ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਦੋ ਰੋਜ਼ਾ ਯੁਵਕ ਲਿਖਾਰੀ ਕਾਰਜਸ਼ਾਲਾ ਦਾ ਆਯੋਜਨ

On: 14 August, 2012, By: Press Secretary, Location: ਲੁਧਿਆਣਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਭਾਸ਼ਾਵਾਂ, ਸਾਹਿਤ ਤੇ ਸਭਿਆਚਾਰਕ ਮਾਮਲੇ ਕੌਂਸ਼ਲ ਵਲੋਂ ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ਦੋ ਰੋਜ਼ਾ ਯੁਵਕ ਲਿਖਾਰੀ ਕਾਰਜਸ਼ਾਲਾ ਦਾ ਆਯੋਜਨ ਕੀਤਾ ਗਿਆ| ਕਾਰਜਸ਼ਾਲਾ ਦੇ ਆਰੰਭਕ ਸੈਸ਼ਨ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਸਕੱਤਰ ਜਨਰਲ ਸ੍ਰ: ਜਤਿੰਦਰਪਾਲ ਸਿੰਘ ਹੋਰਾਂ ਸੰਬੋਧਨ ਕੀਤਾ| ਇਸ ਮੌਕੇ ਉਨ੍ਹਾਂ ਆਪਣਾ ਕੁੰਜੀਵਤ ਭਾਸ਼ਣ ਸਾਂਝਾ ਕਰਦਿਆਂ ਯੁਵਕ ਲਿਖਾਰੀਆਂ ਨੂੰ ਭਰਪੂਰ ਅਧਿਅਨ ਕਰਨ ਅਤੇ ਉੱਚਾ ਸੁੱਚਾ ਜੀਵਨ ਬਤੀਤ ਕਰਨ ਲਈ ਪ੍ਰੇਰਨਾ ਕੀਤੀ| ਉਨ੍ਹਾਂ ਕਿਹਾ ਕਿ ਆਮ ਲੋਕ ਬੋਲਾਂ ਨਾਲੋਂ ਲਿਖਤਾਂ ਤੋਂ ਵੱਧ ਪ੍ਰਭਾਵਿਤ ਹੁੰਦੇ ਹਨ| ਇਸ ਤੋਂ ਪਹਿਲਾਂ ਡਿਪਟੀ ਚੀਫ਼ ਸਕੱਤਰ ਸ੍ਰ: ਪਰਮਜੀਤ ਸਿੰਘ ਹੁਰਾਂ ਹਾਜ਼ਰ ਯੁਵਕ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਜੀ ਆਇਆਂ ਆਖਿਆ| ਉਨ੍ਹਾਂ ਯੁਵਕ ਲਿਖਾਰੀਆਂ ਨੂੰ ਕਲਮ ਕਾਗਜ਼ ਹਮੇਸ਼ਾਂ ਕੋਲ ਰੱਖਣ ਦੀ ਪ੍ਰੇਰਣਾ ਕੀਤੀ|

ਕਾਰਜਸ਼ਾਲਾ ਦੇ ਪਹਿਲੇ ਸੈਸ਼ਨ ਵਿੱਚ ਸ੍ਰ: ਪਿਰਥੀ ਸਿੰਘ, ਚੀਫ਼ ਸਕੱਤਰ ਹੋਰਾਂ ਯੁਵਕ ਲਿਖਾਰੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਲਿਖਾਰੀ ਦੂਰਸ਼ਦਰਸ਼ੀ ਹੋਣਾ ਚਾਹੀਦਾ ਹੈ ਕਿਉਂਕਿ ਉਸ ਦੀਆਂ ਲਿਖਤਾਂ ਸਮਾਜ ਦੀ ਦਸ਼ਾ ਤੇ ਦਿਸ਼ਾ ਨੂੰ ਪ੍ਰਭਾਵਿਤ ਤੇ ਨਿਰਧਾਰਤ ਕਰਦੀਆਂ ਹਨ| ਚੰਗਾ ਲਿਖਾਰੀ ਆਪਣੀ ਕਲਮ ਰਾਹੀਂ ਸਮਾਜ ਦੀ ਨੁਹਾਰ ਬਦਲਣ ਦੀ ਸਮਰੱਥਾ ਰੱਖਦਾ ਹੈ| ਉੱਘੇ ਵਿਦਵਾਨ ਤੇ ਪੜਚੋਲ ਕਰਤਾ ਸ੍ਰ: ਜਸਵੰਤ ਸਿੰਘ ਅਮਨ ਹੋਰਾਂ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਜਿਵੇਂ ਕਿ ਨਾਵਲ, ਨਾਟਕ, ਕਹਾਣੀ, ਕਵਿਤਾ, ਗਜ਼ਲ, ਛੰਦ ਆਦਿ ਬਾਰੇ ਦੱਸਿਆ| ਡਾ: ਸਰਬਜੋਤ ਕੌਰ ਹੋਰਾਂ ਕਲਮਕਾਰ ਤੋਂ ਸਾਹਿਤਕਾਰ ਤੱਕ ਦੇ ਸਫ਼ਰ ਬਾਰੇ ਚਰਚਾ ਕਰਦਿਆਂ ਚੰਗੇ ਲਿਖਾਰੀ ਦੇ ਗੁਣ ਅਤੇ ਸਮਾਜਿਕ ਫਰਜ਼ਾਂ ਬਾਰੇ ਵਿਸਥਾਰ ਸਹਿਤ ਚਾਨਣਾ ਪਾਇਆ| ਇਸ ਸੈਸ਼ਨ ਵਿੱਚ ਇੰਜੀ: ਸ੍ਰ: ਜੋਗਿੰਦਰ ਸਿੰਘ, (ਰਿਟਾ:) ਹੋਰਾਂ ਕਿਉਂ ਲਿਖੀਏ, ਕੀ ਲਿਖੀਏ ਅਤੇ ਕਿਵੇਂ ਲਿਖੀਏ ਵਿਸ਼ੇ ਤੇ ਆਪਣੇ ਵਿਚਾਰ ਰੱਖੇ| ਉਨ੍ਹਾਂ ਕਿਹਾ ਕਿ ਚੰਗੇ ਲਿਖਾਰੀ ਦੀ ਇਹ ਪਛਾਣ ਹੈ ਕਿ ਉਸ ਦੀ ਸੋਚ ਤੇ ਕਲਮ ਦੋਵੇਂ ਹੀ ਸੁਤੰਤਰ ਹੁੰਦੀਆਂ ਹਨ| ਅਗਲੇਰੇ ਸੈਸ਼ਨ ਵਿੱਚ ਪ੍ਰੋ: ਬਲਵਿੰਦਰਪਾਲ ਸਿੰਘ ਹੋਰਾਂ ਲਿਖਣ ਕਲਾ ਦੇ ਵੱਖ-ਵੱਖ ਪੜਾਵਾਂ ਬਾਰੇ ਸੰਬੋਧਨ ਕੀਤਾ| ਸ਼ਾਮ ਦੇ ਨਿੱਤਨੇਮ ਸੈਸ਼ਨ ਵਿੱਚ ਭਾਈ ਬਲਜੀਤ ਸਿੰਘ, ਡੇਰਾ ਬਾਬਾ ਨਾਨਕ ਹੋਰਾਂ ਗੁਰਮਤਿ ਅਨੁਸਾਰ ਲਿਖਾਰੀ ਦਾ ਸੰਕਲਪ ਵਿਸ਼ੇ ਤੇ ਵਿਚਾਰ ਪੇਸ਼ ਕੀਤੇ|

ਕਾਰਜਸ਼ਾਲਾ ਦੇ ਦੂਜੇ ਦਿਨ ਪ੍ਰਸਿੱਧ ਵਿਦਵਾਨ ਤੇ ਲਿਖਾਰੀ ਸ੍ਰ: ਇੰਦਰਜੀਤ ਸਿੰਘ ਗੋਗੋਆਣੀ, ਮੁੱਖੀ ਇਤਿਹਾਸ ਵਿਭਾਗ, ਖਾਲਸਾ ਕਾਲਜ, ਸ੍ਰੀ ਅੰਮ੍ਰਿਤਸਰ ਨਾਲ ਯੁਵਕ ਲਿਖਾਰੀਆਂ ਦੀ ਵਿਸ਼ੇਸ਼ ਰੂਬਰੂ ਕਰਵਾਈ ਗਈ| ਲਿਖਾਰੀਆਂ ਨੇ ਸੁਆਲ ਜੁਆਬ ਸੈਸ਼ਨ ਦੌਰਾਨ ਉਨ੍ਹਾਂ ਪਾਸੋਂ ਲਿਖਣ ਕਲਾ, ਨਿੱਜੀ ਅਨੁਭਵ ਆਦਿ ਵਿਸ਼ਿਆਂ ਤੇ ਸੁਆਲ ਪੁੱਛੇ| ਸ੍ਰ: ਗੋਗੋਆਣੀ ਹੁਰਾਂ ਇਸ ਮੌਕੇ ਆਪਣੇ ਸਾਹਿਤਕ ਸਫ਼ਰ ਦੱਸਦਿਆਂ ਆਪਣੀਆਂ 14 ਪੁਸਤਕਾਂ ਦੀ ਰਚਨਾ ਅਤੇ ਇਲੈਕਟ੍ਰੋਨਿਕ ਮੀਡੀਆ ਰਾਹੀਂ ਵਾਰਤਾਵਾਂ ਰਾਹੀਂ ਪਾਏ ਜਾ ਰਹੇ ਸਾਹਿਤਕ ਯੋਗਦਾਨ ਦਾ ਜ਼ਿਕਰ ਕੀਤਾ| ਨਾਲ ਹੀ ਉਹਨਾਂ ਆਪਣੇ ਪੀ.ਐਚ.ਡੀ. ਦੇ ਵਿਸ਼ੇ (ਗਿਆਨੀ ਗੁਰਦਿੱਤ ਸਿੰਘ) ਬਾਰੇ ਚਾਨਣਾ ਪਾਇਆ| ਉਨ੍ਹਾਂ ਕਿਹਾ ਕਿ ਇਕ ਚੰਗੇ ਸਾਹਿਤਕਾਰ ਦੀ ਸ਼ੈਲੀ ਸਰਲ ਤੇ ਸੁਖੈਣ ਹੋਣੀ ਚਾਹੀਦੀ ਹੈ, ਜਿਹੜੀ ਪਾਠਕਾਂ ਦੇ ਹਿਰਦਿਆਂ ਤੇ ਸਿੱਧਾ ਅਸਰ ਕਰੇ| ਲਿਖਾਰੀ ਦੀ ਭਾਸ਼ਾ ਸ਼ੁਧ ਹੋਣੀ ਜ਼ਰੂਰੀ ਹੈ| ਉਨ੍ਹਾਂ ਚੌਣਵੇਂ ਸਿੱਖ ਲਿਖਾਰੀਆਂ ਭਾਈ ਗੁਰਦਾਸ ਜੀ, ਭਾਈ ਵੀਰ ਸਿੰਘ ਜੀ, ਭਾਈ ਸਾਹਿਬ ਸਿੰਘ ਜੀ, ਭਾਈ ਕਾਨ੍ਹ ਸਿੰਘ ਨਾਭਾ ਗਿਆਨੀ ਗੁਰਦਿੱਤ ਸਿੰਘ ਜੀ ਆਦਿ ਦੇ ਜੀਵਨ ਤੋਂ ਪ੍ਰੇਰਨਾ ਲੈਣ ਲਈ ਕਿਹਾ| ਉਨ੍ਹਾਂ ਕਿਹਾ ਕਿ ਉਸਾਰੂ ਸਾਹਿਤ ਦੀ ਉਮਰ ਲੰਬੀ ਹੁੰਦੀ ਹੈ ਜਦ ਕਿ ਢਾਊ ਤੇ ਨਾਸਤਕ ਸਾਹਿਤ ਥੋੜ ਚਿਰੇ ਸਮੇਂ ਲਈ ਹੀ ਜਿਉਂਦੇ ਰਹਿੰਦੇ ਹਨ| ਇਸ ਸੈਸ਼ਨ ਦੌਰਾਨ ਡਾ: ਸਰਬਜੋਤ ਕੌਰਾਂ ਚੌਣਵੇਂ ਸਿੱਖ ਲਿਖਾਰੀਆਂ ਦੇ ਜੀਵਨ "ਚੋਂ ਮਿਲਦੀਆਂ ਪ੍ਰੇਰਨਾਵਾਂ ਬਾਰੇ ਭਰਪੂਰ ਜਾਣਕਾਰੀ ਦਿੱਤੀ ਜਿਸ ਨੂੰ ਹਾਜ਼ਰ ਲਿਖਾਰੀਆਂ ਨੇ ਖੂਬ ਸਲਾਹਿਆ|

ਅਖ਼ੀਰਲੇ ਸੈਸ਼ਨ ਵਿੱਚ ਕਾਰਜਸ਼ਾਲਾ ਦੇ ਸੰਚਾਲਕ ਸ੍ਰ: ਪਰਮਜੀਤ ਸਿੰਘ, ਡਿਪਟੀ ਚੀਫ਼ ਸਕੱਤਰ ਹੋਰਾਂ ਸਾਰੀਆਂ ਵਿਚਾਰਾਂ ਨੂੰ ਸਮੇਟਦਿਆਂ ਕਿਹਾ ਕਿ ਸਾਹਿਤ ਦੀ ਰਚਨਾ ਇਕ ਤਪੱਸਿਆ ਦੀ ਤਰ੍ਹਾਂ ਹੈ ਜੋ ਕੇਵਲ ਮਨਪ੍ਰਚਾਵੇ ਦਾ ਸਾਧਨ ਨਹੀਂ| ਉਨ੍ਹਾਂ ਪ੍ਰੇਰਨਾ ਕੀਤੀ ਕਿ ਲਿਖਣ ਕਲਾ ਨੂੰ ਹੋਰਨਾਂ ਸੇਵਾਵਾਂ ਵਾਂਗ ਹੀ ਲਿਆ ਜਾਵੇ ਤਾਂ ਹੀ ਸੱਚਾ ਸੁੱਚਾ ਸਾਹਿਤ ਸਮਾਜ ਲਈ ਸਿਰਜਿਆ ਜਾ ਸਕਦਾ ਹੈ| ਇਸ ਸੈਸ਼ਨ ਦੌਰਾਨ ਹਾਜ਼ਰ ਸਾਰੇ ਯੁਵਕ ਲਿਖਾਰੀਆਂ ਦਾ ਲਿਖਣ ਕਲਾ ਪਰਖ ਟੈਸਟ ਲਿਆ ਗਿਆ ਜਿਸ ਦੇ ਨਿਰਣਾਇਕਾਂ ਦੀ ਸੇਵਾ ਡਾ: ਹਰੀ ਸਿੰਘ ਜਾਚਕ, ਡਾ: ਭੁਪਿੰਦਰ ਕੌਰ ਕਵਿਤਾ ਅਤੇ ਡਾ: ਰਾਜਿੰਦਰ ਸਿੰਘ ਗੁਰੂਸਰ ਸੁਧਾਰ ਨੇ ਨਿਭਾਈ| ਅਖੀਰ ਵਿੱਚ ਸਾਰੇ ਹਾਜ਼ਰ ਲਿਖਾਰੀਆਂ ਅਤੇ ਪਤਵੰਤਿਆਂ ਨੂੰ ਸਨਮਾਨ, ਪੁਸਤਕਾਂ ਦੇ ਸੈੱਟ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ|

ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰ: ਪ੍ਰਤਾਪ ਸਿੰਘ ਚੇਅਰਮੈਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ, ਸ੍ਰ: ਗੁਰਮੀਤ ਸਿੰਘ ਚੀਫ਼ ਐਡਮਨਿਸਟਰੇਟਰ ਸਟੱਡੀ ਸਰਕਲ, ਡਾ: ਰਾਜਿੰਦਰ ਸਿੰਘ ਸੁਧਾਰ, ਪ੍ਰਧਾਨ ਸਾਹਿਤਕਾਰ ਸਦਨ, ਡਾ: ਅਵੀਨਿੰਦਰਪਾਲ ਸਿੰਘ ਫਰੀਦਕੋਟ, ਸ੍ਰ: ਤੇਜਿੰਦਰ ਸਿੰਘ ਖਿਜ਼ਰਾਬਾਦੀ ਰੋਪੜ, ਕਰਨਲ ਦਲਵਿੰਦਰ ਸਿੰਘ, ਸ੍ਰ: ਕੁਲਵਿੰਦਰ ਸਿੰਘ ਫਿਰੋਜ਼ਪੁਰ, ਸ੍ਰ: ਜਸਪਾਲ ਸਿੰਘ ਜ਼ੋਨਲ ਸਕੱਤਰ, ਲੁਧਿਆਣਾ ਜ਼ੋਨ ਹਾਜ਼ਰ ਸਨ|

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine