹੀਦ ਗੰਜ ਪਬਲਿਕ ਸਕੂਲ, ਮੁੱਦਕੀ, ਲੈਕਚਰਾਰ ਮਨਿੰਦਰ ਕੌਰ, ਡਾ: ਹਰਮਿੰਦਰ ਕੌਰ ਪ੍ਰਿੰਸੀਪਲ ਸਰਕਾਰੀ ਬੀ.ਐਡ. ਕਾਲਜ ਫਰੀਦਕੋਟ, ਪ੍ਰੋ: ਗੁਰਪ੍ਰੀਤ ਸਿੰਘ ਜ਼ੋਨਲ ਸਕੱਤਰ ਬਤੌਰ ਪੈਨਲਿਸਟ ਹਾਜ਼ਰ ਹੋਏ ਅਤੇ ਉਪਰੋਕਤ ਵਿਸ਼ੇ ‘ਤੇ ਆਪਣੇ ਵਿਚਾਰ ਰੱਖੇ। ਡਾ: ਹਰਮਿੰਦਰ ਕੌਰ ਨੇ ਸੁਤੰਤਰ ਸੋਚ ਵਾਲੇ ਵਿਦਿਆਰਥੀਆਂ ਦੀ ਘਾੜਤ ਘੜਨ ਲਈ ਪ੍ਰੇਰਿਤ ਕੀਤਾ ਤਾਂ ਜੋ ਉਹ ਆਪਣੀ ਬੌਧਿਕਤਾ ਅਨੁਸਾਰ ਸਹੀ ਅਤੇ ਗਲਤ ਦੀ ਪਹਿਚਾਣ ਕਰ ਸਕਣ। ਪੈਨਲ ਡਿਸਕਸ਼ਨ ਦੌਰਾਨ ਅਧਿਆਪਕਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ, ਉਨ੍ਹਾਂ ਸਵਾਲ ਪੁੱਛੇ ਅਤੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਅਖੀਰਲੇ ਸੈਸ਼ਨ ਦੌਰਾਨ ਡਾ: ਬਲਵਿੰਦਰਪਾਲ ਸਿੰਘ ਗੁਰੂ ਹਰਗੋਬਿੰਦ ਖਾਲਸਾ ਕਾਲਜ ਸੁਧਾਰ ਨੇ ਸੁਚੱਜਾ ਅਧਿਆਪਨ ਕਾਰਜਸ਼ੈਲੀ ਅਤੇ ਜ਼ੁੰਮੇਵਾਰੀਆਂ ਵਿਸ਼ੇ ‘ਤੇ ਵਿਚਾਰ ਕੀਤੀ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦਾ ਜੀਵਨ ਦਾ ਬਹੁਤ ਵੱਡਾ ਸਮਾਂ ਵਿਦਿਅਕ ਸੰਸਥਾਵਾਂ ਵਿੱਚ ਹੀ ਗੁਜ਼ਰਦਾ ਹੈ ਅਤੇ ਉਥੋਂ ਦਾ ਮਾਹੌਲ ਉਨ੍ਹਾਂ ਦੇ ਜੀਵਨ ਤੇ ਚੋਖਾ ਪ੍ਰਭਾਵ ਪਾਉਂਦਾ ਹੈ। ਇੱਕ ਚੰਗਾ ਅਧਿਆਪਕ ਹੀ ਇੱਕ ਚੰਗਾ ਸਮਾਜ ਸਿਰਜ ਸਕਦਾ ਹੈ। ਵਿਦਿਆਰਥੀ ਆਪਣੇ ਅਧਿਆਪਕ ਦੇ ਬਾਹਰੀ ਅਤੇ ਨਿੱਜੀ ਜੀਵਨ ਦੋਨਾਂ ਤੋਂ ਹੀ ਸਿੱਖਦੇ ਹਨ। ਇਸ ਲਈ ਅਧਿਆਪਕ ਦਾ ਨਿੱਜੀ ਜੀਵਨ ਵੀ ਨੈਤਿਕਤਾ ਭਰਪੂਰ ਹੋਣਾ ਚਾਹੀਦਾ ਹੈ। ਕਾਰਜਸ਼ਾਲਾ ਦੀ ਸਮਾਪਤੀ ਤੇ ਸਕੂਲਾਂ ਵਿੱਚ ਨੈਤਿਕਤਾ ਦੇ ਪਸਾਰੇ ਨੂੰ ਸਮਰਪਿਤ ਅਧਿਆਪਕਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਕਾਰਜਸ਼ਾਲਾ ਨੂੰ ਸਫਲ ਬਣਾਉਣ ਲਈ ਡਾ: ਕਰਨਜੀਤ ਸਿੰਘ, ਸ੍ਰ: ਗੁਰਵਿੰਦਰ ਸਿੰਘ, ਸ੍ਰ: ਨਵਨੀਤ ਸਿੰਘ, ਸ੍ਰ: ਸੰਤ ਸਿੰਘ, ਸ੍ਰ: ਬਲਜੀਤ ਸਿੰਘ, ਸ੍ਰ: ਤੀਰਥ ਸਿੰਘ, ਸ੍ਰ: ਗੁਰਦੀਪ ਸਿੰਘ, ਸ੍ਰ: ਹਰਦੀਪ ਸਿੰਘ ਆਦਿ ਨੇ ਅਹਿਮ ਭੂਮਿਕਾ ਨਿਭਾਈ। ਨੈਤਿਕ ਕਰਦਾਂ ਕੀਮਤਾਂ ਦੇ ਫੈਲਾਅ ਦੇ ਸਮਰਪਣ ਲਈ ਕਾਰਜਸ਼ਾਲਾ ਅਮਿੱਟ ਯਾਦਾਂ ਛੱਡ ਗਈ। 

Leave a Reply

Your email address will not be published. Required fields are marked *

Categories