ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਪਟਿਆਲਾ ਯੂਨਿਟ ਵਲੋਂ ਕੇਂਦਰੀ ਦਫ਼ਤਰ ਦੇ ਸਹਿਯੋਗ ਨਾਲ "ਗੁ:ਸਿੰਘ ਸਭਾ,ਮੰਡੀ ਗੋਬਿੰਦਗੜ੍ਹ" ਵਿਖੇ "ਅਰਦਾਸ ਦੀ ਮਹਾਨਤਾ" ਵਿਸ਼ੇ ਤੇ ਸਲਇਡ ਸ਼ੋਅ ਦਾ ਆਯੋਜਨ ਕੀਤਾ ਗਿਆ।ਇਸ ਸਲਾਇਡ ਸ਼ੋਅ ਵਿੱਚ ਕੇਂਦਰੀ ਦਫ਼ਤਰ ਲੁਧਿਆਣੇ ਤੋਂ ਪੁੱਜੇ ਯੁਵਕ ਸੇਵਾਵਾਂ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ.ਸਤਨਾਮ ਸਿੰਘ ਸਲ੍ਹੋਪੁਰੀ ਨੇ ਇਤਿਹਾਸ ਵਿੱਚੋਂ ਦਸ ਗੁਰੂਆਂ ਦਾ ਹਵਾਲਾ ਦੇ ਕੇ ਸੰਗਤਾਂ ਨੂੰ ਸੇਵਾ,ਨਿਮਰਤਾ,ਤਿਆਗ ਆਦਿ ਗੁਣ ਧਾਰਨ ਕਰਨ ਦੀ ਪ੍ਰੇਰਨਾ ਦਿੱਤੀ।ਅਰਦਾਸ ਵਿੱਚ ਆਉਂਦੇ ਸ਼ਹੀਦਾਂ ਦੇ ਇਤਿਹਾਸ ਤੋਂ ਪ੍ਰੇਰਨਾ ਲੈ ਕੇ ਸਿੱਖੀ ਕੇਸਾਂ-ਸੁਆਸਾਂ ਨਾਲ ਨਿਭਾਉਣ ਲਈ ਕਿਹਾ।ਇਸ ਨਾਲ ਹੀ ਸਮਾਜਿਕ ਕੁਰੀਤੀਆਂ ਜਿਵੇਂ ਕਿ ਏਡਜ਼,ਭਰੂਣ ਹੱਤਿਆ, ਨਸ਼ੇ ਆਦਿ ਤੋਂ ਨੌਜਵਾਨਾਂ ਨੂੰ ਹੋਣ ਵਾਲੀਆਂ ਦਿੱਕਤਾਂ ਦੀ ਗੱਲ ਕੀਤੀ ਗਈ।ਇਨ੍ਹਾਂ ਤੋਂ ਇਲਾਵਾ ਸਾਡੇ ਸਮਾਜ ਤੋਂ ਅਲੋਪ ਹੋ ਰਹੀਆਂ ਸਾਡੀਆਂ ਪ੍ਰੰਪਰਾਵਾਂ ਜਿਵੇਂ ਕਿ ਚੁੰਨੀ,ਦਸਤਾਰ,ਸਿੱਖ ਸਰੂਪ,ਮਾਂ ਬੋਲੀ ਦਾ ਸਤਿਕਾਰ ਆਦਿ ਤੇ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।
ਸਿੱਖ ਇਤਿਹਾਸ ਨੂੰ ਦਰਸਾਉਂਦੀ ਕਵਿਤਾ "ਸਿੱਖੀ ਦੀ ਦਾਸਤਾਂ" ਵੀ ਸੰਗਤ ਨੂੰ ਦਿਖਾਈ ਗਈ।ਪ੍ਰੋਗਰਾਮ ਤੋਂ ਬਾਅਦ, ਸਿੱਖੀ ਸਰੂਪ ਗਵਾ ਚੁੱਕੇ ਇੱਕ ਵੀਰ ਹਰਪ੍ਰੀਤ ਸਿੰਘ ਨੇ ਮੁੜ ਸਿੱਖੀ ਸਰੂਪ ਵਿੱਚ ਆਉਣ ਦਾ ਪ੍ਰਣ ਲਿਆ ਅਤੇ ਸਿਰੋਪਾ ਪ੍ਰਾਪਤ ਕੀਤਾ।ਸ੍ਰ.ਗੁਰਵਿੰਦਰ ਸਿੰਘ ਦੁਆਰਾ ਸਭ ਨੂੰ ਜੀ ਆਇਆਂ ਕਿਹਾ ਗਿਆ। ਸਲਾਇਡ ਸ਼ੋਅ ਦਾ ਆਯੋਜਨ ਡਾ.ਕੁਲਵਿੰਦਰ ਸਿੰਘ,ਐਡੀ: ਜੋਨਲ ਸਕੱਤਰ,ਪਟਿਆਲਾ ਜੋਨ ਅਤੇ ਨੌਜਵਾਨ ਵੀਰ ਸ੍ਰ. ਦਮਨਜੀਤ ਸਿੰਘ ਦੁਆਰਾ ਕੀਤਾ ਗਿਆ। ਪ੍ਰੋਗਰਾਮ ਦੀ ਸਮਾਪਤੀ ਤੇ ਸ੍ਰ ਸ਼ਰਨਦੀਪ ਸਿੰਘ ਦੁਆਰਾ ਸਭ ਦਾ ਧੰਨਵਾਦ ਕੀਤਾ ਗਿਆ।