ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਸ਼ਿਮਲਾ ਵਿਖੇ ਤਿੰਨ ਰੇਜਾ ਗੁਰਮਤਿ ਸਮਾਗਮ ਕੀਤਾ ਗਿਆ, ਜਿਸ ਵਿੱਚ ਪਹਿਲੇ ਦਿਨ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਿੱਖ ਅਰਦਾਸ ਵਿਸ਼ੇ ਤੇ ਸਲਾਈਡ ਸ਼ੋਅ ਕੀਤਾ, ਦੂਸਰੇ ਦਿਨ ਸਿੱਖ ਸਿਧਾਂਤ, ਸਭਿਆਚਾਰ ਤੇ ਪਰੰਪਰਾਵਾਂ ਉੱਤੇ ਆਧਾਰਿਤ ਮਾਡਰਨ ਸਿੱਖਸ ਬਾਰੇ ਸਲਾਈਡ ਸ਼ੋਅ ਕੀਤਾ ਗਿਆ। ਤੀਸਰੇ ਦਿਨ ਗੁਰਮਤਿ ਤੇ ਸਿੱਖ ਇਤਿਹਾਸ ਵਿੱਚ ਇਸਤਰੀ ਅਤੇ ਆਧੁਨਿਕਤਾ ਬਾਰੇ ਸਲਾਈਡ ਸ਼ੋਅ ਕੀਤਾ ਗਿਆ। ਇਸ ਸਮੇਂ ਸਿੱਖੀ ਦੀ ਦਾਤ ਅਤੇ ਸਿੱਖ ਦਾਸਤਾਨ ਡਾਕੂਮੈਂਟਰੀ ਦਿਖਾਈਆਂ ਗਈਆਂ। ਜਿਨ੍ਹਾਂ ਨੇ ਸੰਗਤ ਨੂੰ ਬਹੁਤ ਪ੍ਰਭਾਵਿਤ ਕੀਤਾ। ਮਾ: ਦਰਸ਼ਨ ਸਿੰਘ ਅਹਿੰਮਦਗੜ੍ਹ ਹੋਰਾਂ ਤਿੰਨੋ ਦਿਨ ਹੁਕਮਨਾਮੇ ਦੀ ਵਿਆਖਿਆ ਅਤੇ ਸ਼ਹੀਦੀ ਪਰੰਪਰਾ ਤੇ ਵਿਚਾਰ ਸਾਂਝੇ ਕੀਤੇ। ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸ੍ਰ: ਸੁਰਿੰਦਰਪਾਲ ਸਿੰਘ ਹੋਰਾਂ ਪ੍ਰੋਗਰਾਮ ਨੂੰ ਖੂਬ ਸਲਾਹਿਆ। ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਰਵੇਲ ਸਿੰਘ ਹੋਰਾਂ ਸਾਰਿਆਂ ਦਾ ਧੰਨਵਾਦ ਕੀਤਾ। ਸਥਾਨਕ ਰਾਗੀ ਜਥੇ ਨੇ ਕੀਰਤਨ ਦੁਆਰਾ ਨਿਹਾਲ ਕੀਤਾ।