ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਦੱਸਿਆ ਕਿ ਜਥੇਬੰਦੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਖਾਲਸਾ ਸਕੂਲ, ਗੁਰਦੁਆਰਾ ਸਿੰਘ ਸਭਾ, ਰਾਜਾ ਜੀ ਪਾਰਕ, ਜੈਪੁਰ ਰਾਜਸਥਾਨ ਵਿਖੇ ਤਿੰਨ ਰੋਜਾ ਗੁਰਮਿਤ ਸਿੱਖਿਆ ਕੈਂਪ ਲਗਾਇਆ ਗਿਆ, ਜਿਸ ਵਿੱਚ ਜੈਪੁਰ ਸ਼ਹਿਰ ਦੇ ਵੱਖ-ਵੱਖ ਖੇਤਰਾਂ ਵਿੱਚੋਂ 10 ਸਾਲ ਤੋਂ 25 ਸਾਲ ਦੀ ਉਮਰ ਦੇ 200 ਵਿਦਿਆਰਥੀ/ਵਿਦਿਆਰਥਣਾਂ ਨੇ ਭਾਗ ਲਿਆ। ਕੇਂਦਰੀ ਦਫ਼ਤਰ ਤੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਅਤੇ ਵਿਜ਼ਿਟੰਗ ਲੈਕਚਰਾਰ ਸ੍ਰ: ਦਰਸ਼ਨ ਸਿੰਘ ਅਹਿਮਦਗੜ੍ਹ ਵਿਸ਼ੇਸ਼ ਤੌਰ ਤੇ ਪਹੁੰਚੇ। ਉਨ੍ਹਾਂ ਸਿੱਖ ਇਤਿਹਾਸ, ਸਿਧਾਂਤ, ਪਰੰਪਰਾਵਾਂ, ਸਭਿਆਚਾਰ, ਰਹਿਤ ਮਰਯਾਦਾ, ਕਰਮਕਾਂਡ, ਇਸਤਰੀ ਤੇ ਗੁਰਮਿਤ ਤੇ ਹੋਰ ਵੱਖ-ਵੱਖ ਵਿਸ਼ਿਆਂ ਤੇ ਵਿਚਾਰਾਂ ਦੀ ਸਾਂਝ ਕੀਤੀ। ਅਰਦਾਸ ਉਪਰ ਕੀਤਾ ਗਿਆ ਸਲਾਈਡ ਸ਼ੋਅ ਨੂੰ ਸੰਗਤਾਂ ਨੇ ਖੂਬ ਸਲਾਹਿਆ।
ਕੈਂਪ ਦੇ ਉਦਘਾਟਨੀ ਸਮਾਗਮ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਕੇਸਰ ਸਿੰਘ ਹੋਰਾਂ ਨਿਸ਼ਾਨ ਸਾਹਿਬ ਲਹਿਰਾਉਣ ਦੀ ਰਸਮ ਅਦਾ ਕੀਤੀ। ਕੈਂਪਰਜ਼ ਨੇ ਮਾਰਚ ਪਾਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗਾਡ ਆਫ਼ ਆਨਰ ਪੇਸ਼ ਕੀਤਾ। ਇਸ ਸਮੇਂ ਵਿਦਿਆਰਥੀਆਂ ਨੇ ਨਸ਼ਿਆਂ ਤੋਂ ਬੱਚ ਕੇ ਰਹਿਣ ਅਤੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣ ਦਾ ਪ੍ਰਣ ਕੀਤਾ। ਕੈਂਪ ਦੇ ਵਿਦਾਇਗੀ ਸੈਸ਼ਨ ਦੌਰਾਨ ਰਾਜਸਥਾਨ ਸਿੱਖ ਸਮਾਜ ਦੇ ਪ੍ਰਧਾਨ ਸ੍ਰ: ਅਜੈਪਾਲ ਸਿੰਘ ਹੋਰਾਂ ਸਮੂੰਹ ਕੈਂਪਰਜ਼ ਨੂੰ ਆਪਣੇ ਕਰ ਕਮਲਾਂ ਨਾਲ ਮੂਮੈਂਟੋਂ ਦੇ ਕੇ ਸਨਮਾਨਿਤ ਕੀਤਾ। ਉਨ੍ਹਾਂ ਕੌਮ ਦੀ ਪਨੀਰੀ ਨੂੰ ਸੰਭਾਲਨ ਲਈ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ ਅਤੇ ਸੰਗਤਾਂ ਨੂੰ ਹਰ ਤਰ੍ਹਾਂ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।
ਗੁਰਦੁਆਰਾ ਰਾਜਾ ਪਾਰਕ ਦੇ ਜਨਰਲ ਸਕੱਤਰ ਡਾ: ਅਵਤਾਰ ਸਿੰਘ, ਸ੍ਰ: ਹਰਨੇਕ ਸਿੰਘ ਰਿਟਾ: ਆਈ. ਪੀ. ਐਸ. ਸਟੱਡੀ ਸਰਕਲ ਰਾਜਸਥਾਨ ਸਟੇਟ ਦੇ ਪ੍ਰਧਾਨ ਬੀਬੀ ਆਗਿਆ ਕੌਰ, ਸਕੱਤਰ ਸ੍ਰ: ਕੁਲਬੀਰ ਸਿੰਘ ਤੇ ਹੋਰ ਅਹੁਦੇਦਾਰ ਡਾ: ਮਨਜੀਤ ਕੌਰ, ਬੀਬੀ ਮਨਜੀਤ ਕੌਰ, ਸ੍ਰ: ਦਵਿੰਦਰ ਸਿੰਘ ਕੌਂਸਲਰ, ਸ੍ਰ: ਬਿਸ਼ਨ ਸਿੰਘ, ਸ੍ਰ: ਹਰਪਾਲ ਸਿੰਘ, ਸ੍ਰ: ਜਸਬੀਰ ਸਿੰਘ ਹੋਰਾਂ ਵੀ ਸੰਬੋਧਨ ਕੀਤਾ। ਕੈਂਪ ਦੌਰਾਨ ਨਿੱਤਨੇਮ ਸੈਸ਼ਨ, ਸਵਾਲ-ਜਵਾਬ ਸੈਸ਼ਨ ਤੇ ਗੁਰਮਿਤ ਕੁਇਜ਼ ਮੁਕਾਬਲਿਆਂ ਨੇ ਕੈਂਪ ਦੀ ਖੂਬਸੂਰਤੀ ਨੂੰ ਹੋਰ ਵਧਾਇਆ।