ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰੋਪੜ ਖੇਤਰ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁ: ਸ੍ਰੀ ਭੱਠਾ ਸਾਹਿਬ, ਰੋਪੜ ਵਿਖੇ ਮਿਤੀ ੬ ਤੋਂ ੯ ਮਈ, ਤੱਕ ਲਗਾਏ ਗਏ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਵਿੱਚ ਰੋਪੜ, ਮੀਆਂ ਪੁਰ, ਬੇਲਾ, ਬਹਿਰਾਮਪੁਰ ਬੇਟ ਅਤੇ ਚਮਕੌਰ ਸਾਹਿਬ ਖੇਤਰਾਂ ਦੇ ੨੬ ਸਕੂਲਾਂ ਦੇ ੧੯੧ ਵਿਦਿਆਰਥੀਆਂ ਨੇ ਹਿੱਸਾ ਲਿਆ। ਸਟੱਡੀ ਸਰਕਲ ਦੇ ਚੀਫ ਸਕੱਤਰ ਸ੍ਰ: ਇੰਦਰਪਾਲ ਸਿੰਘ ਨੇ ਕੈਂਪਰਾਂ ਨਾਲ ਵਿਚਾਰ ਸਾਂਝੇ ਕਰਦਿਆਂ ਆਖਿਆ ਕਿ ਇਹਨਾਂ ਕੈਂਪ ਦੌਰਾਨ ਜਿੱਥੇ ਵਿਦਿਆਰਥੀਆਂ ਨੂੰ ਗੌਰਵਮਈ ਇਤਿਹਾਸ ਅਤੇ ਵਿਰਸੇ ਦੀ ਸੋਝੀ ਪ੍ਰਾਪਤ ਹੁੰਦੀ ਹੈ ਉਥੇ ਚੰਗੇਰੀ ਜੀਵਨ ਜਾਚ ਵੀ ਸਿੱਖਣ ਨੂੰ ਮਿਲਦੀ ਹੈ। ਗੁ: ਸ੍ਰੀ ਭੱਠਾ ਸਾਹਿਬ ਦੇ ਮੈਨੇਜਰ ਸ੍ਰ: ਕਰਮ ਸਿੰਘ ਅਤੇ ਸ੍ਰ: ਸੂਰਜਪਾਲ ਸਿੰਘ ਐਡਵੋਕੇਟ ਨੇ ਸਟੱਡੀ ਸਰਕਲ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਅਜਿਹੇ ਕੈਂਪ ਵਿਦਿਆਰਥੀਆਂ ਨੂੰ ਗੁਰਮਤਿ ਨਾਲ ਜੋੜਦੇ ਹਨ। ਇਸ ਕੈਂਪ ਦੌਰਾਨ ਸਟੱਡੀ ਸਰਕਲ ਦੇ ਜ਼ੋਨਲ ਪ੍ਰਚਾਰ ਸਕੱਤਰ ਸ੍ਰ: ਸੋਮ ਸਿੰਘ ਨੇ ਸੰਸਾਰ ਦੇ ਪ੍ਰਮੁੱਖ ਧਰਮ,ਅਡੀਸ਼ਨਲ ਜ਼ੋਨਲ ਸਕੱਤਰ ਸ੍ਰ: ਕੁਲਵੀਰ ਸਿੰਘ ਭਿਓਰਾ ਨੇ ਸਖਸ਼ੀਅਤ ਦਾ ਸਰਵ ਪੱਖੀ ਵਿਕਾਸ, ਅਡੀਸ਼ਨਲ ਜ਼ੋਨਲ ਸਕੱਤਰ ਸ੍ਰ: ਹਰਮੋਹਿੰਦਰ ਸਿੰਘ ਨੰਗਲ ਨੇ ਇਤਿਹਾਸ ਤੋਂ ਪ੍ਰੇਰਨਾਵਾਂ, ਕੈਂਪ ਪ੍ਰਿੰਸੀਪਲ ਅਤੇ ਰੋਪੜ ਯੂਨਿਟ ਦੇ ਪ੍ਰਧਾਨ ਸ੍ਰ: ਚਰਨਜੀਤ ਸਿੰਘ ਨੇ ਕੇਸ ਤੇ ਦਸਾਰ ਅਤੇ ਅਡੀਸ਼ਨਲ ਸਟੇਟ ਸਕੱਤਰ , ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਨੇ ਪ੍ਰਮੁੱਖ ਸਿੱਖ ਸਖਸ਼ੀਅਤਾਂ ਵਿਸ਼ਿਆਂ ਤੇ ਵਿਚਾਰ ਸਾਂਝੇ ਕੀਤੇ। ਕੈਂਪ ਦੌਰਾਨ ਵਿਦਿਆਰਥੀਆਂ ਕਵੀ ਦਰਬਾਰ, ਲਿਖਣ ਅਤੇ ਬੋਲਣ ਕਲਾ, ਮਾਰਚ ਪਾਸਟ ਕਰਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੇਸ਼ ਕੀਤਾ ਗਾਰਡ ਆਫ ਆਨਰ ਖਿੱਚ ਭਰਪੂਰ ਰਿਹਾ, ਸੁੰਦਰੀ, ਬਾਬਾ ਬੰਦਾ ਸਿੰਘ ਬਹਾਦਰ ਅਤੇ ਸਰਦਾਰੀ ਫਿਲਮਾਂ ਵੀ ਦਿਖਾਈਆਂ। ਕੈਂਪ ਦੌਰਾਨ ਨਿਤਨੇਮ ਸੈਸ਼ਨ ਵੀ ਹੋਏ।