ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ
ਸਾਰਾਗੜੀ ਸਾਕੇ ਨੂੰ ਸਮਰਪਿਤ ਵਿਸ਼ੇਸ਼ ਸੈਮੀਨਾਰ
”ਦੁਨੀਆਂ ਦੇ ਇਤਿਹਾਸ ਵਿਚ ਸ਼ਾਮਲ ਯੁੱਧਾਂ ਵਿਚ ਸਾਰਾਗੜੀ ਦੇ ਯੁੱਧ ਦਾ ਜ਼ਿਕਰ ਵਿਸ਼ੇਸ਼ ਤੌਰ ‘ਤੇ ਆਉਂਦਾ ਹੈ। ਇਸ ਯੁੱਧ ਵਿਚ 21 ਸਿਰਲੱਥ ਸਿੱਖ ਯੋਧਿਆਂ ਨੇ ਅੰਤਲੇ ਸੁਆਸਾਂ ਤੱਕ ਮੈਦਾਨੇ ਜੰਗ ‘ਚ ਜੂਝਦਿਆਂ ‘ਨਿਸਚੈ ਕਰਿ ਆਪਨੀ ਜੀਤ ਕਰੋ’ ਦੇ ਸੰਕਲਪ ਨੂੰ ਇੰਨ ਬਿੰਨ ਸਾਕਾਰ ਕੀਤਾ”, ਇਨਾਂ ਸ਼ਬਦਾਂ ਦਾ ਪ੍ਰਗਟਾਵਾ ਸਾਰਾਗੜੀ ਫਾਊਂਡੇਸ਼ਨ ਦੇ ਚੇਅਰਮੈਨ ਸ੍ਰ: ਗੁਰਿੰਦਰ ਸਿੰਘ ਨੇ ਅੱਜ ਇੱਥੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਯੂਨਿਟ ਵਲੋਂ ਵਿਦਿਆਰਥੀ ਭਵਨ ਵਿਚ ਸਾਰਾਗੜੀ ਯੁੱਧ ਦੇ 120 ਸਾਲ ਪੂਰੇ ਹੋਣ ‘ਤੇ ਆਯੋਜਿਤ ਇਕ ਵਿਸ਼ੇਸ਼ ਸੈਮੀਨਾਰ ਵਿਚ ਕੀਤਾ। ਉਨਾਂ ਦੱਸਿਆ ਕਿ ਬਹਾਦਰੀ ਤੇ ਦਲੇਰੀ ਦੇ ਇਸ ਮਹੱਤਵਪੂਰਨ ਯੁੱਧ ਬਾਰੇ ਉਨਾਂ ਆਪਣਾ ਖੋਜ ਕਾਰਜ 1995 ਵਿਚ ਸ਼ੁਰੂ ਕੀਤਾ ਸੀ ਤੇ ਇਸ ਬਾਰੇ ਇਕ ਵਿਸ਼ੇਸ਼ ਪੁਸਤਕ ਵੀ ਪ੍ਰਕਾਸ਼ਤ ਕੀਤੀ ਗਈ ਹੈ। ਉਨਾਂ ਸਰੋਤਿਆਂ ਦੇ ਸੁਆਲਾਂ ਦੇ ਜੁਆਬ ਵੀ ਦਿੱਤੇ। ਇਸ ਤੋਂ ਪਹਿਲਾਂ ਸਟੱਡੀ ਸਰਕਲ ਦੇ ਸਥਾਨਕ ਯੂਨਿਟ ਪ੍ਰਧਾਨ ਡਾ: ਕੰਵਰ ਬਰਜਿੰਦਰ ਸਿੰਘ ਨੇ ਆਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਸਮਾਗਮ ਦਾ ਮਨੋਰਥ ਸਾਂਝਾ ਕੀਤਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ: ਜਸਪਾਲ ਸਿੰਘ, ਜ਼ੋਨਲ ਸਕੱਤਰ, ਲੁਧਿਆਣਾ ਜ਼ੋਨ ਨੇ ਦੱਸਿਆ ਕਿ ਇਸ ਮੌਕੇ ਰਾਇਲ ਬ੍ਰਿਟਿਸ਼ ਆਰਮੀ ਅਕੈਡਮੀ ਵਲੋਂ ਮੇਜਰ ਜਨਰਲ ਡੰਕਨ ਫਰਾਂਸਿਸ ਕੈਪਸ ਦੀ ਅਗਵਾਈ ਵਿਚ ਭਾਰਤ ਆਏ 14 ਮੈਂਬਰੀ ਡੈਲੀਗੇਟਸ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਅਕੈਡਮੀ ਦੇ ਬੁਲਾਰਿਆਂ ਨੇ ਇਨਾਂ ਸ਼ਹੀਦਾਂ ਬਾਰੇ ਭਾਵਪੂਰਨ ਸ਼ਰਧਾਂਜ਼ਲੀ ਦਿੰਦਿਆਂ ਜਾਣਕਾਰੀ ਦਿੱਤੀ ਕਿ ਰਾਇਲ ਮਿਲਟਰੀ ਫੋਰਸ ਦੇ ਓਹੀ ਅਸੂਲ ਹਨ ਜਿਨਾਂ ‘ਤੇ ਚਲਣ ਲਈ ਸਾਡੇ ਗੁਰੂ ਸਾਹਿਬਾਨ ਨੇ ਪ੍ਰੇਰਿਆ ਹੈ। ਇਸ ਸਮੇਂ ਮਿਲਟਰੀ ਇੰਜੀਨੀਅਰ ਬੀਬੀ ਹਰਪ੍ਰੀਤ ਕੌਰ ਨੇ ਕਿਹਾ ਕਿ ਪੰਜਾਬ ਆ ਕੇ ਪੰਜਾਬ ਵਾਸੀਆਂ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਜੋ ਪਿਆਰ ਮਿਲਿਆ ਹੈ ਉਸ ਲਈ ਅਸੀਂ ਤਹਿ ਦਿਲੋਂ ਰਿਣੀ ਹਾਂ। ਉਨਾਂ ਕਿਹਾ ਕਿ ਸਾਨੂੰ ਸਾਰਾਗੜੀ ਦੇ ਉਨਾਂ 21 ਸ਼ਹੀਦਾਂ ‘ਤੇ ਮਾਣ ਹੈ ਜਿਨਾਂ ਦੇ ਅਸੀਂ ਵਾਰਿਸ ਹਾਂ।
ਇਸ ਮੌਕੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੇਅਰਮੈਨ ਸ੍ਰ: ਪ੍ਰਤਾਪ ਸਿੰਘ ਹੋਰਾਂ ਦੱਸਿਆ ਕਿ ਇਸ ਜੰਗ ਨੂੰ ਦੁਨੀਆਂ ਦੇ ਮਹਾਨ ਅੱਠ ਜੰਗਾਂ ਵਿਚ ਸ਼ਾਮਲ ਕੀਤਾ ਗਿਆ ਹੈ ਅਤੇ ਮੌਜੂਦਾ ਸਮੇਂ ਦੌਰਾਨ ਸਿੱਖਾਂ ਦੀ ਬਹਾਦਰੀ ਦਾ ਇਹ ਕਾਰਨਾਮਾ ਰਾਇਲ ਮਿਲਟਰੀ ਅਕੈਡਮੀ ਸਰੀ ਵਿਚ ਵਿਸ਼ੇਸ਼ ਤੌਰ ‘ਤੇ ਪੜਾਇਆ ਜਾਂਦਾ ਹੈ। ਉਨਾਂ ਇਸ ਮਹਾਨ ਵਿਰਾਸਤ ਤੋਂ ਜਾਣੂੰ ਹੋਣ ਅਤੇ ਆਪਣੇ ਬੱਚਿਆਂ ਨੂੰ ਸੂਰਬੀਰਾਂ ਦੀਆਂ ਜੀਵਨ ਗਾਥਾਵਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ। ਇਸ ਮੌਕੇ ਬ੍ਰਿਟਿਸ਼ ਡੈਲੀਗੇਸ਼ਨ ਦੇ ਸਾਰੇ ਮੈਂਬਰਾਂ ਨੂੰ ਸਿਰੋਪਾਓ ਅਤੇ ਸ਼ੀਲਡਾਂ ਦੇ ਕੇ ਸਨਮਾਨਿਤ ਕੀਤਾ ਗਿਆ। ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ ਹੁਰਾਂ ਸਾਰੀਆਂ ਵਿਚਾਰਾਂ ਉਪਰੰਤ ਮਹਿਮਾਨਾਂ ਅਤੇ ਸਰੋਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਦੇ ਮੁਖੀਆਂ, ਪ੍ਰੋਫੈਸਰਾਂ, ਅਧਿਕਾਰੀਆਂ ਅਤੇ ਵਿਦਿਆਰਥੀਆਂ ਨੇ ਭਰਵੀਂ ਸ਼ਮੂਲੀਅਤ ਕੀਤੀ। ਡਾ: ਕੁਲਦੀਪ ਸਿੰਘ, ਵਿਦਿਆਰਥੀ ਹਰਮਨਦੀਪ ਸਿੰਘ, ਅਰਸ਼ਦੀਪ ਸਿੰਘ ਆਦਿ ਨੇ ਸਮਾਗਮ ਦੀ ਸਫਲਤਾ ਲਈ ਵਿਸ਼ੇਸ਼ ਯਤਨ ਕੀਤੇ। ਬ੍ਰਿਟਿਸ਼ ਡੈਲੀਗੇਸ਼ਨ ਵਲੋਂ ਯੂਨੀਵਰਸਿਟੀ ਦੇ ਪੇਂਡੂ ਅਜਾਇਬ ਘਰ ਦਾ ਵਿਸ਼ੇਸ਼ ਦੌਰਾ ਵੀ ਕੀਤਾ ਗਿਆ।