ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਰਾਮਗੜ੍ਹੀਆ ਸੀ: ਸੈਕੰ: ਸਕੂਲ ਲੜਕੇ ਮਿਲਰਗੰਜ, ਲੁਧਿਆਣਾ ਵਿਖੇ ਵਿਦਿਅਕ ਕਿਆਰੀ ਲਗਾਈ ਗਈ। ਜਿਸ ਵਿੱਚ ਰਾਮਗੜ੍ਹੀਆ ਸਕੂਲ ਦੇ +੨ ਦੇ ਵਿਦਿਆਰਥੀਆਂ ਨੇ ਭਾਗ ਲਿਆ।
ਧਾਰਮਕ ਵਿਭਾਗ ਦੇ ਅਧਿਆਪਕ ਕੈਪਟਨ ਅਵਤਾਰ ਸਿੰਘ ਹੋਰਾਂ ਬੱਚਿਆਂ ਨੂੰ ਵਿਦਿਅਕ ਕਿਆਰੀ ਦੇ ਅਰਥ ਸਮਝਾਉਂਦੇ ਹੋਏ ਕਿਹਾ ਕਿ ਜਿਵੇਂ ਖੇਡਾਂ ਵਿੱਚ ਕਿਆਰੀ ਬਣਾ ਕੇ ਪਨੀਰੀ ਦੀ ਸੰਭਾਲ ਕਰਨ ਲਈ ਗੋਡੀ ਕੀਤੀ ਜਾਂਦੀ ਹੈ, ਪਾਣੀ ਦਿੱਤਾ ਜਾਂਦਾ ਹੈ, ਇਵੇਂ ਹੀ ਬੱਚੇ ਕੌਮ ਦੀ ਪਨੀਰੀ ਹਨ ਤੇ ਇਨ੍ਹਾਂ ਦੀ ਸੰਭਾਲ ਕਰਨ ਲਈ ਗੋਡੀ, ਖਾਦ ਤੇ ਪਾਣੀ ਰੂਪ ਵਿੱਚ ਆਪਣੀਆਂ ਪ੍ਰੰਪਰਾਵਾਂ, ਸਭਿਆਚਾਰ ਤੇ ਸਿਧਾਂਤਾਂ ਦੀ ਸੋਝੀ ਦਿੱਤੀ ਜਾਂਦੀ ਹੈ।
ਜਥੇਬੰਦੀ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਵਿਦਿਆਰਥੀਆਂ ਨਾਲ ਸ਼ਖ਼ਸੀਅਤ ਉਸਾਰੀ ਸਬੰਧੀ ਸਿਹਤ-ਸੰਭਾਲ, ਗੱਲਬਾਤ ਦਾ ਸਲੀਕਾ, ਨਿੱਜੀ ਕਿਰਦਾਰ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਸੁਹਾਵੀ ਨੁਹਾਰ, ਵਧੀਆ ਸਲੀਕਾ ਦੇ ਨਾਲ ਦਿੱਲ ਵੀ ਸੱਚਾ-ਸੁੱਚਾ ਹੋਣਾ ਚਾਹੀਦਾ ਹੈ। ਉਨ੍ਹਾਂ ਅਨੁਸ਼ਾਸਨਬੱਧ ਜੀਵਨ, ਮੰਨ ਤੇ ਕਾਬੂ ਰੱਖਣ, ਸਵੈ ਭਰੋਸਾ ਕਾਇਮ ਕਰB, ਉੱਦਮਸ਼ੀਲ ਬਣਨ, ਚੰਗੇ ਦੋਸਤ ਬਣਾਉਣ, ਆਸ਼ਾਵਾਦੀ ਹੋ ਕੇ ਵਿਚਰਨ, ਕਿਰਤ ਦਾ ਸਤਿਕਾਰ ਕਰਨ, ਪੜ੍ਹਨ ਰੁਚੀ ਪੈਦਾ ਕਰਨ ਤੇ ਸਮਾਜਿਕ ਕੁਰੀਤੀਆਂ ਤੋਂ ਬਚਣ ਦਾ ਸੁਨੇਹਾ ਦਿੱਤਾ।
ਪ੍ਰਿੰ: ਰਾਜਾ ਸਿੰਘ ਹੋਰਾਂ ਸਾਰਿਆਂ ਦਾ ਧੰਨਵਾਦ ਕੀਤਾ। ਵਿਦਿਆਰਥੀਆਂ ਨੇ ਪ੍ਰੱਣ ਕੀਤਾ ਕਿ ਅਸੀਂ ਕੁੜੀ ਮਾਰਨ ਵਾਲਿਆਂ ਨਾਲੋਂ ਨਖੇੜਾ ਕਰਾਂਗੇ। ਜੇ ਸਾਡੇ ਆਪਣੇ ਘਰ ਭਾਬੀ, ਚਾਚੀ ਜਾਂ ਮਾਂ ਕੁੜੀ ਨੂੰ ਮਾਰਦੀ ਹੈ ਤਾਂ ਅਸੀਂ ਕੌਂਸਲਿੰਗ ਰਾਹੀਂ ਘਰਦਿਆਂ ਨੂੰ ਸਮਝਾਵਾਂਗੇ। ਜੇ ਨਾ ਸਮਝੇ ਤਾਂ ਅਸੀਂ ਆਪਣੇ ਦੋਸਤ ਇਕੱਠੇ ਕਰਕੇ ਘਰ ਦੇ ਪੋਰਚ ਜਾਂ ਡਰਾਇੰਗ ਰੂਮ ਵਿੱਚ ਧਰਨਾ ਦੇਵਾਂਗੇ। ਗੁਰਦੁਆਰਾ ਰਾਮਗੜ੍ਹੀਆ ਹਾਲ ਜੈਕਾਰਿਆਂ ਦੀ ਗੂੰਜ ਨਾਲ ਗੂੰਜ ਉਠਿਆ ਤੇ ਵਿਦਿਆਰਥੀਆਂ ਨੇ ਦੋਨੋਂ ਹੱਥ ਖੜੇ ਕਰਕੇ ਪ੍ਰੱਣ ਲਿਆ।