ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਮਾ: ਤਾਰਾ ਸਿੰਘ ਕਾਲਜ, ਲੁਧਿਆਣਾ ਵਿਖੇ ਜੀ ਆਇਆਂ ਨੂੰ ਸਮਾਗਮ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਪਰਵੀਨ ਕੌਰ ਨੇ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਅਤੇ ਨਸ਼ਿਆਂ ਤੋਂ ਦੂਰ ਰਹਿਣ ਦੀ ਪ੍ਰੇਰਣਾ ਕੀਤੀ। ਕੇਂਦਰੀ ਦਫਤਰ ਤੋਂ ਪਹੁੰਚੇ ਮੁੱਖ ਮਹਿਮਾਨ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਭਰੂਣ ਹੱਤਿਆ ਤੇ ਦਾਜ ਵਰਗੀਆਂ ਬੁਰਾਈਆਂ ਆਦਿ ਕਾਰਨ ਧੁੰਧਲੇ ਹੋ ਰਹੇ ਸਮਾਜ ਦੇ ਭਵਿੱਖ ਬਾਰੇ ਸੁਚੇਤ ਕੀਤਾ। ਇਸ ਸਮੇਂ ਹਾਜਰ ਵਿਦਿਆਰਥਣਾਂ ਨੇ ਕੁੜੀਮਾਰਾਂ ਦਾ ਸਮਾਜਿਕ ਬਾਈਕਾਟ ਕਰਨ ਅਤੇ ਦਾਜ ਨਾ ਲੈਣ ਦਾ ਦੋਨੋ ਹੱਥ ਖੜ੍ਹੇ ਕਰਕੇ ਜੈਕਾਰਿਆਂ ਦੀ ਗੂੰਜ ਵਿਚ ਪ੍ਰਣ ਕੀਤਾ। ਵਿਸ਼ੇਸ਼ ਮਹਿਮਾਨ ਵਜੋਂ ਪਹੁੰਚੇ ਮਾ: ਦਰਸ਼ਨ ਸਿੰਘ ਅਹਿਮਦਗੜ੍ਹ ਨੇ ਨੰਗੇਜ਼ਵਾਦ, ਅਸ਼ਲੀਲ ਗਾਣੇ ਤੇ ਫਿਲਮਾਂ ਦੇ ਮਨੋਵਿਗਿਆਨਕ ਤੌਰ ਤੇ ਪੈ ਰਹੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ। ਪ੍ਰੋ: ਤਰਵਿੰਦਰ ਕੌਰ ਮੁਖੀ ਪੰਜਾਬੀ ਵਿਭਾਗ ਨੇ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ। ਯੂਨਿਟ ਇੰਚਾਰਜ ਪ੍ਰੋ: ਇੰਦਰਜੀਤ ਕੌਰ ਨੇ ਸਮਾਜ ਬਦਲਣ ਲਈ ਲੜਕੀਆਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ ਤੇ ਮੌਕੇ ਤੇ 25 ਵਿਦਿਆਰਥਣਾਂ ਸਵੈਸੇਵੀ ਭਾਵਨਾ ਨਾਲ ਕੰਮ ਕਰ ਲਈ ਸਟੇਜ ਉਪਰ ਆਈਆਂ, ਜਿਨਾਂ ਨੂੰ ਹਾਜਰ ਪਤਵੰਤਿਆਂ ਨੇ ਕਿਤਾਬਾ ਦੇ ਸੈੱਟ ਦੇ ਕੇ ਸਨਮਾਨਤ ਕੀਤਾ। ਐਮ.ਏ. ਪੰਜਾਬੀ ਦੀ ਵਿਦਿਆਰਥਣ ਬੀਬੀ ਸਤਿੰਦਰ ਕੌਰ ਨੂੰ ਕਾਲਜ ਯੂਨਿਟ ਪ੍ਰਧਾਨ ਐਲਾਨਿਆ ਗਿਆ।
ਅਜਿਹਾ ਇਕ ਸਮਾਗਮ ਸਰਕਾਰੀ ਕਾਲਜ, ਕਰਮਸਰ, ਰਾੜਾ ਸਾਹਿਬ (ਲੁਧਿਆਣਾ) ਵਿਖੇ ਵੀ ਕੀਤਾ ਗਿਆ। ਜਿਸ ਵਿਚ ਕੇਂਦਰੀ ਦਫ਼ਤਰ ਤੋਂ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਪਹੁੰਚੇ ਤੇ ਪ੍ਰੋ: ਨਿਰਮਲ ਸਿੰਘ ਹੋਰਾਂ ਸਟੇਜ ਦਾ ਸੰਚਾਲਨ ਕੀਤਾ। ਹਾਜਰ ਵਿਦਿਆਰਥੀਆਂ ਨੇ ਕਿਹਾ ਕਿ ਸਮਾਜ ਅਸੀਂ ਬਦਲਣਾ ਹੈ ਤੇ ਬਦਲਾਓ ਆਪਣੇ ਤੋਂ ਸ਼ੁਰੂ ਕਰਾਂਗੇ। ਅਸੀਂ ਪ੍ਰਣ ਕਰਦੇ ਹਾਂ ਕਿ ਅਸੀਂ ਜ਼ਿੰਦਗੀ ਭਰ ਨਸ਼ੇ ਨਹੀਂ ਵਰਤਾਂਗੇ।