ਮਨੁੱਖਤਾ ਦੀ ਯਾਤਰਾ ਸੁੱਖ, ਆਨੰਦ, ਸ਼ਾਂਤੀ ਅਤੇ ਸਵੈਮਾਣ ਦਾ ਸ਼ਿਖਰ ਨੂੰ ਛੂਹਣ ਲਈ ਜਾਰੀ ਹੈ। ਜਿਸ ਤਰ੍ਹਾਂ ਕੁਝ ਖਾਸ ਕਾਰਨਾਂ, ਆਕਰਸ਼ਣਾਂ ਤੇ ਹੁੰਗਾਰਿਆਂ ਸਦਕਾ ਸਮੁੰਦਰ ਵਿੱਚ ਜਵਾਰਭਾਟੇ ਉਠਦੇ ਹਨ, ਲਹਿਰਾਂ ਤੇ ਪ੍ਰਵਾਹਾਂ ਜਨਮ ਲੈਂਦੀਆਂ ਹਨ, ਉਸੇ ਤਰ੍ਹਾਂ ਸਮਾਜ ਰੂਪੀ ਸੰਦੁਰ ਵਿੱਚ ਸਮੇਂ-ਸਮੇਂ ਤੇ ਖਾਸ ਘਟਨਾਵਾਂ ਦੇ ਵਾਪਰਣ, ਲੋਕ ਚੇਤਨਾ ਵਿੱਚ ਉਥਲ ਪੁਥਲ ਹੋਣ ਅਤੇ ਬੁਰਾਈਆਂ ਵਲਵਲਿਆਂ ਦੇ ਜਵਾਰਭਾਟੇ ਉਠਦੇ ਹਨ। ਕੁਝ ਸੂਝਵਾਨਾਂ ਨੂੰ ਇਨ੍ਹਾਂ ਜਜ਼ਬਿਆਂ ਦੀ ਤਰਜਮਾਨੀ ਕਰਨ ਲਈ ਸਮਾਜਿਕ ਪਿੜ ਅੰਦਰ ਨਿਤਰਨਾ ਤੇ ਚੱਲਣਾ ਪੈਂਦਾ ਹੈ ਤੇ ਇੰਝ ਹੀ ਸੰਗਠਨ, ਸੰਸਥਾਵਾਂ ਤੇ ਜਥੇਬੰਦੀਆਂ ਹੋਂਦ ਵਿੱਚ ਆਉਂਦੀਆਂ ਹਨ।
ਇਸੇ ਸੰਦਰਭ ਵਿੱਚ ੨੦ਵੀਂ ਸਦੀ ਦੇ ਅੱਠਵੇਂ ਦਹਾਕੇ ਦੇ ਆਰੰਭ ਵਿੱਚ ਖਾਸ ਹਾਲਾਤਾਂ ਅਤੇ ਯੁਵਕਾਂ ਦੀ ਨੈਤਿਕਤਾ ਨੂੰ ਦਰਪੇਸ਼ ਚੁਣੌਤੀਆਂ ਦਾ ਹੁੰਗਾਰਾ ਭਰਨ ਲਈ ਅਤੇ ਸ਼ੁਭ ਕਰਮਨ ਤੇ ਕਬਹੂੰ ਨ ਟਰੋਂ, ਮਾਨਸ ਕੀ ਜਾਤਿ ਸਭੈ ਏਕੈ ਪਹਿਚਾਨਬੋ, ਸਚਹੁੰ ਉਰੈ ਸਭੁ ਕੋ ਉਪਿਰ ਸਚੁ ਆਚਾਰੁ ਅਤੇ ਘਾਲਿ ਖਾਹਿ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ਦੇ ਮਹਾਂਵਾਕਾਂ ਅਨੁਸਾਰ ਤਿਆਗ ਘਾਲਣਾ ਅਤੇ ਉੱਚਾ ਸੁੱਚਾ ਜੀਵਨ ਜੀਉਣ ਦੀ ਲਾਲਸਾ ਮਨ ਵਿੱਚ ਪੈਦਾ ਹੋਣ ਕਾਰਨ ਗੌਰਮਿੰਟ ਕਾਲਜ, ਲੁਧਿਆਣਾ ਤੋਂ ੧੯੭੨ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਵਿਦਿਅਕ ਲਹਿਰ ਦੇ ਰੂਪ ਵਿੱਚ ਉਦੈ ਹੋਇਆ।
ਪ੍ਰਿੰ: ਰਾਮ ਸਿੰਘ ਇਸ ਜਥੇਬੰਦੀ ਦੇ ਚੀਫ ਆਰਗੇਨਾਈਜ਼ਰ ਵਜੋਂ, ਸ੍ਰ: ਇੰਦਰਪਾਲ ਸਿੰਘ ਚੀਫ ਸਕੱਤਰ ਅਤੇ ਸਤਨਾਮ ਸਿੰਘ ਸਲ੍ਹੋਪੁਰੀ ਡਾਇਰੈਕਟਰ ਯੁਵਕ ਸੇਵਾਵਾਂ ਵਜੋਂ ਸੇਵਾ ਨਿਭਾ ਰਹੇ ਹਨ।
ਇਸ ਪਾਵਨ ਧਰਤੀ ਦੇ ਸੋਹਣ-ਸੁਚੱਜੇ ਧਰਮ ਤੇ ਵਿਰਸੇ ਨੂੰ ਭੁਲਾ ਕੇ ਵਿਦਿਆਰਥੀ ਆਪਣੇ ਪਿਓ ਦਾਦੇ ਦੇ ਅਨਮੋਲ ਖ਼ਜਾਨੇ ਤੋਂ ਅਣਜਾਣ, ਨਾਸਤਿਕਤਾ ਦੇ ਹਨੇਰੇ ਰਾਹ ਤੇ ਪੈ ਕੇ ਠੋਕਰਾਂ ਖਾਣ ਲਈ ਗੁੰਮਰਾਹ ਹੋ ਰਹੇ ਹਨ। ਉਹ ਇਹ ਭੁੱਲਦੇ ਜਾ ਰਹੇ ਹਨ ਕਿ ਉਹ ਕਿਸ ਕੌਮ ਦੇ ਵਾਰਸ ਹਨ ਤੇ ਕਿਸ ਬਾਪ ਦੇ ਬੇਟੇ ਹਨ। ਅਸਲ ਵਿੱਚ ਉਨ੍ਹਾਂ ਨੂੰ ਆਪਣੇ ਅਮੀਰ ਵਿਰਸੇ ਬਾਰੇ ਦੱਸਿਆ ਹੀ ਨਹੀਂ ਸੀ ਜਾ ਰਿਹਾ। ਵਿਯੋਗ ਦੀ ਇਸ ਚਿੰਤਾਮਈ ਸਥਿਤੀ ਨੇ ਮਸਤਕ ਤੇ ਦਸਤਕ ਦਿੱਤੀ। ਸਿੱਖ ਗੁਰੂ ਸਾਹਿਬਾਨ ਨੇ ਉੱਤਮ ਪੁਰਖ ਖਾਲਸੇ ਅਤੇ ਗੁਰੂ ਗ੍ਰੰਥ ਦੇ ਰੂਪ ਵਿੱਚ ਇਲਾਹੀ ਬਾਣੀ ਦਾ ਜੋ ਅਖੁੱਟ ਅਟੁੱਟ ਖਜ਼ਾਨਾ ਸੰਸਾਰ ਦੇ ਲੋਕਾਂ ਨੂੰ ਬਖਸ਼ਿਸ਼ ਕੀਤਾ, ਇਹ ਸਭ ਕੁਝ ਸਟੱਡੀ ਸਰਕਲ ਦੇ ਬਾਨੀ ਨੌਜਵਾਨ ਵਿਦਿਆਰਥੀਆਂ ਲਈ ਰੌਸ਼ਨ ਮੁਨਾਰੇ ਦੇ ਰੂਪ ਵਿੱਚ ਸਨਮੁੱਖ ਸੀ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਉਦੇਸ਼, ਸਮਾਜਿਕ ਅਤੇ ਧਾਰਮਿਕ ਬੁਰਾਈਆਂ, ਕੁਰੀਤੀਆਂ, ਮਨਮੱਤਾਂ ਅਤੇ ਅੰਧ-ਵਿਸ਼ਵਾਸ ਦੇ ਪਸਾਰੇ ਨੂੰ ਰੋਕਣਾ, ਝੂਠੇ ਕਲਜੁੱਗੀ ਗੁਰੂਆਂ ਦੇ ਪਸਾਰੇ ਤੋਂ ਸਾਵਧਾਨ ਕਰਨਾ, ਸਰਬੱਤ ਦੇ ਭਲੇ ਦੀ ਭਾਵਨਾ ਅਨੁਸਾਰ ਜਾਤ-ਪਾਤ ਦੇ ਨਸ਼ਿਆਂ-ਰਹਿਤ ਸਰਬ ਸਾਂਝੇ ਮਨੁੱਖੀ ਭਾਈਚਾਰੇ ਵਾਲੇ ਨਰੋਏ ਸਮਾਜ ਦੀ ਸਿਰਜਨਾ ਨੂੰ ਸਮਰਿਪਤ ਕਾਰਜ ਕਰਨੇ, ਗੁਰੂ ਗ੍ਰੰਥ ਸਾਹਿਬ ਜੀ ਵਲੋਂ ਦਰਸਾਏ ਮਾਰਗ ਅਨੁਸਾਰ ਸਾਹਿਤ, ਸਭਿਆਚਾਰਕ, ਸਮਾਜ ਸੇਵੀ ਤੇ ਵਿਦਿਅਕ ਅਤੇ ਹੋਰ ਖੇਤਰਾਂ ਵਿੱਚ ਸਮੁੱਚੀ ਲਹਿਰ ਚਲਾਉਣੀ ਤਾਂ ਕਿ ਗੁਣੀ, ਪਰਉਕਾਰੀ ਤੇ ਸੁਯੋਗ ਵਿਅਕਤੀ ਹਰ ਖੇਤਰ ਵਿੱਚ ਅੱਗੇ ਆ ਕੇ ਸਮਾਜ ਦੀ ਅਗਵਾਈ ਕਰ ਸਕਣ। ਇਹ ਸਟੱਡੀ ਸਰਕਲ ਦੇ ਮੁੱਖ ਉਦੇਸ਼ ਹਨ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਕਾਰਜ ਖੇਤਰਾਂ ਵਿੱਚ ਗਿਆਨ ਦਾ ਪਸਾਰ ਕਰਨਾ, ਜਾਣਕਾਰੀ ਹਾਸਲ ਕਰਨੀ, ਜਾਣਕਾਰੀ ਮੁਹੱਈਆ ਕਰਨੀ ਅਤੇ ਗਿਆਨ ਦੇ ਜਾਣਕਾਰੀ ਨੂੰ ਵੰਡਣਾ ਵੰਡਾਉਣਾ ਤੇ ਜਾਗਰੂਕ ਕਰਨਾ, ਸੈਮੀਨਾਰਾਂ, ਗੋਸ਼ਟੀਆਂ, ਸ਼ਬਦ ਵਿਚਾਰ ਸੰਮੇਲਨਾਂ, ਪ੍ਰਤੀਯੋਗਤਾਵਾਂ, ਕੀਰਤਨ ਸਮਾਗਮਾਂ, ਗੁਰਮਤਿ ਟ੍ਰੇਨਿੰਗ ਕੈਂਪਾਂ, ਆਡੀਓ, ਵੀਡੀਓ ਸਾਧਨਾਂ, ਨਿੱਜੀ ਸੰਪਰਕ ਆਦਿ ਢੰਗਾਂ ਲਾਲ ਸੰਦੇਸ਼ ਦੀ ਸਾਂਝ ਪੈਦਾ ਕੀਤੀ ਜਾਂਦੀ ਹੈ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਸਥਾਪਨੇ ਦੇ ਪਿਛਲੇ ੩੭ ਸਾਲਾਂ ਦੌਰਾਨ ਇਸ ਦੇ ਕਾਰਜਕਰਤਾਵਾਂ ਨੇ ਵੱਖ-ਵੱਖ ਖੇਤਰਾਂ ਵਿੱਚ ਨਿਸ਼ਕਾਮ ਸੇਵਾ ਦਾ ਇਕ ਵਿਲੱਖਣ ਇਤਿਹਾਸ ਸਿਰਜਿਆ ਹੈ। ਇਸ ਵਿੱਚ ਲਗਭਗ ੫੦ ਪ੍ਰਾਜੈਕਟਾਂ, ਵਿੰਗਾਂ, ਅਦਾਰਿਆਂ ਦੇ ਕਾਰਜ ਪੰਜਾਬ ਤੋਂ ਇਲਾਵਾ ਹੋਰਨਾਂ ਰਾਜਾਂ ਅਤੇ ਦੇਸ਼ਾਂ ਵਿੱਚ ਆਪਣੇ ਯੂਨਿਟਾ ਰਾਹੀਂ ਚੜ੍ਹਦੀ ਕਲਾ ਨਾਲ ਚੱਲ ਰਹੇ ਹਨ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦਾ ਵਿਸ਼ੇਸ਼ ਉਪਰਾਲਾ : ਗਿਆਨ ਅੰਜਨ ਗੁਰਮਤਿ ਸਮਰ ਸਕੂਲ : ਪੰਜਾਬ ਦੇ ਜ਼ੋਨਾਂ ਦੇ ਵੱਖ-ਵੱਖ ਸਟੇਟਾਂ ਵਲੋਂ ਗਰਮੀ ਦੀਆਂ ਛੁੱਟੀਆਂ ਦੌਰਾਨ ਗਿਆਨ ਅੰਜਨ ਸਮਰ ਸਕੂਲਾਂ ਤਹਿਤ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਹਰ ਸਾਲ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਸਿਖਲਾਈ ਕਲਾਸਾਂ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਨ੍ਹਾਂ ਕਲਾਸਾਂ ਦੌਰਾਨ ਵਿਦਿਆਰਥੀਆਂ ਦੀ ਪ੍ਰਤਿਭਾ ਦੇ ਵਿਕਾਸ ਲਈ ਵਿਸ਼ੇਸ਼ ਲੈਕਚਰ, ਵੱਖ-ਵੱਖ ਮੁਕਾਬਲੇ, ਇਤਿਹਾਸਕ ਸਥਾਨਾਂ ਦੀਆਂ ਯਾਤਰਾਵਾਂ ਦਾ ਆਯੋਜਨ ਕੀਤਾ ਜਾਂਦਾ ਹੈ। ਅੱਜ ਦਾ ਸਿੱਖ ਨੌਜਵਾਨ ਆਪਣੇ ਧਰਮ ਅਤੇ ਵਿਰਸੇ ਤੋਂ ਦੂਰ ਜਾ ਰਿਹਾ ਹੈ। ਟੈਲੀਵਿਜ਼ਨ ਤੇ ਵਿਖਾਏ ਜਾ ਰਹੇ ਘਟੀਆ ਦਰਜੇ ਦੀ ਸੀਰੀਅਲ ਅਤੇ ਫਿਲਮਾਂ ਰਾਹੀਂ ਨਵੀਂ ਪਨੀਰੀ ਤੇ ਗਲਤ ਪ੍ਰਭਾਵ ਪਾ ਰਹੀਆਂ ਹਨ। ਇਸੇ ਲਈ ਇਨ੍ਹਾਂ ਕੈਂਪਾਂ ਦੀ ਲੋੜ ਮਹਿਸੂਸ ਕੀਤੀ ਗਈ, ਤਾਂ ਜੋ ਸਾਡੇ ਬੱਚਿਆਂ ਵਿੱਚ ਗੁਰਸਿੱਖ ਕਦਰਾਂ ਕੀਮਤਾਂ ਦਾ ਵਿਕਾਸ ਹੋ ਸਕੇ। ਅਜੋਕੇ ਸਮਾਜ ਦੀ ਬਹੁਗਿਣਤੀ ਸਮਾਜਿਕ ਕਦਰਾਂ ਕੀਮਤਾਂ ਅਤੇ ਵਰਤਾਰੇ ਵਿੱਚ ਆਈ ਗਿਰਾੳਟ ਨੂੰ ਬੜੀ ਬੇਵੱਸੀ ਨਾਲ ਵੇਖ ਰਹੀ ਹੈ ਅਤੇ ਸਹਿਣ ਕਰ ਰਹੀ ਹੈ। ਇਹ ਕੈਂਪ ਉਸ ਵਰਗ ਨੂੰ ਸੁਚੇਤ ਕਰਨ, ਸਮਝਣ ਅਤੇ ਮਾੜੇ ਹਾਲਾਤਾਂ ਦਾ ਮੁਕਾਬਲਾ ਕਰਨ ਤੇ ਉਸ ਨੂੰ ਉਸਾਰੂ ਮੋੜ ਦੇਣ ਲਈ, ਲਾਮਬੰਦ ਕਰਨ ਪ੍ਰਤੀ ਇਕ ਗੰਭੀਰ ਅਤੇ ਸ਼ਲਾਘਾਯੋਗ ਕਦਮ ਹੈ। ਇਨ੍ਹਾਂ ਕੈਂਪਾਂ ਵਿੱਚ ਜਦੋਂ ਵਿਦਿਆਰਥੀ ਜਥੇਬੰਦ ਹੋ ਕੇ ਮੁਕਾਬਲਿਆਂ ਵਿੱਚ ਹਿੱਸਾ ਲੈਂਦੇ ਹਨ, ਇਕੱਠੇ ਗੁਰਪੁਰਬ ਮਨਾਉਂਦੇ ਹਨ, ਯੁਵਕ ਮੇਲਿਆਂ, ਸੈਮੀਨਾਰਾਂ, ਸੰਮੇਲਨਾਂ ਵਿੱਚ ਭਾਗ ਲੈਂਦੇ ਹਨ ਤਾਂ ਉਨ੍ਹਾਂ ਨੂੰ ਚੰਗੀ ਸੰਗਤ ਤੇ ਮਾਹੌਲ ਮਿਲਦਾ ਹੈ ਜਿਸ ਵਿੱਚ ਗੁਣ ਪ੍ਰਗਟ ਹੁੰਦੇ ਹਨ ਅਤੇ ਨੈਤਿਕ ਕਦਰਾਂ ਕੀਮਤਾਂ ਦੀ ਪ੍ਰਫੁੱਲਤਾ ਹੁੰਦੀ ਹੈ। ਪੰਜਾਬ ਵਿੱਚ ਨਸ਼ਿਆਂ ਦੇ ਟੀਕੇ ਲਗਾਉਣ ਦੇ ਵੱਧ ਰਹੇ ਰੁਝਾਨ, ਏਡਜ਼, ਭਰੂਣ ਹੱਤਿਆ ਦੀ ਰੋਕਥਾਮ ਲਈ ਅਸਰਦਾਰ ਉਪਰਾਲੇ, ਨੌਜਵਾਨਾਂ ਵਿੱਚ ਘੱਟ ਰਹੀ ਨੈਤਿਕਤਾ, ਡੇਰਾਵਾਦ ਆਦਿ ਕਈ ਕੁਰੀਤੀਆਂ ਨੂੰ ਜੜ੍ਹੋਂ ਮਾਰ ਮੁਕਾਉਣ ਲਈ ਨਾਟਕ, ਮੋਨੋਐਕਟਿੰਗ ਤੇ ਪੇਸ਼ਕਾਰੀ ਸੈਸ਼ਨ ਵਿਦਿਆਰਥੀਆਂ ਤੇ ਡੂੰਘਾਂ ਅਸਰ ਛੱਡਦੇ ਹਨ। ਉਹ ਮੰਨਣ ਲੱਗਦੇ ਹਨ ਕਿ ੨੧ਵੀਂ ਸਦੀ ਵਿੱਚ ਧਰਮ ਦਾ ਜੈਕਾਰ ਹੀ ਸਾਰੀਆਂ ਸਮੱਸਿਆਵਾਂ ਦਾ ਹੱਲ ਹੈ। ਧਰਮ ਨੂੰ ਅਪਣਾਏ ਬਗੈਰ ਨੈਤਿਕ ਕਦਰਾਂ ਕੀਮਤਾਂ ਦੀ ਸਹਾਲੀ ਨਹੀਂ ਹੋ ਸਕਦੀ। ਸਿੱਟਾ ਇਹ ਹੈ ਕਿ ਸਿੱਖਿਆ ਦਾ ਦੂਜਾ ਅਰਥ ਨੈਤਿਕਤਾ ਹੈ। ਨੈਤਿਕ ਆਚਰਣ ਉਹ ਹੈ ਜੋ ਚੰਗੇ ਗੁਣਾਂ ਤੋਂ ਪ੍ਰੇਰਿਤ ਹੈ। ਚੰਗੇ ਗੁਣ ਚੰਗੇ ਵਿਵਹਾਰ ਨਾਲ ਆਉਂਦੇ ਹਨ। ਚੰਗਾ ਵਿਵਹਾਰ ਗਿਆਨ ਦਾ ਪੂਰਕ ਹੈ। ਨੈਤਿਕਤਾ ਹੀ ਉਹ ਚਾਨਣ ਹੈ ਜਿਹੜਾ ਅਗਿਆਨ ਅਤੇ ਭਰਮਾਂ ਤੋਂ ਪੈਦਾ ਹੋਏ ਹਨੇਰੇ ਨੂੰ ਹੌਲੀ-ਹੌਲੀ ਘਟਾ ਕੇ ਸਾਡੇ ਅੰਦਰ ਚੰਗਾ ਆਚਰਣ ਅਤੇ ਚੰਗੇ ਵਿਵਹਾਰ ਦੀ ਬਹੁਤਾਤ ਕਰਕੇ ਇਕ ਤੰਦਰੁਸਤ ਮਨੁੱਖ ਦੀ ਉਤਪਤੀ ਕਰਦਾ ਹੈ। ਜਿਵੇਂ ਫਲ ਲੱਗਣ ਤੇ ਟਾਹਣੀਆਂ ਝੁਕ ਜਾਂਦੀਆਂ ਹਨ, ਸੱਚੇ ਗਿਆਨ ਦੇ ਚਾਨਣ ਵਿੱਚ ਗਿਆਨੀ ਲੋਕ ਬਿਲਕੁਲ ਉਸੇ ਤਰ੍ਹਾਂ ਹੀ ਝੁੱਕ ਜਾਂਦੇ ਹਨ।
ਇਸ ਵਾਰ ਗਰਮੀ ਦੀਆਂ ਛੁੱਟੀਆਂ ਦੌਰਾਨ ੫੦ ਤੋਂ ਵੱਧ ਸਥਾਨਾਂ ਤੇ ਅਜਿਹੇ ਸਮਰ ਸਕੂਲ ਲਗਾਏ ਗਏ। ਸਮੁੱਚੇ ਪੰਜਾਬ ਵਿੱਚ ੨੫ ਸਥਾਨਾਂ ਤੇ ਸਮਰ ਕੈਂਪ ਲਗਾਏ ਗਏ, ਜਿਨ੍ਹਾਂ ਵਿੱਚੋਂ ਇਕੱਲੇ ਫਰੀਦਕੋਟ-ਮੁਕਤਸਰ-ਬਠਿੰਡਾ ਜ਼ੋਨ ਵਲੋਂ ਡਾ: ਅਵੀਨਿੰਦਰਪਾਲ ਸਿੰਘ ਦੀ ਸੁਯੋਗ ਅਗਵਾਈ ਵਿੱਚ ੧੨ ਸਮਰ ਸਕੂਲਾਂ ਦੇ ੧੫੦੦ ਵਿਦਿਆਰਥੀਆਂ ਨੇ ਬਾਣੀ ਦੇ ਲੜ ਲੱਗਣ ਦੀ ਸਹੁੰ ਚੁੱਕੀ। ਕੋਟਕਪੂਰਾ, ਫਰੀਦਕੋਟ, ਗਿੱਦੜਬਾਹਾ, ਮੱਲਾ, ਮੁਕਤਸਰ, ਬਰਗਾੜੀ, ਵਾੜਾਦਰਾਕਾ, ਢਿੱਲਵਾਂ, ਸਰਾਵਾਂ, ਆਸਾ ਬੁੱਟਰ, ਚੰਦੜ ਵਿਖੇ ਲਗਾਏ ਗਏ ਇਨ੍ਹਾਂ ਕੈਂਪਾਂ ਦੌਰਾਨ ਜਿੱਥੇ ਗੁਰਬਾਣੀ ਜੀਵਨ ਜਾਚ ਅਤੇ ਸਿੱਖ ਇਤਿਹਾਸ ਸਬੰਧੀ ਜਾਣਕਾਰੀ ਦਿੱਤੀ ਜਾਂਦੀ ਸੀ, ਉਥੇ ਸਾਰੇ ਸਕੂਲਾਂ ਵਿੱਚ ਸਿੱਖ ਇਤਿਹਾਸ ਨਾਲ ਸਬੰਧਤ ਸਲਾਈਡ ਸ਼ੋਅ, ਇਤਿਹਾਸਕ ਫਿਲਮਾਂ (ਅਮਰ ਖਾਲਸਾ, ਸੁੰਦਰੀ ਅਤੇ ਛੋਟੇ ਸਾਹਿਬਜ਼ਾਦੇ ਆਦਿ), ਖੇਡ ਮੁਕਾਬਲੇ, ਵਿਦਿਅਕ ਅਤੇ ਧਾਰਮਿਕ ਮੁਕਾਬਲੇ (ਭਾਸ਼ਣ, ਕਵਿਤਾ ਉਚਾਰਣ, ਸ਼ਬਦ ਵਾਰ ਗਾਇਣ, ਅਰਦਾਸ, ਪੇਂਟਿੰਗ, ਗੁਰਬਾਣੀ ਕੰਠ, ਨਾਅਰੇ ਲਿਖਣ ਆਦਿ), ਗੱਤਕਾ ਸਿਖਲਾਈ, ਇਤਿਹਾਸਕ ਅਸਥਾਨਾਂ ਦੇ ਟੂਰ, ਗੁਰਮਤਿ ਕਵੀ ਦਰਬਾਰ, ਖਾਲਸਾਈ ਫੈਂਸੀ ਡਰੈੱਸ ਮੁਕਾਬਲੇ, ਦਸਤਾਰ ਸਜਾਉਣ ਮੁਕਾਬਲੇ, ਗਰੁੱਪ ਡਿਸਕਸ਼ਨਜ਼ ਆਦਿ ਕਰਵਾਈਆਂ ਗਈਆਂ। ਨਸ਼ਾ ਵਿਰੋਧੀ ਸਲਾਈਡ ਸ਼ੋਅ ਵਿੱਚ ਪ੍ਰਭਾਵਸ਼ਾਲੀ ਤਸਵੀਰਾਂ ਅਤੇ ਨਸ਼ਿਆਂ ਨਾਲ ਹੋਣ ਵਾਲੀਆਂ ਗੰਭੀਰ ਬੀਮਾਰੀਆਂ ਵੇਖ ਕੇ ਨੌਜੳਾਨਾਂ ਦੇ ਹਿਰਦੇ ਕੰਬ ਉੱਠੇ, ਗੁਰੂ ਸਾਹਿਬਾਨਾਂ ਦੇ ਜੁਝਾਰੂ ਅਤੇ ਕੁਰਬਾਨੀਆਂ ਭਰੇ ਇਤਿਹਾਸਕ ਵਿਰਸੇ ਨੂੰ ਬੜੇ ਗੌਰ ਨਾਲ ਵੇਖ ਕੇ ਨੌਜਵਾਨ ਪੀੜ੍ਹੀ ਦੀ ਸੋਚ ਨੂੰ ਉਸਾਰੂ ਅਤੇ ਜੁਝਾਰੂ ਸ਼ਕਤੀ ਮਿਲੀ ਅਤੇ ਅਨੇਕਾਂ ਹੀ ਵਿਦਿਆਰਥੀਆਂ ਨੇ ਸਾਬਤ ਸੂਰਤ ਰਹਿਣ ਦਾ ਮਨ ਬਣਾ ਲਿਆ ਹੈ।