ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕੇਂਦਰੀ ਦਫ਼ਤਰ ਦੇ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਹੋਰਾਂ ਦੱਸਿਆ ਕਿ ਯੁਵਕ ਸੇਵਾਵਾਂ ਦੇ ਡਾਇਰੈਕਟਰ ਤੇ ਕਾਰਜਯੋਜਨਾ ਸਕੱਤਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਦੀ ਅਗਵਾਈ ਵਿੱਚ ਕੇਂਦਰੀ ਟੀਮ ਮਹਾਂਰਾਸ਼ਟਰ ਸਟੇਟ ਵੱਲੋਂ ਆਯੋਜਤ ਕੀਤੀ ਦੱਖਣੀ ਤੇ ਮੱਧ ਭਾਰਤ ਦੇ ਯੁਨਿਟਾਂ ਦੇ ਕਾਰਜਕਰਤਾਵਾਂ ਦੀ "ਆਗੂ ਘਾੜਤ" ਤੇ ਤਿੰਨ ਰੋਜਾ ਕਾਰਜਸ਼ਾਲਾ ਲਗਾ ਕੇ ਵਾਪਸ ਪਰਤੀ ਹੈ। ਇਹ ਕਾਰਜਸ਼ਾਲਾ ਮਹਾਂਰਾਸ਼ਟਰਾ ਦੇ ਨਾਸਿਕ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਇਕੱਤਪੁਰ ਦੇ ਪਹਾੜਾਂ ਵਿੱਚ ਗੋਲਡਨ ਰਿਜੋਰਟ ਵਿੱਚ ਲਗਾਈ ਗਈ। ਜਿਸ ਵਿੱਚ ਮੁੰਬਈ, ਥਾਨਾ, ਕਲਿਆਣ, ਨਾਸਿਕ, ਪੂਨਾ, ਔਰੰਗਾਬਾਦ, ਸ੍ਰੀ ਰਾਮਪੁਰ, ਬਿਸਾਵਲ, ਜਲਗਾਉਂ, ਵਾਪੀ, ਅਹਿਮਦਾਬਾਦ (ਗੁਜਰਾਤ) ਤੇ ਬਿਲਾਸਪੁਰ (ਛੱਤੀਸਗੜ੍ਹ) ਤੋਂ 107 ਕਾਰਜਕਰਤਾ ਭਵਿਖਤ ਆਗੂ ਵਜੋਂ ਤਿਆਰ ਹੋਣ ਲਈ ਇਸ ਕਾਰਜਸ਼ਾਲਾ ਵਿੱਚ ਸ਼ਾਮਲ ਹੋਏ।
ਕਾਰਜਸ਼ਾਲਾ ਦੌਰਾਨ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ, "ਆਗੂ ਦੀ ਲੋੜ, ਗੁਣਾਂ, ਤਿਆਰੀ, ਘਾੜਤ ਤੇ ਪ੍ਰੇਰਨਾ", ਬਾਰੇ ਰੋਚਿਕਤਾ ਭਰਪੂਰ ਲੈਕਚਰ ਪ੍ਰੋਜੈਕਟਰ ਦੀ ਸਹਾਇਤਾ ਨਾਲ ਦਿੱਤਾ। ਇਸ ਤੋਂ ਇਲਾਵਾਂ ਸੋਚ ਦਾ ਏਕੀਕਰਨ ਕਰਨ ਲਈ "ਰਹਿਤ ਮਰਯਾਦਾ-ਪ੍ਰਚਲਤ ਭੁਲੇਖੇ", ਵਿਸ਼ੇ ਤੇ ਵਿਚਾਰ ਰੱਖੇ। ਜੋ ਬਾਅਦ ਵਿੱਚ ਖੁੱਲੀ ਚਰਚਾ ਦਾ ਰੂਪ ਧਾਰਨ ਕਰ ਗਿਆ। ਸਮੂੰਹ ਕਾਰਜਕਰਤਾਵਾਂ ਨੇ ਪੰਥ ਪ੍ਰਵਾਨਤ ਰਹਿਤ ਮਰਯਾਦਾ ਤੇ ਪਹਿਰਾ ਦੇਂਦਿਆ ਪੰਥ ਨੂੰ ਸਮਰਪਿਤ ਹੋਣ ਤੇ ਆਪੋ ਆਪਣੀ ਹੋਂਦ ਨੂੰ ਪੰਥ ਵਿੱਚ ਸਮਿਲਤ ਕਰਨ ਦਾ ਪ੍ਰਣ ਲਿਆ।
ਹੁੰਨਰ ਘਾੜਤ, ਸਿਧਾਂਤਾਂ ਤੇ ਸਮਝੋਤਾ ਕੀਤੇ ਬਿਨਾਂ ਗੁਰਦੁਆਰਾ ਕਮੇਟੀਆਂ ਦਾ ਨਿੱਘਾ, ਸਹਿਯੋਗ, ਸੰਗਤ ਵਿੱਚ ਵਿਚਰਨ ਦੀ ਜੁਗਤ ਤੇ ਅਣਲੋੜੀਂਦੇ, ਗਲਤ ਤੱਤਾਂ ਤੋਂ ਬਚਣ ਤੇ ਸੁਚੇਤ ਹੋਣ ਦੀ ਜੁਗਤ ਤੇ ਵੀ ਸ੍ਰ: ਸਲ੍ਹੋਪੁਰੀ ਹੋਰਾਂ ਵੱਖ-ਵੱਖ ਸੈਸ਼ਨਾਂ ਵਿੱਚ ਵਿਚਾਰ ਕੀਤੀ।
ਪ੍ਰੋ: ਮਨਿੰਦਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ, ਚੌਤਾ, ਜ਼ਿਲ੍ਹਾ ਰੋਪੜ ਹੋਰਾਂ ਸਿਧਾਂਤਕ ਸਪੱਸਟਾ ਉਤੇ ਤਿੰਨ ਸੈਸ਼ਨ ਲਏ। ਜਿਸ ਨੂੰ ਸੱਭ ਨੇ ਸਲਾਹਿਆ। ਪ੍ਰੋ: ਜਗਮੋਹਨ ਸਿੰਘ, ਲੁਧਿਆਣਾ ਹੋਰਾਂ ਆਗੂ ਦੀ ਸਖ਼ਸ਼ੀਅਤ ਉਸਾਰੀ, ਟਾਈਮ ਮੈਨੇਜਮੈਂਟ, ਆਪੋ ਆਪਣੇ ਖੇਤਰ ਵਿੱਚ ਕੰਮ ਕਰਨ ਸਮੇਂ ਦਰਪੇਸ਼ ਚੁਣੌਤੀਆਂ ਆਦਿ ਵਿਸ਼ਿਆਂ ਤੇ ਗੱਲ ਕੀਤੀ। ਸਟੇਟ ਬੈਂਕ ਆਫ਼ ਇੰਡੀਆ ਦੇ ਸ੍ਰ: ਕਰਮਜੀਤ ਸਿੰਘ ਬੰਗਲੌਰ ਹੋਰਾਂ ਫੰਡ ਮੈਨੇਜਮੈਂਟ ਉਤੇ ਵਿਚਾਰ ਰੱਖੇ।
ਕਾਰਜਸ਼ਾਲਾ ਦੇ ਕੋਆਰਡੀਨੇਟਰ ਸ੍ਰ: ਜਸਪਾਲ ਸਿੰਘ ਮੁਬੰਈ ਹੋਰਾਂ ਰੋਜ਼ਾਨਾ ਰਾਤ ਬੁਲਾਰੇ ਕਲਾ ਗੁਣ ਨੂੰ ਉਭਾਰਨ ਲਈ ਸਮੂੰਹ ਕਾਰਜਕਰਤਾਵਾਂ ਨੂੰ ਮੌਕੇ ਤੇ ਵੱਖ-ਵੱਖ ਵਿਸ਼ੇ ਦੇ ਕੇ ਸਟੇਜ ਤੇ ਬੁਲਾਇਆ ਤੇ ਹੋਰ ਸੁਧਾਈ ਲਈ ਨੁਕਤੇ ਦੱਸੇ। ਸਟੇਟ ਸਕੱਤਰ ਸ੍ਰ: ਕੁਲਵੰਤ ਸਿੰਘ ਹੋਰਾਂ ਜੀ ਆਇਆਂ ਨੂੰ ਕਿਹਾ। ਵੱਖ-ਵੱਖ ਸੈਸ਼ਨਾਂ ਵਿੱਚ ਵਿਚਾਰ ਵਿਸਥਾਰ ਵੀ ਕੀਤੀ। ਸ੍ਰ: ਦਵਿੰਦਰ ਸਿੰਘ ਮੁੰਬਈ ਹੋਰਾਂ ਆਏ ਪ੍ਰਤੀਨਿੱਧਾਂ ਦਾ ਧੰਨਵਾਦ ਕੀਤਾ। ਸਮੂੰਹ ਪ੍ਰਤੀਨਿੱਧਾਂ ਨੇ ਪ੍ਰਣ ਲਿਆ ਕਿ ਅਸੀਂ ਆਪੋ ਆਪਣੇ ਖੇਤਰ ਵਿੱਚ ਕੌਮ/ਸਮਾਜ ਦੀ ਸੇਵਾ ਲਈ ਤਨ, ਮਨ ਤੇ ਧਨ ਨਾਲ ਸਮਰਿਪਤ ਹੋ ਕੇ ਡਟਾਂਗੇ।