ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਗੁਰਦਾਸਪੁਰ ਜ਼ੋਨ ਵਲੋਂ ਬੇਬੇ ਨਾਨਕੀ ਖਾਲਸਾ ਕਾਲਜ ਫਾਰ ਵਿਮੈਨ ਧਾਰੀਵਾਲ ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਤੀ 3 ਤੋਂ 5 ਅਗਸਤ 2012 ਨੂੰ ਤਿੰਨ ਰੋਜ਼ਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਗਾਇਆ ਗਿਆ। ਜਿਸ ਦੇ ਉਦਘਾਟਨੀ ਸਮਾਰੋਹ ਦੌਰਾਨ ਕਾਲਜ ਪ੍ਰਿੰਸੀਪਲ ਕਿੰਦਰਜੀਤ ਕੌਰ ਹੁਰਾਂ ਨੇ ਸੰਬੋਧਨ ਕਰਦਿਆਂ ਸਟੱਡੀ ਸਰਕਲ ਵਲੋਂ ਨੌਜਵਾਨਾਂ ਵਿਚ ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ਬਦ ਦਾ ਗਾਇਨ ਕਾਲਜ ਵਿਦਿਆਰਥਣਾਂ ਨੇ ਬੀਬੀ ਦਿਲਰਾਜ ਕੌਰ, ਬੀਬੀ ਅਰਸ਼ਪ੍ਰੀਤ ਕੌਰ ਅਤੇ ਬੀਬੀ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਕੀਤਾ।
ਕੈਂਪ ਦੌਰਾਨ ਐਡੀਸ਼ਨਲ ਚੀਫ਼ ਸਕੱਤਰ (ਜਥੇਬੰਦਕ) ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੁਰਾਂ ਸਿੱਖ ਧਰਮ ਵਿਚ ਇਸਤਰੀ ਦਾ ਅਧਿਕਾਰ ਅਤੇ ਕਰਤੱਵ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ ਅਤੇ ਕੈਂਪ ਦੇ ਦੂਸਰੇ ਦਿਨ ਸ੍ਰ: ਸਲ੍ਹੋਪੁਰੀ ਹੋਰਾਂ ਸਿੱਖ ਅਰਦਾਸ ਦੀ ਵਿਆਖਿਆ ਲੈਪਟਾਪ ਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਕੀਤੀ। ਡਿਪਟੀ ਚੀਫ਼ ਆਰਗੇਨਾਈਜ਼ਰ (ਅਕਾਦਿਮਕ) ਡਾ: ਲਖਵਿੰਦਰ ਸਿੰਘ ਹੋਰਾਂ ਟੀਨ ਏਜ਼ ਵਿਦਿਆਰਥਣਾਂ ਨੂੰ ਸਹੀ ਸੋਚ ਤੇ ਰਸਤਾ ਦਰਸਾਉਂਦੀ ਕਾਰਜਸ਼ਾਲਾ ਲਗਾਈ ਜਿਸ ਨੂੰ ਹਾਜ਼ਰ ਪ੍ਰਤੀਨਿਧਾਂ ਨੇ ਖੂਬ ਸਲਾਹਿਆ। ਡਿਪਟੀ ਚੀਫ਼ ਆਰਗੇਨਾਈਜ਼ਰ (ਸਮਾਜਿਕ) ਸ੍ਰ: ਬਲਜੀਤ ਸਿੰਘ ਹੋਰਾਂ ਸਿੱਖੀ ਦੇ ਦੋ ਥੰਮ ਸੇਵਾ ਤੇ ਸਿਮਰਨ, ਪੰਜਾਬ ਸਟੇਟ ਦੇ ਮੀਤ ਪ੍ਰਧਾਨ ਡਾ: ਗੁਰਦੇਵ ਸਿੰਘ ਹੋਰਾਂ ਸਿੱਖ ਧਰਮ ਦੇ ਚੋਣਵੇਂ ਸਿਧਾਂਤ, ਗੁਰਦਾਸਪੁਰ ਜ਼ੋਨ ਦੇ ਜ਼ੋਨਲ ਸਕੱਤਰ ਡਾ: ਰਮਨਦੀਪ ਸਿੰਘ ਹੋਰਾਂ ਪੜ੍ਹਨ ਦੀ ਮਹੱਤਤਾ ਤੇ ਕਿੱਦਾਂ ਪੜ੍ਹੀਏ, ਪਬਲਿਕ ਵਿੰਗ ਦੇ ਸਕੱਤਰ ਸ੍ਰ: ਪ੍ਰਿਤਪਾਲ ਸਿੰਘ ਹੋਰਾਂ ਗੁਰਬਾਣੀ ਤੇ ਸਾਇੰਸ, ਸਤਨਾਮ ਐਜੂਕੇਸ਼ਨ ਟਰੱਸਟ ਦੇ ਕੋਆਰਡੀਨੇਟਰ ਸ੍ਰ: ਹਰਜਿੰਦਰ ਸਿੰਘ ਹੋਰਾਂ ਸਾਂਝ ਕਰੀਜੈ ਗੁਣਹ ਕੇਰੀ..ਵਿਸ਼ਿਆਂ ਤੇ ਵਿਚਾਰਾਂ ਦੀ ਸਾਂਝ ਕੀਤੀ।
ਕੈਂਪ ਦੌਰਾਨ ਲੈਕਚਰ, ਕਵਿਤਾ ਤੇ ਗੁਰਮਤਿ ਕੁਇਜ਼ ਮੁਕਾਬਲੇ ਕਰਵਾਏ ਗਏ। ਜੇਤੂ ਵਿਦਿਆਰਥਣਾਂ ਨੂੰ ਮੁਮੈਂਟੋ ਨਿਤਨੇਮ ਸਟੀਕਾਂ ਤੇ ਹੋਰ ਪੁਸਤਕਾਂ ਦੇ ਸੈੱਟ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਪ੍ਰੋ: ਹਰਜੀਤ ਕੌਰ ਤੇ ਪ੍ਰੋ: ਅਨਮੋਲਦੀਪ ਕੌਰ ਹੋਰਾਂ ਸੁਚੱਜੇ ਢੰਗ ਨਾਲ ਕੈਂਪ ਦਾ ਸੰਚਾਲਨ ਕੀਤਾ। ਵਿਦਾਇਗੀ ਸੈਸ਼ਨ ਦੌਰਾਨ ਗਿਆਨ ਅੰਜਨ ਪਬਲਿਕ ਸਕੂਲ ਜਾਫਰਪੁਰ (ਗੁਰਦਾਸਪੁਰ) ਦੇ ਚੇਅਰਮੈਨ ਸ੍ਰ: ਬਲਦੇਵ ਸਿੰਘ ਹੋਰਾਂ ਵਿਦਿਆਰਥਣਾਂ ਨੂੰ ਨੈਤਿਕ ਕਦਰਾਂ ਕੀਮਤਾਂ ਅਪਨਾਉਣ ਦਾ ਸੁਨੇਹਾ ਦਿੱਤਾ। ਇਸ ਸਮੇਂ ਗੁਰਦਾਸਪੁਰ ਜ਼ੋਨ ਦੇ ਐਡੀ: ਜ਼ੋਨਲ ਸਕੱਤਰ (ਅਕਾਦਿਮਕ) ਡਾ: ਸੁਰਿੰਦਰ ਸਿੰਘ, ਐਡੀਸ਼ਨਲ ਜ਼ੋਨਲ ਸਕੱਤਰ (ਸਮਾਜਿਕ) ਡਾ: ਰਣਜੀਤ ਸਿੰਘ, ਗਿਆਨੀ ਜੋਗਿੰਦਰ ਸਿੰਘ ਗਾਦੜੀਆਂ, ਜ਼ੋਨਲ ਪ੍ਰਧਾਨ ਸ੍ਰ: ਸੰਪੂਰਨ ਸਿੰਘ ਹੁਰਾਂ ਵੀ ਸੰਬੋਧਨ ਕੀਤਾ।