ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਜਲੰਧਰ-ਕਪੂਰਥਲਾ ਜ਼ੋਨ ਵੱਲੋਂ ਸੰਤ ਬਾਬਾ ਦਲੀਪ ਸਿੰਘ ਖਾਲਸਾ ਕਾਲਜ, ਡੁਮੇਲੀ (ਕਪੂਰਥਲਾ) ਵਿਖੇ ਸਮਾਜਿਕ ਬੁਰਾਈਆਂ ਵਿਰੁੱਧ ਪੁੰਨਰ ਜਾਗਰਤੀ ਸੈਮੀਨਾਰ ਕੀਤਾ ਗਿਆ। ਜਿਸ ਦੀ ਪ੍ਰਧਾਨਗੀ ਕਰਦਿਆਂ ਕਾਲਜ ਦੀ ਪ੍ਰਿੰਸੀਪਲ ਕ੍ਰਿਪਾਲ ਕੌਰ ਰੰਧਾਵਾ ਨੇ ਕਿਹਾ ਕਿ ਜਾਤ-ਪਾਤ, ਨਸ਼ੇ, ਪੱਛਮੀ ਸਭਿਆਚਾਰ ਦੀ ਪ੍ਰਫੁੱਲਤਾ, ਭ੍ਰਿਸ਼ਟਾਚਾਰ, ਭਰੂਣ ਹੱਤਿਆ ਤੇ ਹੋਰ ਸਮਾਜਿਕ ਬੁਰਾਈਆਂ ਵਿਰੁੱਧ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਆਵਾਜ਼ ਬੁਲੰਦ ਕਰਨਾ ਸਮੇਂ ਦੀ ਲੋੜ ਹੈ। ਸਟੱਡੀ ਸਰਕਲ ਦੇ ਉੱਦਮਾਂ ਤੇ ਯਤਨਾਂ ਦੀ ਅਸੀਂ ਪ੍ਰਸ਼ੰਸਾ ਕਰਦੇ ਹਾਂ।
ਇਸ ਸਮੇਂ ਮੁੱਖ ਮਹਿਮਾਨ ਵਜੋਂ ਬੋਲਦਿਆਂ ਯੁਵਕ ਸੇਵਾਵਾਂ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਬੋਲਦਿਆਂ ਗੁਰਬਾਣੀ ਦੇ ਹਵਾਲਿਆਂ ਨਾਲ ਜਾਤ-ਪਾਤ ਤੇ ਨਸ਼ਿਆਂ ਰਹਿਤ ਸਮਾਜ ਸਿਰਜਨ ਦਾ ਸੁਨੇਹਾ ਦਿੱਤਾ। ਪੱਛਮੀ ਸਭਿਆਚਾਰ ਨੂੰ ਤਿਆਗ ਆਪਣੇ ਸੰਜਮੀ ਸਭਿਆਚਾਰ ਨੂੰ ਅਪਨਾਉਣ, ਕੁੜੀਮਾਰਾਂ ਦਾ ਬਾਈਕਾਟ ਕਰਨ ਤੇ ਮਿਹਨਤ ਕਰਕੇ ਕਮਾਉਣ ਦੀ ਪ੍ਰੇਰਨਾ ਕੀਤੀ। ਇਸ ਸਮੇਂ 250 ਦੇ ਕਰੀਬ ਵਿਦਿਆਰਥੀਆਂ ਨੇ ਜ਼ੋਰਦਾਰ ਜੈਕਾਰਿਆਂ ਨਾਲ ਕੁੜੀਮਾਰਾਂ ਦਾ ਬਾਈਕਾਟ ਕਰਨ ਦਾ ਐਲਾਨ ਕੀਤਾ। ਜ਼ੋਨਲ ਸਕੱਤਰ ਸ੍ਰ: ਬਖਸ਼ੀਸ਼ ਸਿੰਘ ਹੋਰਾਂ ਨੇ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਜਾਣਕਾਰੀ ਦਿੱਤੀ। ਕੇਂਦਰੀ ਵਿਦਿਆਰਥੀ ਕੌਂਸਲ ਦੇ ਅਹੁਦੇਦਾਰ ਸ੍ਰ: ਪ੍ਰਦੀਪ ਸਿੰਘ ਨਡਾਲਾ ਨੇ ਜਥੇਬੰਦੀ ਵੱਲੋਂ ਸਾਰਿਆਂ ਦਾ ਧੰਨਵਾਦ ਕੀਤਾ। ਵਾਈਸ ਪ੍ਰਿੰਸੀਪਲ ਪ੍ਰੋ: ਤਰਲੋਚਨ ਸਿੰਘ ਸਾਂਘਾ ਤੇ ਕਾਲਜ ਸਟਾਫ ਨੇ ਆਏ ਪਤਵੰਤਿਆਂ ਨੂੰ ਮੂਮੈਂਟੋਂ ਦੇ ਕੇ ਸਨਮਾਨਿਤ ਕੀਤਾ। ਪ੍ਰੋ: ਜੁਝਾਰ ਸਿੰਘ ਹੋਰਾਂ ਸਟੇਜ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ।