ਪੰਜਾਬ ਰੇਡੀਓ, ਲੰਡਨ ਦੇ ਸਹਿਯੋਗ ਨਾਲ ਸਰਹੰਦ ਫਤਹਿ ਦਿਵਸ ਜੈਕਾਰਿਆਂ ਦੀ ਗੂੰਜ ਨਾਲ ਮਨਾਇਆ

On: 7 June, 2010, By: Press Secretary, Location: Ludhiana

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸ੍ਰ: ਸ਼ਮਸ਼ੇਰ ਸਿੰਘ ਰਾਏ, ਗੁਰਬਚਨ ਸਿੰਘ ਲਾਡਪੁਰੀ ਅਤੇ ਮਨਜੀਤ ਸਿੰਘ ਰੰਧਾਵਾ ਤਕਨੀਕੀ ਸੰਚਾਲਕ ਅਤੇ ਸ੍ਰ: ਸੁਖਵਿੰਦਰ ਸਿੰਘ, ਪੰਜਾਬ ਰੇਡੀਓ ਲੰਡਨ ਦੇ ਸਹਿਯੋਗ ਨਾਲ ਕੇਂਦਰੀ ਦਫ਼ਤਰ ਲੁਧਿਆਣਾ ਵਿਚ ਬਾਬਾ ਬੰਦਾ ਸਿੰਘ ਬਹਾਦਰ ਵਲੋਂ ਸਰਹੰਦ ਫਤਿਹ ਅਤੇ ਖਾਲਸਾ ਰਾਜ ਦੀ ਸਥਾਪਨਾ ਦੀ ਤੀਸਰੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ। ਇਸ ਕਵੀ ਦਰਬਾਰ ਦਾ ਸਿੱਧਾ ਪ੍ਰਸਾਰਣ ਪੰਜਾਬ ਰੇਡੀਓ, ਲੰਡਨ ਰਾਹੀਂ ਸੰਸਾਰ ਭਰ ਦੇ ਸਰੋਤਿਆਂ ਲਈ ਕੀਤਾ ਗਿਆ। ਇਸ ਕਵੀ ਦਰਬਾਰ ਵਿਚ ਮਹਾਨ ਪੰਥਕ ਕਵੀ, ਇੰਜੀ: ਕਰਮਜੀਤ ਸਿੰਘ ਨੂਰ, ਡਾ: ਹਰੀ ਸਿੰਘ ਜਾਚਕ, ਸ੍ਰ: ਰਜਿੰਦਰ ਸਿੰਘ ਜੋਸ਼, ਸ੍ਰ: ਜੈ ਸਿੰਘ ਪ੍ਰਵਾਨਾ, ਸ੍ਰ: ਚੈਨ ਸਿੰਘ ਚੱਕਰਵਰਤੀ, ਸ੍ਰ: ਗੁਰਦਿਆਲ ਸਿੰਘ ਨਿਮਰ, ਪ੍ਰਿੰ: ਰਾਮ ਸਿੰਘ ਕੁਲਾਰ, ਪ੍ਰੋ: ਬਲਵਿੰਦਰਪਾਲ ਸਿੰਘ, ਡਾ: ਗੁਰਸੰਗਤਪਾਲ ਸਿੰਘ ਅਤੇ ਸ੍ਰ: ਗੁਰਬਚਨ ਸਿੰਘ ਲਾਡਪੁਰੀ ਹੋਰਾਂ ਧਾਰਮਿਕ ਕਵਿਤਾਵਾਂ ਰਾਹੀਂ ਹਾਜ਼ਰੀ ਭਰੀ। ਕਵੀ ਦਰਬਾਰ ਦੀ ਸਟੇਜ ਦਾ ਸੰਚਾਲਨ ਡਾ: ਹਰੀ ਸਿੰਘ ਜਾਚਕ ਨੇ ਬਾਖੂਬੀ ਨਿਭਾਇਆ। ਕਵੀ ਦਰਬਾਰ ਦੀ ਅਰੰਭਤਾ ਬਜ਼ੁਰਗ ਅਤੇ ਬੁਲੰਦ ਆਵਾਜ਼ ਕਵੀ ਸ੍ਰ: ਜੈ ਸਿੰਘ ਪਰਵਾਨਾ ਨੇ ਬੰਦਾ ਸਿੰਘ ਬਹਾਦਰ ਦੀ ਨਜ਼ਮ ਨਾਲ ਕੀਤੀ:

'ਮਾਰਾ ਮਾਰਦਾ ਗਰਜਦਾ ਸ਼ੇਰ ਜੋਧਾ, ਬੰਦੇ ਲਾਸ਼ ਦੇ ਲਾ ਨੇ ਢੇਰ ਦਿੱਤੇ, ਵੈਰੀ ਮਾਰੇ ਸੰਢੌਰੇ, ਸਮਾਣੇ ਦੇ ਵਿੱਚ, ਮੁਗਲ ਰਾਜ ਦੇ ਬਖੀਏ ਉਧੇੜ ਦਿੱਤੇ।'

ਇਸ ਉਪਰੰਤ ਇੰਜੀ; ਕਰਮਜੀਤ ਸਿੰਘ ਨੂਰ ਜਲੰਧਰ ਵਾਲੇ, ਜੋ ਸ੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵਾ ਸਭਾ ਦੇ ਪ੍ਰਧਾਨ ਅਤੇ ਪੰਥ ਦੇ ਸਿਰਮੌਰ ਕਵੀ ਨੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਇਤਿਹਾਸ ਨਾਲ ਸਬੰਧਤ ਵਿਦਵਤਾ ਭਰਪੂਰ ਰਚਨਾ ਪੜ੍ਹ ਕੇ ਸਰੋਤਿਆਂ ਨੂੰ ਨਿਹਾਲ ਕੀਤਾ, ਇਨ੍ਹਾਂ ਦੀ ਕਵਿਤਾ ਦੀਆਂ ਦੋ ਖੂਬਸੂਰਤ ਲਾਈਨਾਂ ਇਸ ਤਰ੍ਹਾਂ ਹਨ:

'ਗੁਰਾਂ ਆਖਿਆ, ਛੱਡ ਦੇਹ ਕਰਾਮਾਤਾਂ, ਹੁਣ ਤੂੰ ਜੰਗ ਵਿੱਚ ਜੌਹਰ ਦਿਖਾ ਜਾਂ ਕੇ, ਐਵੇਂ ਲੋਕਾਂ ਦੇ ਪਲੰਘ ਉਲਟਾਈ ਜਾਨੈਂ, ਮੁਗਲ ਰਾਜ ਦਾ ਤਖਤ ਉਲਟਾ ਜਾ ਕੇ।'

ਯਮੁਨਾਨਗਰ ਤੋਂ ਆਏ ਸ੍ਰ: ਗੁਰਦਿਆਲ ਸਿੰਘ ਨਿਮਰ ਨੇ ਆਪਣੀ ਰਚਨਾ, ਸੂਰਮਾ ਦਸਮੇਸ਼ ਦਾ ਅਬਚਲ ਤੋਂ ਆਉਂਦਾ ਦੇਖਿਆ, ਤਰਨੰਮ ਵਿੱਚ ਪੜ੍ਹੀ। ਸ੍ਰ: ਗੁਰਬਚਨ ਸਿੰਘ ਲਾਡਪੁਰੀ, ਜਿਨ੍ਹਾਂ ਦੇ ਉੱਦਮ ਉਪਰਾਲੇ ਸਦਕਾ ਇਸ ਕਵੀ ਦਰਬਾਰ ਦਾ ਪ੍ਰਬੰਧ ਕੀਤਾ ਗਿਆ ਨੇ ਤਰਨੰਮ ਵਿੱਚ ਕਵਿਤਾ ਕਹੀ:

'ਇਹ ਕੌਮਾਂ ਜਾਗੀਆਂ ਜਦ ਵੀ, ਕਿਸੇ ਨੇ ਆ ਜਗਾਇਆ ਏ। ਆ ਰੁੜ੍ਹਦੀ ਕੌਮ ਦੀ ਬੇੜੀ ਨੂੰ, ਉਨ੍ਹਾਂ ਬੰਨੇ ਲਗਾਇਆ ਏ।'

ਪ੍ਰੋ: ਬਲਵਿੰਦਰਪਾਲ ਸਿੰਘ ਹੋਰਾਂ ਹੇਠ ਲਿਖੀ ਰਚਨਾ ਪੜ੍ਹ ਕੇ ਨਿਹਾਲ ਕੀਤੀ:

ਬੰਦੇ ਦਾ ਬੰਦਾ ਬਣਿਆ, ਬਣਦਾ ਕੁਝ ਨਹੀਂ ਹੈ, ਦੁਨੀਆਂ ਐਂਵੇਂ ਵਕਤ ਗਵਾਈ ਜਾਂਦੀ। ਬੰਦਾ ਜਦੋਂ ਵੀ ਸਤਿਗੁਰ ਦਾ ਕੋਈ ਬਣਿਆਂ, ਉਸਤਿਤ ਉਸ ਦੀ ਘਰ ਘਰ ਗਾਈ ਜਾਂਦੀ।

ਪ੍ਰੋ: ਸਾਹਿਬ ਤੋਂ ਬਾਅਦ ਸ੍ਰ: ਚੈਨ ਸਿੰਘ ਚੱਕਰਵਰਤੀ ਦਸੂਹਾ ਵਾਲਿਆਂ ਨੇ ਆਪਣੀ ਰਚਨਾ ਨਾਲ ਹਾਜ਼ਰੀ ਲਵਾਈ।

'ਬੰਦੇ ਬੀਰ ਬਹਾਦੁਰ ਦੀ ਬੀਰਤਾ ਨਾ, ਵੈਰੀ ਦਲਾਂ ਚ ਭਗਦੜ ਮਚਾ ਦਿੱਤੀ। ਗੁਰੂ ਮਾਰੀ ਸਰਹੱਦ ਦੀ ਸੂਰਮੇ ਨੇ, ਜਾ ਕੇ ਇੱਟ ਨਾਲ ਇੱਟ ਖੜਕਾ ਦਿੱਤੀ।'

ਉਪਰੰਤ ਡਾ: ਗੁਰਸੰਗਤਪਾਲ ਸਿੰਘ ਨੌਜਵਾਨ ਕਵੀ ਨੇ ਵਾਰ ਛੰਦ ਵਿੱਚ ਰਚਨਾ ਪੇਸ਼ ਕੀਤੀ। ਸ੍ਰ: ਰਜਿੰਦਰ ਸਿੰਘ ਜੋਸ਼ ਨੇ ਪੂਰੇ ਜੋਸ਼ ਨਾਲ ਆਪਣੀਆਂ ਬਿਹਤਰੀਨ ਟੁਕੜੀਆਂ ਪੇਸ਼ ਕਰਕੇ ਵਾਹ ਵਾਹ ਖੱਟੀ।

'ਕਰੇ ਰਾਹ ਤਾਂ ਲੋਕਾਂ ਨੂੰ ਇਉਂ ਲੱਗੇ-ਦੁੰਭੇ ਖਾਣਿਆਂ ਬੰਦਿਆਂ ਨੂੰ ਢਾ ਰਿਹਾ ਹੇ, ਉਹਦੀ ਚੜ੍ਹਤੇ ਨੂੰ ਵੇਖਕੇ ਜਾਪਦਾ ਸੀ-ਬੰਦਾ ਨਹੀਂ ਤੂਫਾਨ ਕੋਈ ਆ ਰਿਹਾ ਹੈ।'

ਪ੍ਰਿੰ: ਰਾਮ ਸਿੰਘ ਕੁਲਾਰ, ਚੀਫ਼ ਆਰਗੇਨਾਈਜ਼ਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ, ਹੋਰਾਂ ਆਪਣੀਆਂ ਖੂਬਸੂਰਤ ਰਚਨਾਵਾਂ ਪੜ੍ਹੀਆਂ,

'ਬੰਦੇ ਨੂੰ ਗੁਰਾਂ ਬਖਸ਼ ਕੇ ਗੁਰਬਖਸ਼ ਬਣਾਇਆ। ਸਿੰਘ ਸਜਾਇਆ ਓਸ ਨੂੰ, ਜਦ ਪਾਹੁਲ ਛਕਾਇਆ। ਸ਼ੇਰ ਬਹਾਦਰ ਸੂਰਮਾ ਕਹਿ ਕੇ ਵਡਿਆਇਆ। ਮਿਸ਼ਨ ਪੂਰਤੀ ਲਈ ਫੇਰ ਪੰਜਾਬ ਪਠਾਇਆ।'

ਪਹਿਲੇ ਦੌਰ ਦੇ ਅੰਤ ਵਿੱਚ ਇਸ ਕਵੀ ਦਰਬਾਰ ਦੇ ਸਟੇਜ ਸੰਚਾਲਕ ਡਾ: ਹਰੀ ਸਿੰਘ ਜਾਚਕ, ਜਨਰਲ ਸਕੱਰਤ, ਸ੍ਰੀ ਦਸਮੇਸ਼ ਇੰਟਰਨੈਸ਼ਨਲ ਪੰਜਾਬੀ ਕਵੀ ਸਭਾ ਨੇ ਬੰਦਾ ਬਹਾਦਰ ਜੀ ਪ੍ਰਤੀ ਜੋਸ਼ੀਲੀ ਕਵਿਤਾ ਪੜ੍ਹ ਕੇ ਸਰੋਤਿਆਂ ਨੂੰ ਨਿਹਾਲ ਕੀਤਾ।

'ਭੁੱਖਾ ਸ਼ੇਰ ਜਿਉਂ ਨਿਕਲਦੈ ਗੁਫ਼ਾ ਵਿਚੋਂ, ਬੰਦਾ ਨਿਕਲਿਆ ਇੰਜ ਮੈਦਾਨ ਅੰਦਰ। ਇਉਂ ਗਰਜਿਆ ਦੁਸ਼ਮਣ ਦੀ ਫੌਜ ਉੱਤੇ, ਬਿਜਲੀ ਗਰਜਦੀ ਜਿਵੇਂ ਅਸਮਾਨ ਅੰਦਰ।'

ਸ੍ਰ: ਇੰਦਰਪਾਲ ਸਿੰਘ, ਚੀਫ਼ ਸਕੱਤਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਸ੍ਰ: ਸਮਸ਼ੇਰ ਸਿੰਘ ਰਾਏ, ਸ੍ਰ: ਗੁਰਬਚਨ ਸਿੰਘ ਲਾਡਪੁਰੀ, ਸ੍ਰ: ਸੁਖਵਿੰਦਰ ਸਿੰਘ ਅਤੇ ਪੰਜਾਬ ਰੇਡੀਓ, ਲੰਡਨ ਦੀ ਸਮੁੱਚੀ ਟੀਮ ਨੂੰ ਇਸ ਸਫਲ ਕਵੀ ਦਰਬਾਰ ਲਈ ਵਧਾਈ ਦਿੱਤੀ। ਅੰਤ ਵਿੱਚ ਪ੍ਰਿੰ: ਰਾਮ ਸਿੰਘ, , ਚੀਫ਼ ਆਰਗੇਨਾਈਜ਼ਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਨੇ ਪੰਜਾਰ ਰੀਡੀਓ, ਲੰਡਨ ਦੀ ਸਾਰੀ ਟੀਮ ਦਾ ਧੰਨਵਾਦ ਕੀਤਾ। ਇਸ ਤਰ੍ਹਾਂ ਜੈਕਾਰਿਆਂ ਦੀਆਂ ਗੂੰਜਾਂ ਵਿੱਚ ਇਹ ਕਵੀ ਦਰਬਾਰ ਸੰਪੂਰਨ ਹੋਇਆ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine