ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਪੰਜਾਬ ਦੇ ਸਭਿਆਚਾਰ ਨੂੰ ਪ੍ਰਫੁਲਤ ਕਰਨ ਅਤੇ ਨਸ਼ਿਆਂ ਰਹਿਤ ਸਮਾਜ ਦੀ ਸਿਰਜਨਾ ਲਈ ਗੁਰਦੁਆਰਾ ਸੰਗਤ ਪੱਤੀ, ਪਿੰਡ ਦਾਦ (ਲੁਧਿਆਣਾ) ਦੇ ਚੋਂਕ ਵਿੱਚ 'ਅੜੇ ਸੋ ਝੜੇ' ਫਿਲਮ ਦਿਖਾਈ ਗਈ। ਇਸ ਫਿਲਮ ਨੂੰ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਬਣਾਇਆ ਗਿਆ ਹੈ। ਇਸ ਫਿਲਮ ਵਿੱਚ ਕਿਰਤ ਸਭਿਆਚਾਰ ਤੇ ਜ਼ੋਰ ਦਿੱਤਾ ਗਿਆ ਹੈ। ਪਿੰਡਾਂ ਵਿੱਚ ਨੌਜਵਾਨ ਕਿਰਤ ਨੂੰ ਛੱਡ ਕਿਵੇਂ ਨਸ਼ਿਆਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਨੂੰ ਨਰਕ ਬਣਾ ਰਹੇ ਹਨ। ਨਸ਼ੇ ਵੇਚਣ ਵਾਲੇ ਕਿਵੇਂ ਨੌਜਵਾਨਾਂ ਨੂੰ ਗੁਮਰਾਹ ਕਰਦੇ ਹਨ ਤੇ ਪੜ੍ਹੇ ਲਿਖੇ ਮੁੰਡੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਮੈਂਬਰ ਬਣ ਕੇ ਪਿੰਡ ਨੂੰ ਸੁਧਾਰਨ ਦਾ ਜ਼ੁੰਮਾਂ ਲੈਂਦੇ ਹਨ ਤੇ ਕਰਿਆਨੇ ਦੀ ਦੁਕਾਨ ਤੋਂ ਨਸ਼ੇ ਵੇਚਣ ਵਾਲੇ ਦੁਕਾਨ ਮਾਲਕ ਨੂੰ ਸਾਰਾ ਪਿੰਡ ਇਕੱਠਾ ਹੋ ਕੇ ਪਿੰਡ ਵਿੱਚੋਂ ਭਜਾਉਂਦਾ ਹੈ। ਇਹ ਫਿਲਮ ਦੇਖ ਕੇ ਹਾਜ਼ਰ ਪਿੰਡ ਦੀ ਸੰਗਤ ਨੇ ਨਸ਼ੇ ਨਾ ਕਰਨ ਦਾ ਪ੍ਰੱਣ ਕੀਤਾ। ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ ਫਿਲਮ ਦੀ ਸਮਾਪਤੀ ਤੇ ਬੱਚਿਆਂ ਨੂੰ ਫਿਲਮ ਸਬੰਧੀ ਸਵਾਲ ਪੁੱਛੇ ਤੇ ਇਨਾਮ ਤਕਸੀਮ ਕੀਤੇ। ਦਾਦ ਖੇਤਰ ਦੇ ਸਰਪ੍ਰਸਤ ਸ੍ਰ: ਸਤਿੰਦਰਮੋਹਨ ਸਿੰਘ ਬਾਵਾ, ਪ੍ਰਧਾਨ ਸ੍ਰ: ਗੁਰਦੇਵ ਸਿੰਘ, ਮੀਤ ਪ੍ਰਧਾਨ ਸ੍ਰ: ਇੰਦਰਜੀਤ ਸਿੰਘ ਤੇ ਸਕੱਤਰ ਸ੍ਰ: ਚਮਕੌਰ ਸਿੰਘ ਹੋਰਾਂ ਵੀ ਪੰਜਾਬ ਦੇ ਸਭਿਆਚਾਰ ਸਬੰਧੀ ਵਿਚਾਰ ਰੱਖੇ।