ਥਰੀਕੇ ਪਿੰਡ ਵਿਚ ਲੱਗਿਆ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ

On: 29 July, 2012, By: Press Secretary, Location: ਲੁਧਿਆਣਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਲੁਧਿਆਣਾ ਜ਼ੋਨ ਵਲੋਂ ਗੁਰਦੁਆਰਾ ਸ੍ਰੀ ਅਤਰਸਰ ਸਾਹਿਬ, ਪਿੰਡ ਥਰੀਕੇ ਜ਼ਿਲ੍ਹਾ ਲੁਧਿਆਣਾ ਵਿਖੇ ਦੋ ਰੋਜ਼ਾ ਵਿਦਿਆਰਥੀ ਸ਼ਖਸੀਅਤ ਉਸਾਰੀ ਕੈਂਪ ਲਗਾਇਆ ਗਿਆ। ਜਿਸ ਦੇ ਉਦਘਾਟਨੀ ਸਮਾਰੋਹ ਦੌਰਾਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਸ੍ਰ: ਗੁਰਚਰਨ ਸਿੰਘ ਹੁਰਾਂ ਨੇ ਸੰਬੋਧਨ ਕਰਦਿਆਂ ਸਟੱਡੀ ਸਰਕਲ ਵਲੋਂ ਨੌਜਵਾਨਾਂ ਵਿਚ ਨੈਤਿਕ ਕਦਰਾਂ ਕੀਮਤਾਂ ਦੇ ਸੰਚਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਦੀ ਪ੍ਰਸੰਸਾ ਕੀਤੀ। ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ਬਦ ਦਾ ਗਾਇਨ ਦਾਦ ਖੇਤਰ ਦੇ ਸਰਪ੍ਰਸਤ ਸ੍ਰ: ਸਤਿੰਦਰਮੋਹਨ ਸਿੰਘ ਬਾਵਾ ਜੀ ਹੋਰਾਂ ਨੇ ਕੀਤਾ।

ਕੈਂਪ ਦੌਰਾਨ ਐਡੀਸ਼ਨਲ ਚੀਫ਼ ਸਕੱਤਰ (ਜਥੇਬੰਦਕ) ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੁਰਾਂ ਸਿੱਖ ਧਰਮ ਵਿਚ ਇਸਤਰੀ ਦਾ ਅਧਿਕਾਰ ਅਤੇ ਕਰਤੱਵ ਵਿਸ਼ੇ ਤੇ ਵਿਚਾਰਾਂ ਦੀ ਸਾਂਝ ਕੀਤੀ। ਕੈਂਪ ਦੇ ਦੂਸਰੇ ਦਿਨ ਸ੍ਰ: ਸਲ੍ਹੋਪੁਰੀ ਹੋਰਾਂ ਸਿੱਖ ਅਰਦਾਸ ਦੀ ਵਿਆਖਿਆ ਲੈਪਟਾਪ ਤੇ ਪ੍ਰੋਜੈਕਟਰ ਦੀ ਸਹਾਇਤਾ ਨਾਲ ਕੀਤੀ। ਗੁਰੂ ਸਾਹਿਬਾਨ ਤੇ ਸਿੱਖ ਸ਼ਹੀਦਾਂ ਦੇ ਪ੍ਰਸੰਗ ਸੁਣ ਕੇ ਭਾਈ ਤਾਰੂ ਸਿੰਘ ਅਤੇ ਹੋਰ ਸ਼ਹੀਦਾਂ ਤੇ ਮਾਣ ਕਰਦਿਆਂ ਦੋ ਵਿਦਿਆਰਥੀਆਂ ਨੇ ਕੇਸ ਰੱਖਣ ਦਾ ਪ੍ਰਣ ਕੀਤਾ । ਇਸ ਸਮੇਂ ਸਮੂਹ ਸਾਬਤ ਸੂਰਤ ਵਿਦਿਆਰਥੀਆਂ ਨੇ ਅੱਗੋਂ ਵੀ ਸਾਬਤ ਸੂਰਤ ਰਹਿਣ ਦਾ ਪ੍ਰਣ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਵੇ ਗਾਇਨ ਕਰਕੇ ਕੀਤਾ।

ਕੈਂਪ ਦੌਰਾਨ ਐਡਮਨਿਸਟਰੇਸ਼ਨ ਕੌਂਸਲ ਦੇ ਜਨਰਲ ਸਕੱਤਰ ਸ੍ਰ: ਸੁਰਜੀਤ ਸਿੰਘ ਹੋਰਾਂ ਵਿਦਿਆਰਥੀ ਦੀ ਸ਼ਖਸੀਅਤ ਉਸਾਰੀ ਦੇ ਵੱਖ-ਵੱਖ ਪੱਖਾਂ ਬਾਰੇ ਚਾਨਣ ਪਾਇਆ। ਦਾਦ ਖੇਤਰ ਦੇ ਸਕੱਤਰ ਸ੍ਰ: ਚਮਕੌਰ ਸਿੰਘ ਹੋਰਾਂ ਸਿੱਖ ਧਰਮ ਦੇ ਚੋਣਵੇਂ ਸਿਧਾਂਤ ਸਾਂਝੇ ਕੀਤੇ। ਅਹਿਮਦਗੜ੍ਹ ਤੋਂ ਆਏ ਪ੍ਰੋ: ਦਰਸ਼ਨ ਸਿੰਘ ਹੋਰਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਜਾਣਕਾਰੀ ਸਾਂਝੀ ਕੀਤੀ। ਵਿਦਿਆਰਥੀਆਂ ਦੇ ਲੈਕਚਰ, ਕਵਿਤਾ ਅਤੇ ਗੁਰਮਤਿ ਕੁਇਜ਼ ਮੁਕਾਬਲੇ ਬੜੇ ਪ੍ਰਭਾਵਸ਼ਾਲੀ ਰਹੇ। ਜੇਤੂ ਵਿਦਿਆਰਥੀਆਂ ਨੂੰ ਮੁਮੈਂਟੋ, ਪੁਸਤਕਾਂ, ਕੈਲੰਡਰ ਅਤੇ ਬਹੁਤ ਸਾਰੇ ਇਨਾਮ ਤਕਸੀਮ ਕੀਤੇ ਗਏ। ਕੈਂਪ ਦੌਰਾਨ ਸ੍ਰ: ਇੰਦਰਜੀਤ ਸਿੰਘ ਦਾਦ, ਸ੍ਰ: ਜੈਸਵਿੰਦਰ ਸਿੰਘ ਅਤੇ ਮੈਡਮ ਸੁਪਿੰਦਰਜੀਤ ਕੌਰ ਹੁਰਾਂ ਵੀ ਹਾਜ਼ਰੀ ਭਰੀ। ਗੁਰਦੁਆਰਾ ਸਾਹਿਬ ਵਲੋਂ ਦੋਨੋਂ ਦਿਨ ਗੁਰੂ ਕੇ ਲੰਗਰ ਅਤੁੱਟ ਵਰਤੇ। ਗੁ: ਸਾਹਿਬ ਦੇ ਮੀਤ ਪ੍ਰਧਾਨ ਸ੍ਰ: ਰਘਬੀਰ ਸਿੰਘ ਹੋਰਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਤੇ ਸਰਕਾਰੀ ਸੀ: ਸੈ: ਸਕੂਲ, ਥਰੀਕੇ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਿੰਡਾਂ ਵਿਚ ਅਜਿਹੇ ਨਿਵੇਕਲੇ ਕੰਮ ਕਰਨੇ ਸ਼ਲਾਘਾਯੋਗ ਹਨ ਤੇ ਗੁਰਦੁਆਰਾ ਸਾਹਿਬ ਇਸੇ ਤਰ੍ਹਾਂ ਅੱਗੋਂ ਵੀ ਸਹਿਯੋਗ ਕਰਦਾ ਰਹੇਗਾ।

Newsletter


Monthly Samachar

Study Circle Samachar

Helpline

Helpline

Career Guidance

Career Guidance

Monthly Magazine

Monthly Magazine