ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੇਂਦਰੀ ਦਫ਼ਤਰ ਲੁਧਿਆਣਾ ਦੀ ਟੀਮ ਗੁਰਦੁਆਰਾ ਗੋਬਿੰਦ ਨਗਰ, ਆਸਨਸੋਲ (ਪੱਛਮੀ ਬੰਗਾਲ) ਵਿਖੇ ਤਿੰਨ ਰੋਜਾ ਗੁਰਮਿਤ ਕੈਂਪ ਲਗਾ ਕੇ ਵਾਪਸ ਪਰਤੀ ਹੈ। ਇਹ ਜਾਣਕਾਰੀ ਕੇਂਦਰੀ ਦਫ਼ਤਰ ਦੇ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਦੇਂਦਿਆ ਦੱਸਿਆ ਕਿ ਇਸ ਕੈਂਪ ਵਿੱਚ 200 ਵਿਦਿਆਰਥੀਆਂ ਨੇ ਭਾਮ ਲਿਆ।
ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਸਿੱਖ ਪ੍ਰੰਪਰਾਵਾਂ ਕਾਰਟੂਨ ਸਲਾਈਡ ਸ਼ੋਅ, ਇਤਿਹਾਸ ਵਿੱਚ ਸਿੱਖ ਬੀਬੀਆਂ, ਅਰਦਾਸ ਸਲਾਈਡ ਸ਼ੋਅ, ਪੰਥ ਪ੍ਰਵਾਨਤ ਸਿੱਖ ਰਹਿਤ ਮਰਯਾਦਾ ਆਦਿ ਵਿਸ਼ਿਆਂ ਰਾਹੀਂ ਵੱਖ-ਵੱਖ ਸੈਸ਼ਨਾਂ ਵਿੱਚ ਸਿੱਖ ਸਿਧਾਂਤਾਂ, ਪ੍ਰੰਪਰਾਵਾਂ, ਸਭਿਆਚਾਰ, ਇਤਿਹਾਸ ਅਤੇ ਸਮਾਜਕ ਬੁਰਾਈਆਂ ਬਾਰੇ ਚਾਨਣਾ ਪਾਇਆ। ਵਿਦਿਆਰਥੀਆਂ ਨੇ ਨਸ਼ਿਆਂ ਤੋਂ ਬੱਚ ਕੇ ਰਹਿਣ ਦਾ ਪ੍ਰੱਣ ਵੀ ਕੀਤਾ।
ਕੇਂਦਰੀ ਦਫ਼ਤਰ ਤੋਂ ਗਏ ਮਾ: ਦਰਸ਼ਨ ਸਿੰਘ ਅਹਿਮਦਗੜ੍ਹ ਹੋਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਸਾਂਝੀਵਾਲਤਾ ਦੀ ਵਿਚਾਰਧਾਰਾ, ਗੁਰਮਤਿ ਤੇ ਕਰਮਕਾਂਡ, ਸਿੱਖ ਧਰਮ ਦੇ ਮੁੱਢਲੇ ਸਿਧਾਂਤ ਆਦਿ ਵਿਸ਼ਿਆਂ ਸਬੰਧੀ ਵਿਚਾਰ ਸਾਂਝੇ ਕਰਕੇ ਅਮਲੀ ਜੀਵਨ ਜਿਉਣ ਦੀ ਪ੍ਰੇਰਨਾ ਦਿੱਤੀ।
ਕੈਂਪ ਦੌਰਾਨ ਲੈਕਚਰ, ਕਵਿਤਾ, ਹੁਕਮਨਾਮਾ ਲੈਣ, ਅਰਦਾਸ ਕਰਨ ਤੇ ਦਸਤਾਰ ਸਜਾਉਣ ਮੁਕਾਬਲੇ ਵੀ ਹੋਏ। ਗੁਰਮਤਿ ਕੁਇਜ਼ ਮੁਕਾਬਲਿਆਂ ਨੂੰ ਕੈਂਪਰਜ਼ ਨੇ ਬਹੁਤ ਸਲਾਹਿਆ। ਨਿੱਤਨੇਮ ਸੈਸ਼ਨ, ਸਵਾਲ-ਜਵਾਬ (ਸ਼ੰਕਿਆਂ ਦੀ ਨਵਿਰਤੀ), ਸੁੰਦਰੀ ਫਿਲਮ ਦਾ ਪ੍ਰਦਰਸ਼ਨ, ਨਿਸ਼ਾਨ ਸਾਹਿਬ ਨੂੰ ਸਲਾਮੀ, ਖੇਡਾਂ ਤੇ ਕਸਰਤ ਦੇ ਪ੍ਰੋਗਰਾਮ ਵੀ ਪ੍ਰਭਾਵਸ਼ਾਲੀ ਰਹੇ।
ਸਟੱਡੀ ਸਰਕਲ ਪੱਛਮੀ ਬੰਗਾਲ ਦੇ ਕੋਆਰਡੀਨੇਟਰ ਮਾ: ਰਜਿੰਦਰ ਸਿੰਘ ਆਸਨਸੋਲ, ਸਟੇਟ ਪ੍ਰਧਾਨ ਸ੍ਰ: ਅਰਜਨ ਸਿੰਘ, ਸਟੇਟ ਸਕੱਤਰ ਸ੍ਰ: ਜਰਨੈਲ ਸਿੰਘ ਹੋਰਾਂ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਸ੍ਰ: ਮੋਹਨ ਸਿੰਘ, ਸ੍ਰ: ਸਰਬਜੀਤ ਸਿੰਘ ਸ੍ਰ: ਬਲਦੇਵ ਸਿੰਘ, ਸ੍ਰ: ਰਜਿੰਦਰ ਸਿੰਘ, ਸ੍ਰ: ਨਿਰਮਲ ਸਿੰਘ ਚੀਨਾਕੋੜੀ, ਸ੍ਰ: ਹਰਦੇਵ ਸਿੰਘ ਹੰਡਾਲ, ਸ੍ਰ: ਮੁਹਿੰਦਰ ਸਿੰਘ ਗਾਏਘਾਟਾ, ਸ੍ਰ: ਰਾਮ ਸਿੰਘ ਗੋਬਿੰਦ ਨਗਰ, ਸ੍ਰ: ਪ੍ਰਮਜੀਤ ਸਿੰਘ ਧਨਵਾਦ ਹੋਰਾਂ ਆਪਣੇ ਕਰ ਕਮਲਾਂ ਨਾਲ ਜੇਤੂ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ।