ਪੰਜਾਬ ਸਟੇਟ ਕੌਂਸਲ ਵਲੋਂ ਹਰਖੋਵਾਲ ਵਿਖੇ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ

On: 5 October, 2009, By: Press Secretary, Location: Hoshiarpur

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਪੰਜਾਬ ਸਟੇਟ ਕੌਂਸਲ ਵੱਲੋਂ 2 ਤੋਂ 4 ਅਕਤੂਬਰ ਤੱਕ ਗੁਰਦੁਆਰਾ ਸੰਤ ਗੜ੍ਹ, ਹਰਖੋਵਾਲ, ਨੇੜੇ ਹੁਸ਼ਿਆਰਪੁਰ ਵਿਖੇ ਕਾਲਜ ਵਿਦਿਆਰਥੀਆਂ ਦਾ ਤਿੰਨ ਰੋਜ਼ਾ ਯੂਥ ਲੀਡਰਸ਼ਿਪ ਟ੍ਰੇਨਿੰਗ ਕੈਂਪ ਲਗਾਇਆ ਗਿਆ। ਇਸ ਕੈਂਪ ਵਿੱਚ ਪੰਜਾਬ ਦੇ 50 ਤੋਂ ਵੱਧ ਕਾਲਜਾਂ ਦੇ 300 ਦੇ ਕਰੀਬ ਚੋਣਵੇਂ ਵਿਦਿਆਰਥੀਆਂ ਨੇ ਭਾਗ ਲਿਆ।

ਕੈਂਪ ਦੇ ਉਦਘਾਟਨੀ ਸਮਾਗਮ ਸਮੇਂ ਡਿਪਟੀ ਚੀਫ਼ ਆਰਗੇਨਾਈਜ਼ਰ ਸ੍ਰ: ਪਿਰਥੀ ਸਿੰਘ ਖਾਲਸਾ ਦੀ ਅਗਵਾਈ ਹੇਠ ਸਮੂੰਹ ਕੈਂਪਰਜ਼ ਨੇ ਪ੍ਰਣ ਲਿਆ ਕਿ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਉੱਤੇ ਦ੍ਰਿੜ੍ਹਤਾ ਨਾਲ ਪਹਿਰਾ ਦੇਣਗੇ। ਇਸ ਮੌਕੇ ਬਾਬਾ ਸੁਰਜੀਤ ਸਿੰਘ ਦਿੱਲੀ ਵਾਲਿਆਂ ਨੇ ਹਰਖੋਵਾਲ ਸਥਾਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

ਕੈਂਪ ਦੇ ਪਹਿਲੇ ਦਿਨ 'ਧਰਮ ਤੇ ਸਾਇੰਸ' ਵਿਸ਼ੇ ਸੰਬੰਧੀ ਲਗਾਏ ਸੈਸ਼ਨ ਵਿੱਚ ਡਾ: ਲਖਵਿੰਦਰ ਸਿੰਘ ਐਡੀਸ਼ਨਲ ਸਟੇਟ ਸਕੱਤਰ, ਪੰਜਾਬ ਤੇ ਕੈਂਪ ਕੋਆਰਡੀਨੇਟਰ ਨੇ ਕਿਹਾ ਕਿ ਧਰਮ ਤੇ ਸਾਇੰਸ ਇੱਕ ਦੂਜੇ ਦੇ ਵਿਰੋਧੀ ਨਹੀਂ, ਪੂਰਕ ਹਨ। ਕਦੇ ਕਦਾਈਂ ਜਦੋਂ ਧਰਮ ਵਿੱਚ ਪਾਖੰਡ ਤੇ ਵਹਿਮ ਆ ਜਾਵੇ ਅਤੇ ਸਾਇੰਸ ਵੀ ਨੈਤਿਕਤਾ ਨੂੰ ਛੱਡ ਦੇਵੇ ਤਾਂ ਇਹ ਵਿਨਾਸ਼ਕਾਰੀ ਬਣ ਜਾਂਦੇ ਹਨ। ਵਿਸ਼ਵ ਅਮਨ ਇਹਨਾਂ ਦੋਹਾਂ ਦੀ ਸਹਿ-ਚਾਲ ਨਾਲ ਹੀ ਕਾਇਮ ਹੋ ਸਕਦਾ ਹੈ।

ਇਕ ਸੈਸ਼ਨ ਵਿੱਚ ਡਾ: ਅਵੀਨਿੰਦਰਪਾਲ ਸਿੰਘ, ਕੈਂਪ ਪ੍ਰਿੰਸੀਪਲ ਤੇ ਐਡੀਸ਼ਨਲ ਸਟੇਟ ਸਕੱਤਰ ਨੇ 'ਬੇਹਰਤਰੀਨ ਜੀਵਨ ਢੰਗ' ਵਿਸ਼ੇ ਤੇ ਸੰਬੋਧਨ ਕਰਦਿਆਂ ਕਿਹਾ ਕਿ ਗੁਰਬਾਣੀ ਅਨੁਸਾਰ ਆਪਾ ਪਛਾਨਣਾ ਤੇ ਇਸ ਨੂੰ ਸੁਆਰਨਾ ਹੀ ਜੀਵਨ ਦਾ ਮੁੱਢਲਾ ਅਸੂਲ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਗੁਰਬਾਣੀ ਵਲੋਂ ਦਿੱਤੇ ਆਪਾ ਚੀਨਣ ਦੇ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਲਾਗੂ ਕਰਨ ਲਈ ਕਿਹਾ।

ਇਕ ਵਿਸ਼ੇਸ਼ ਸੈਸ਼ਨ ਦੌਰਾਨ 'ਨੌਜਵਾਨਾਂ ਨੂੰ ਦਰਪੇਸ਼ ਚੁਣੌਤੀਆਂ ਅਤੇ ਹੱਲ' ਵਿਸ਼ੇ ਸੰਬੰਧੀ ਵਿਚਾਰ ਚਰਚਾ ਦਾ ਸੰਚਾਲਨ ਡਾ: ਮਨਮੋਹਨਜੀਤ ਸਿੰਘ, ਜ਼ੋਨਲ ਪ੍ਰਧਾਨ, ਹੁਸ਼ਿਆਰਪੁਰ ਨੇ ਕੀਤਾ। ਵਿਦਿਆਰਥੀਆਂ ਨੇ ਮੌਜੂਦਾ ਸਮੇਂ ਵਿੱਚ ਦਰਪੇਸ਼ ਚੁਣੌਤੀਆਂ ਜਿਵੇਂ ਕਿ ਸਿੱਖੀ ਸਰੂਪ ਦੀ ਸੰਭਾਲ, ਵੱਧ ਰਹੇ ਨਸ਼ੇ, ਮੀਡੀਆ ਕਲਚਰ ਤੇ ਰੁਜ਼ਗਾਰ ਵਿੱਚ ਆ ਰਹੀਆਂ ਸਮੱਸਿਆਵਾਂ ਬਾਰੇ ਖੁਲ੍ਹੇ ਰੂਪ ਵਿੱਚ ਵਿਚਾਰ ਚਰਚਾ ਵਿੱਚ ਭਾਗ ਲਿਆ, ਜਿਸ ਦੇ ਹੱਲ ਵਜੋਂ ਜਥੇਬੰਦੀ ਦੇ ਆਗੂਆਂ ਨੇ ਵਿਚਾਰ ਅਤੇ ਸੁਝਾਅ ਦੇ ਕੇ ਉਨ੍ਹਾਂ ਦੇ ਸ਼ੰਕੇ ਨਵਿਰਤ ਕੀਤੇ। ਰਾਤ ਦੇ ਸੈਸ਼ਨ ਵਿੱਚ ਸ੍ਰ: ਮੇਹਰਪ੍ਰੀਤ ਸਿੰਘ ਫਗਵਾੜਾ ਵਲੋਂ ਤਿਆਰ ਤੇ ਪੇਸ਼ ਕੀਤੇ ਸਲਾਈਡ ਸ਼ੋਅ 'ਨਿੱਕੀਆਂ ਜਿੰਦਾਂ, ਵੱਡਾ ਸਾਕਾ' ਨੇ ਵਿਦਿਆਰਥੀਆਂ ਨੂੰ ਬਹੁਤ ਪ੍ਰਭਾਵਤ ਕੀਤਾ।

ਕੈਂਪ ਦੇ ਦੂਸਰੇ ਦਿਨ ਦੇ ਪਹਿਲੇ ਸੈਸ਼ਨ ਵਿੱਚ 'ਸੇਵਾ ਸਿਮਰਨ' ਵਿਸ਼ੇ ਸੰਬੰਧੀ ਸੰਬੋਧਨ ਕਰਦਿਆਂ ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ, ਪ੍ਰਧਾਨ ਪੰਜਾਬ ਸਟੇਟ ਕੌਂਸਲ ਨੇ ਕਿਹਾ ਕਿ ਸਿੱਖ ਧਰਮ ਹੀ ਅਜਿਹਾ ਧਰਮ ਹੈ ਜਿਸ ਵਿੱਚ ਸੇਵਾ ਤੇ ਸਿਮਰਨ ਨੂੰ ਬਰਾਬਰ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿਮਰਨ ਨਾਲ ਹਊਮੈ ਦੂਰ ਹੁੰਦੀ ਹੈ, ਮਨ ਪਵਿੱਤਰ ਹੋ ਕੇ ਜਦੋਂ ਸੇਵਾ ਵਿੱਚ ਕਾਰਜਸ਼ੀਲ ਹੁੰਦਾ ਹੈ ਤਾਂ ਉਹ ਸਹੀ ਅਰਥਾਂ ਵਿੱਚ 'ਨਾ ਕੋ ਬੈਰੀ ਨਾਹਿ ਬਿਗਾਨਾ' ਦੀ ਭਾਵਨਾ ਵਿੱਚ ਹਰ ਮਨੁੱਖ ਵਿੱਚ ਰੱਬੀ ਜੋਤ ਦੇ ਦਰਸ਼ਨ ਕਰਦਾ ਹੋਇਆ ਮਨੁੱਖਤਾ ਦੀ ਭਲਾਈ ਲਈ ਕੰਮ ਕਰਦਾ ਹੈ।

ਦੂਸਰੇ ਸੈਸ਼ਨ ਵਿੱਚ ਸ੍ਰ: ਨਰਿੰਦਰਪਾਲ ਸਿੰਘ ਐਡੀਸ਼ਨਲ ਸਟੇਟ ਸਕੱਤਰ ਪੰਜਾਬ ਨੇ 'ਜਥੇਬੰਦੀ ਦੀ ਲੋੜ, ਮਨੋਰਥ ਅਤੇ ਕੰਮ' ਵਿਸ਼ੇ 'ਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਇਤਿਹਾਸ ਸਾਂਝਾ ਕਰਦਿਆਂ ਜਥੇਬੰਦੀ ਵਲੋਂ ਵਿਦਿਅਕ ਖੇਤਰ ਵਿੱਚ ਆਪਣੀਆਂ ਯੂਨਿਟਾਂ ਕਾਇਮ ਕਰਕੇ ਵਿਦਿਅਕ ਅਦਾਰਿਆਂ ਵਿੱਚ ਨੈਤਿਕ ਪ੍ਰਫੁੱਲਤਾ ਅਤੇ ਸਮਾਜਿਕ ਕਦਰਾਂ ਕੀਮਤਾਂ ਪ੍ਰਤੀ ਕੀਤੇ ਜਾ ਰਹੇ ਉਸਾਰੂ ਕਦਮਾਂ ਬਾਰੇ ਦੱਸਿਆ। ਵਿਦਿਆਰਥੀਆਂ ਨੇ ਇਸ ਸਮੇਂ ਪ੍ਰਣ ਕੀਤਾ ਕਿ ਉਹ ਆਪਣੇ ਕਾਲਜਾਂ ਵਿੱਚ ਨੈਤਿਕ ਮਾਹੌਲ ਸਿਰਜਨ ਲਈ ਜਥੇਬੰਦੀ ਦੇ ਬੈਨਰ ਹੇਠ ਕਾਰਜਸ਼ੀਲ ਰਹਿਣਗੇ। ਇੱਕ ਵਿਸ਼ੇਸ਼ ਸੈਸ਼ਨ ਵਿੱਚ ਸ੍ਰ: ਇਕਬਾਲ ਸਿੰਘ, ਡਾਇਰੈਕਟਰ, ਸਮਾਜਿਕ ਅਧਿਕਾਰਤਾ ਅਤੇ ਆਰਥਿਕ ਵਿਕਾਸ ਡਾਇਰੈਕਟੋਰੇਟ ਨੇ 'ਕਿੱਤਾ ਅਗਵਾਈ' ਵਿਸ਼ੇ ਅਨੁਸਾਰ ਵਿਦਿਆਰਥੀਆਂ ਨੂੰ ਵੱਖ-ਵੱਖ ਕਿੱਤਿਆਂ ਸੰਬੰਧੀ ਜਾਣਕਾਰੀ ਤੇ ਅਗਵਾਈ ਪ੍ਰਦਾਨ ਕੀਤੀ।

ਇਸ ਦਿਨ ਦਾ ਤੀਸਰਾ ਸੈਸ਼ਨ 'ਸਿੱਖ ਇਤਿਹਾਸ 'ਚੋਂ ਮਿਲਦੀਆਂ ਪ੍ਰੇਰਨਾਵਾਂ' ਵਿਸ਼ੇ ਸਬੰਧੀ ਸੀ। ਇਸ ਵਿਸ਼ੇ ਨੂੰ ਜਥੇਬੰਦੀ ਦੇ ਕੇਂਦਰੀ ਦਫ਼ਤਰ ਲੁਧਿਆਣਾ ਤੋਂ ਪੁੱਜੇ ਡਾ: ਪੁਸ਼ਪਇੰਦਰ ਸਿੰਘ ਨੇ ਪੇਸ਼ ਕੀਤਾ। ਉਨ੍ਹਾਂ ਪਾਵਰ ਪੁਆਇੰਟ ਦੁਆਰਾ ਸਿੱਖ ਇਤਿਹਾਸ ਦੀ ਭਾਵਪੂਰਤ ਪੇਸ਼ਕਾਰੀ ਕਰਦਿਆਂ ਇਤਿਹਾਸ ਵਿੱਚੋਂ ਮਿਲਦੇ ਸੰਦੇਸ਼ਾਂ ਨੂੰ ਆਧੁਨਿਕ ਪ੍ਰਸੰਗ ਵਿੱਚ ਅਪਨਾਉਣ ਲਈ ਕੈਂਪਰਜ਼ ਨੂੰ ਪ੍ਰੇਰਤ ਕੀਤਾ।

ਕੈਂਪ ਦੇ ਵਿਦਾਇਗੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਪ੍ਰਿੰਸੀਪਲ ਰਾਮ ਸਿੰਘ ਚੀਫ਼ ਆਰਗੇਨਾਈਜ਼ਰ ਹੁਰਾਂ ਵਿਦਿਆਰਥੀਆਂ ਨੂੰ ਸਮਾਜ ਸੇਵਾ ਲਈ ਅੱਗੇ ਆਉਣ ਲਈ ਸੱਦਾ ਦਿੱਤਾ। ਡਾ: ਚਰਨ ਕਮਲ ਸਿੰਘ, ਡਿਪਟੀ ਚੀਫ਼ ਆਰਗੇਨਾਈਜ਼ਰ ਹੁਰਾਂ ਵਿਦਿਆਰਥੀਆਂ ਨੂੰ ਆਪਣੇ ਧਰਮ ਵਿੱਚ ਪਰਪੱਕ ਰਹਿਣ ਲਈ ਪ੍ਰੇਰਣਾ ਦਿੰਦਿਆਂ ਆਖਿਆ ਕਿ ਧਰਮ ਮਨੁੱਖ ਨੂੰ ਚੰਗੇਰੀ ਜੀਵਨ ਜਾਚ ਸਿਖਾਉਂਦਾ ਹੈ। ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੁਰਾਂ ਕਿਹਾ ਕਿ ਅੱਜ ਵਿਦਿਅਕ ਅਦਾਰਿਆਂ ਵਿੱਚ ਜੋ ਵਿਦਿਆ ਦਾ ਵਪਾਰੀਕਰਨ ਵੱਧ ਰਿਹਾ ਹੈ ਉਸ ਨੂੰ ਗੁਰਬਾਣੀ ਦੀ ਰੌਸ਼ਨੀ ਵਿੱਚ ਪਰਉਪਕਾਰੀ ਬਨਾਉਣ ਲਈ ਨੌਜਵਾਨ ਤੇ ਸਮਾਜ ਦਰਦੀ ਅੱਗੇ ਆਉਣ। ਉਨ੍ਹਾਂ ਕਿਹਾ ਕਿ ਵਿਦਿਅਕ ਅਦਾਰਿਆਂ ਦਾ ਮਾਹੌਲ ਨੈਤਿਕਤਾ ਤੇ ਸਦਭਾਵਨਾ ਵਾਲਾ ਬਣਾਉਣ ਲਈ ਸਟੱਡੀ ਸਰਕਲ ਆਪਣੇ ਵਿੱਤ ਅਨੁਸਾਰ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ, ਇਸ ਵਿੱਚ ਸਾਰਿਆਂ ਦਾ ਸਹਿਯੋਗ ਲੋੜੀਂਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸ੍ਰ: ਹਰਚਰਨਜੀਤ ਸਿੰਘ ਧਾਮੀ ਨੇ ਕੈਂਪ ਦੌਰਾਨ ਸ਼ਮੂਲੀਅਤ ਕਰਕੇ ਵਿਦਿਆਰਥੀਆਂ ਨਾਲ ਵਿਚਾਰ ਸਾਂਝੇ ਕੀਤੇ । ਵਿਦਾਇਗੀ ਸੈਸ਼ਨ ਵਿੱਚ ਬਾਬਾ ਮਨਜੀਤ ਸਿੰਘ, ਮੁੱਖੀ ਡੇਰਾ ਹਰਖੋਵਾਲ ਨੇ ਸਟੱਡੀ ਸਰਕਲ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਅਜਿਹੇ ਸਮਾਗਮਾਂ ਤੇ ਜ਼ੋਰ ਦਿੱਤਾ।

ਇਸ ਮੌਕੇ ਸਟੇਟ ਕੌਂਸਲ ਵਲੋਂ ਪ੍ਰਿੰ: ਰਾਮ ਸਿੰਘ, ਚੀਫ਼ ਆਰਗੇਨਾਈਜ਼ਰ, ਸ੍ਰ: ਇੰਦਰਪਾਲ ਸਿੰਘ, ਚੀਫ਼ ਸਕੱਤਰ ਤੇ ਸੰਤ ਬਾਬਾ ਮਨਜੀਤ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਕੈਂਪ ਦੌਰਾਨ ਵੱਖ-ਵੱਖ ਕਾਲਜਾਂ ਤੋਂ ਪੁੱਜੇ ਵਿਦਿਆਰਥੀਆਂ ਨੇ ਜਿਥੇ ਸਵੇਰੇ-ਸ਼ਾਮ ਨਿਤਨੇਮ, ਕਥਾ ਕੀਰਤਨ ਦੇ ਸਮਾਗਮਾਂ ਵਿੱਚ ਸ਼ਾਮਲ ਹੋ ਕੇ ਅਧਿਆਤਮਕ ਸਿਖਲਾਈ ਹਾਸਲ ਕੀਤੀ, ਉਥੇ ਗਰੁੱਪ ਡਿਸਕਸ਼ਨ, ਸੁਆਲਾਂ ਜੁਆਬਾਂ ਅਤੇ ਹੋਰਨਾਂ ਗਤੀਵਿਧੀਆਂ ਰਾਹੀਂ ਵੀ ਆਪਣੇ ਗਿਆਨ ਵਿੱਚ ਵਾਧਾ ਕੀਤਾ।

ਕੈਂਪ ਵਿੱਚ ਹੋਰਨਾਂ ਤੋਂ ਇਲਾਵਾ ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ, ਪ੍ਰਧਾਨ ਪੰਜਾਬ ਸਟੇਟ ਕੌਂਸਲ, ਡਾ: ਲਖਵਿੰਦਰ ਸਿੰਘ, ਐਡੀਸ਼ਨਲ ਸਟੇਟ ਸਕੱਤਰ, ਡਾ: ਅਵੀਨਿੰਦਰਪਾਲ ਸਿੰਘ, ਐਡੀਸ਼ਨਲ ਸਟੇਟ ਸਕੱਤਰ, ਸ੍ਰ: ਨਰਿੰਦਰਪਾਲ ਸਿੰਘ, ਐਡੀਸ਼ਨਲ ਸਟੇਟ ਸਕੱਤਰ , ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ, ਸ੍ਰ: ਲਾਭ ਸਿੰਘ, ਸੰਗਰੂਰ, ਸ੍ਰ: ਪ੍ਰੀਤਮ ਸਿੰਘ ਜ਼ੀਰਾ, ਸ੍ਰ: ਸੁਰਿੰਦਰਪਾਲ ਸਿੰਘ ਸਿਦਕੀ ਸੰਗਰੂਰ, ਸ੍ਰ: ਬਖਸ਼ੀਸ਼ ਸਿੰਘ ਜਲੰਧਰ, ਸ੍ਰ: ਬਲਜੀਤ ਸਿੰਘ ਨੂਰਮਹਿਲ, ਡਾ: ਮਨਮੋਹਨਜੀਤ ਸਿੰਘ ਹੁਸ਼ਿਆਰਪੁਰ, ਸ੍ਰ: ਨਵਪ੍ਰੀਤ ਸਿੰਘ ਹੁਸ਼ਿਆਰਪੁਰ, ਸ੍ਰ: ਗੁਰਚਰਨ ਸਿੰਘ ਅੰਮ੍ਰਿਤਸਰ, ਸ੍ਰ: ਸੰਪੂਰਨ ਸਿੰਘ ਗੁਰਦਾਸਪੁਰ, ਸ੍ਰ: ਜਗਦੀਸ਼ ਸਿੰਘ ਬੱਡੋਂ ਜਲੰਧਰ, ਸ੍ਰ: ਜਸਪਾਲ ਸਿੰਘ, ਜ਼ੋਨਲ ਸਕੱਤਰ, ਸ੍ਰ: ਪ੍ਰਭਜੋਤ ਸਿੰਘ, ਐਡੀਸ਼ਨਲ ਜ਼ੋਨਲ ਸਕੱਤਰ, ਬੀਬੀ ਚੰਨਦੀਪ ਕੌਰ, ਸ੍ਰ: ਗੁਰਚੇਤ ਸਿੰਘ, ਫਿਰੋਜ਼ਪੁਰ, ਡਾ: ਭੁਪਿੰਦਰ ਕੌਰ ਕਵਿਤਾ, ਹੁਸ਼ਿਆਰਪੁਰ, ਬੀਬੀ ਜਸਬੀਰ ਕੌਰ ਰੋਪੜ, ਸ੍ਰ: ਹੀਰਾ ਸਿੰਘ ਅੰਮ੍ਰਿਤਸਰ, ਪ੍ਰੋ: ਦਰਸ਼ਨ ਸਿੰਘ ਲੁਧਿਆਣਾ ਅਤੇ ਵੱਖ-ਵੱਖ ਕਾਲਜਾਂ ਦੇ ਪ੍ਰੋਫੈਸਰ ਇੰਚਾਰਜ ਆਦਿ ਹਾਜ਼ਰ ਸਨ।

Related Images:

Newsletter


Job Placements

Social Empowerment & Economic Development Directorate

Helpline

Helpline

Career Guidance

Career Guidance

Monthly Magazine

Monthly Magazine