ਬਾਲਾ ਪ੍ਰੀਤਮ ਸਤਿਗੁਰੂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬੜੀ ਖੁਸ਼ੀ ਖੇੜੇ ਨਾਲ ਸੇਵਾ ਦਿਵਸ ਦੇ ਰੂਪ ਵਿੱਚ ਮਨਾਇਆ ਗਿਆ।ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਸੇਵਾ ਤੋਂ ਭਰਪੂਰ ਜੀਵਨ ਤੋਂ ਸੇਂਧ ਲੈਂਦਿਆਂ ਹੋਇਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੰਡੀਗੜ੍ਹ ਜ਼ੋਨ ਵੱਲੋਂ ਕੁਸ਼ਟ ਆਸ਼ਰਮ ਸੈਕਟਰ 47, ਨੇਤਰਹੀਨ ਵਿਦਿਆਰਥੀਆਂ ਦਾ ਸਕੂਲ ਸੈਕਟਰ 26, ਮੰਦ ਬੁੱਧੀ ਵਿਦਿਆਰਥੀਆਂ ਦਾ ਸਕੂਲ ਸੈਕਟਰ 27, ਮਦਰ ਟਰੈਸਾ ਹੋਮ ਸੈਕਟਰ 23, ਬਿਰਧ ਆਸ਼ਰਮ ਸੈਕਟਰ 15, ਪਿੰਗਲਵਾੜਾ ਸੈਕਟਰ 55, ਗੁਰੂ ਆਸਰਾ ਟ੍ਰਸਟ ਸੈਕਟਰ 55, ਬੇਸਹਾਰਾ ਅਪਾਹਿਜ ਸੇਵਾ ਸੰਭਾਲ ਸੰਸਥਾਨ ਪਡਿਆਲਾ ਰੋਪੜ ਆਦਿ ਥਾਵਾਂ ਤੇ ਜਾਕੇ ਲੋੜ ਵੰਦਾਂ, ਮਰੀਜਾਂ ਨੂੰ ਲੋੜ ਮੁਤਾਬਿਕ ਵਸਤੁਆਂ ਜਿਵੇਂ ਸਾਬਣ, ਟੂਥ ਪੇਸਟ, ਬਿਸਕੁਟ-ਨਮਕੀਨ, ਕਪੜੇ, ਦਾਲ, ਚਾਵਲ, ਫਲ, ਸਕੂਲੀ ਵਿਦਿਆਰਥਾਂ ਨੂੰ ਕਾਪੀਆਂ, ਪੈਨ, ਦਵਾਈਆਂ, ਆਦਿ ਉਪਯੋਗੀ ਵਸਤੁਆਂ ਦੀ ਸੇਵਾ ਕੀਤੀ ਗਈ ਅਤੇ ਸਰਬੱਤ ਦੇ ਭਲੇ ਅਤੇ ਰੋਗੀਆਂ ਦੀ ਦੇਹ ਅਰੋਗਤਾ ਲਈ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਗਈ।ਸੇਵਾ ਦਿਵਸ ਦੀ ਅਰੰਭਤਾ ਤੇ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਸੈਕਟਰ 34 ਵਿਖੇ ਗੁਰਮਤਿ ਸਮਾਗਮ ਕੀਤੇ ਗਏ ਜਿਸ ਵਿਚ ਭਾਈ ਰਣਜੀਤ ਸਿੰਘ ਜੀ ਅਤੇ ਬੀਬੀ ਮੰਦੀਪ ਕੌਰ ਜੀ ਲੁਧਿਆਨੇ ਵਾਲਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਨਾਲ ਜੋੜਿਆ।ਸਮਾਗਮ ਤੋਂ ੳਪਰੰਤ ਗੁਰੂ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰਕੇ ਸੇਵਾ ਦਿਵਸ ਦੀ ਅਰੰਭਤਾ ਕੀਤੀ ਗਈ।ਇਸ ਅਵਸਰ ਤੇ ਸ. ਹਰਚਰਨਜੀਤ ਸਿੰਘ(ਜ਼ੋਨਲ ਪ੍ਰਧਾਨ) ਨੇ ਸੰਗਤਾਂ ਨੂੰ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੀਵਨ ਤੋਂ ਜਾਣੂ ਕਰਾਇਆ।ਇਸ ਮੋਕੇ ਚੰਡੀਗੜ੍ਹ ਜ਼ੋਨ ਦੇ ਸਰਬੱਤ ਕਾਰਜਕਰਤਾਵਾਂ ਨੇ ਹਾਜ਼ਰੀ ਭਰੀ ਅਤੇ ਸੇਵਾ ਦਿਵਸ ਦੀ ਚੜਦੀ ਕਲਾ ਲਈ ਉਦੱਮ ਕੀਤਾ।ਇਹ ਸਾਰਾ ਸਮਾਗਮ ਸ.ਮਨਜੀਤ ਸਿੰਘ (ਜ਼ੋਨਲ ਸਕਤੱਰ) ਦੀ ਦੇਖ-ਰੇਖ ਵਿਚ ਸੰਪੂਰਨ ਹੋਇਆ।