ਕਰਨਾਟਕਾ ਦੀ ਰਾਜਧਾਨੀ ਬੰਗਲੌਰ ਵਿਖੇ ਲੇਕ ਦੇ ਕੰਢੇ ਤੇ ਸੁਸ਼ੋਭਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਦੁਆਰਾ ਕਮੇਟੀ ਤੇ ਕਰਨਾਟਕਾ ਸਿੱਖ ਵੈਲਫੇਅਰ ਐਸੋਸੀਏਸ਼ਨ ਦੇ ਨਿੱਘੇ ਸਹਿਯੋਗ ਨਾਲ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕਰਨਾਟਕਾ ਸਟੇਟ ਵਲੋਂ ਤਿੰਨ ਰੋਜ਼ਾ "ਗੁਰਮਤਿ ਸਿੱਖਿਆ ਕੈਂਪ" ਲਗਾਇਆ ਗਿਆ। ਜਥੇਬੰਦੀ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਤੇ ਪੰਜਾਬ ਸਟੇਟ ਕੌਂਸਲ ਦੇ ਅਡੀਸ਼ਨਲ ਸਟੇਟ ਸਕੱਤਰ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਨੇ ਬੰਗਲੌਰ ਤੋਂ ਪਰਤ ਕੇ ਦੱਸਿਆ ਕਿ ਇਸ ਕੈਂਪ ਵਿੱਚ 150 ਕੈਂਪਰਜ਼ 15 ਸਾਲ ਤੋਂ 30 ਸਾਲ ਦੀ ਉਮਰ ਦੇ ਅਤੇ 100 ਦੇ ਕਰੀਬ ਸੰਗਤਾਂ/ਮਾਪਿਆਂ ਨੇ ਕੈਂਪ ਵਿੱਚ ਸ਼ਮੂਲੀਅਤ ਕੀਤੀ।
ਕੈਂਪ ਦਾ ਉਦਘਾਟਨ ਸਥਾਨਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਗੁਰਸ਼ਰਨ ਸਿੰਘ ਹੋਰਾਂ ਕਰਦਿਆਂ ਸਟੱਡੀ ਸਰਕਲ ਨੂੰ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਸਮੇਂ ਸਟੇਟ ਸਰਪ੍ਰਸਤ ਬੀਬੀ ਨਰਿੰਦਰ ਕੌਰ ਸਟੇਟ ਪ੍ਰਧਾਨ ਸ੍ਰ: ਹਰਜਿੰਦਰ ਸਿੰਘ ਨੇ ਵੀ ਸੰਬੋਧਨ ਕੀਤਾ। ਸਟੱਡੀ ਸਰਕਲ ਦੇ ਕਰਨਾਟਕਾ ਸਟੇਟ ਦੇ ਸਕੱਤਰ ਤੇ ਨੌਜਵਾਨ ਸਾਇੰਸਦਾਨ ਸ੍ਰ: ਮੁਹਿੰਦਰਪਾਲ ਸਿੰਘ ਹੋਰਾਂ ਕੈਂਪ ਦਾ ਸੰਚਾਲਨ ਬਾਖੂਬੀ ਢੰਗ ਨਾਲ ਕੀਤਾ।
ਕੈਂਪ ਦੌਰਾਨ ਸਿੱਖ ਇਤਿਹਾਸ, ਸਿਧਾਂਤ, ਸਭਿਆਚਾਰ ਤੇ ਪ੍ਰੰਪਰਾਵਾਂ ਬਾਰੇ ਲੈਕਚਰ ਦਿੱਤੇ ਗਏ। ਸਾਕਾ ਸਰਹੰਦ, ਸਾਕਾ ਚਮਕੌਰ, ਸਿੱਖ ਅਰਦਾਸ ਵਿਸ਼ਿਆਂ ਤੇ ਸਲਾਈਡ ਸ਼ੋਅ ਵੀ ਕੀਤੇ ਗਏ। ਧਾਰਮਕ ਫਿਲਮਾਂ ਵੀ ਦਿਖਾਈਆਂ ਗਈਆਂ। ਸਵਾਲ ਜਵਾਬ ਸੈਸ਼ਨ ਤੇ ਖੇਡ ਸੈਸ਼ਨ ਦਾ ਵੀ ਆਪਣਾਂ ਹੀ ਪ੍ਰਭਾਵ ਸੀ।
ਵਿਦਾਇਗੀ ਸੈਸ਼ਨ ਤੇ ਗੁਰਦੁਆਰਾ ਸਾਹਿਬ ਦੇ ਸਕੱਤਰ ਡਾ: ਹਰਮਿੰਦਰ ਸਿੰਘ ਖਾਲਸਾ ਤੇ ਕਰਨਾਟਕਾ ਸਿੱਖ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸ੍ਰ: ਜਰਮੈਲ ਸਿੰਘ ਹੋਰਾਂ ਨੇ ਸਰਬੋਤਮ ਕੈਂਪਰਜ਼ ਨੂੰ ਸਨਮਾਨਤ ਕੀਤਾ। ਕੈਂਪਰਜ਼ ਵਲੋਂ ਧਾਰਮਕ ਨਾਟਕਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ। ਕੈਂਪ ਦੀ ਸਫਲਤਾ ਲਈ ਸ੍ਰ: ਗੁਰਚਰਨ ਸਿੰਘ, ਸ੍ਰ: ਗੁਰਪ੍ਰੀਤ ਸਿੰਘ, ਸ੍ਰ: ਹਰਜਿੰਦਰ ਸਿੰਘ, ਸ੍ਰ: ਬਿਕਰਮਜੀਤ ਸਿੰਘ, ਸ੍ਰ: ਗੋਬਿੰਦ ਸਿੰਘ, ਸ੍ਰ: ਭਵਨੀਤ ਸਿੰਘ, ਸ੍ਰ: ਜੋਗਿੰਦਰ ਸਿੰਘ, ਬੀਬੀ ਜਸਨੀਤ ਕੌਰ ਲਖਨਊ, ਸ੍ਰ: ਗੁਰਵਿੰਦਰ ਸਿੰਘ, ਸ੍ਰ: ਅਮਨਪ੍ਰੀਤ ਸਿੰਘ, ਸ੍ਰ: ਰਵਿੰਦਰ ਸਿੰਘ ਨੇ ਬੜੀ ਤਨਦੇਹੀ ਨਾਲ ਕੰਮ ਕੀਤਾ। ਗੁਰਦੁਆਰਾ ਸਾਹਿਬ ਵਲੋਂ ਲੰਗਰ ਤੇ ਹੋਰ ਸਾਰੇ ਪ੍ਰਬੰਧ ਕੀਤੇ ਗਏ।