ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਸਾਹਿਬਜ਼ਾਦਾ ਅਜੀਤ ਸਿੰਘ ਜੁਝਾਰ ਸਿੰਘ-ਫਤਿਹਗੜ੍ਹ ਸਾਹਿਬ ਜ਼ੋਨ ਵਲੋਂ ਬੀਬੀ ਭਾਨੀ ਪੰਚਾਇਤੀ ਕੰਨਿਆ ਕਾਲਜ, ਖੰਟਮਾਨਪੁਰ (ਫਤਹਿਗੜ੍ਹ ਸਾਹਿਬ) ਵਿਖੇ ਸ਼ਖ਼ਸੀਅਤ ਉਸਾਰੀ ਵਿਸ਼ੇ ਤੇ ਸੈਮੀਨਾਰ ਕੀਤਾ ਗਿਆ। ਜਿਸ ਵਿਚ ਮੁੱਖ ਬੁਲਾਰੇ ਵਜੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਵਿਦਿਆਰਥਣਾਂ ਨੂੰ ਆਪਣੀ ਸ਼ਖ਼ਸੀਅਤ ਨੂੰ ਹੋਰ ਚੰਗੇਰੀ ਬਨਾਉਣ ਲਈ ਅੰਦਰੂਨੀ ਗੁਣਾਂ ਨੂੰ ਧਾਰਨ ਕਰਨ ਅਤੇ ਜਿਸਮਾਨੀ ਦਿੱਖ ਨੂੰ ਵਧੀਆ ਬਨਾਉਣ ਲਈ ਬਿਊਟੀ ਪਾਰਲਰ ਆਦਿ ਦੇ ਸਹਾਰਾ ਛੱਡ ਕੇ ਸਮੇਂ ਸਿਰ ਉੱਠਣ, ਸੈਰ, ਕਸਰਤ, ਠੀਕ ਖਾਣਾ ਆਦਿ ਚੰਗੀਆਂ ਆਦਤਾਂ ਵੱਲ ਧਿਆਨ ਦੇਣ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਆਧੁਨਿਕਤਾ ਦੇ ਨਾਮ ਤੇ ਲੜਕੀਆਂ ਵਿਚ ਨੰਗੇਜ਼ਵਾਦ ਤੇ ਨਸ਼ਿਆਂ ਦਾ ਰੁਝਾਨ ਵੱਧ ਰਿਹਾ ਹੈ, ਨੰਗੇ ਤਾਂ ਜਾਨਵਰ ਹੁੰਦੇ ਹਨ ਤੇ ਜਾਨਵਰ ਦੀ ਕੋਈ ਸ਼ਖ਼ਸੀਅਤ ਨਹੀਂ ਹੁੰਦੀ ਤੇ ਨਾ ਹੀ ਨਸ਼ੇੜੀ ਦੀ ਕੋਈ ਸ਼ਖ਼ਸੀਅਤ ਹੁੰਦੀ ਹੈ। ਉਨ੍ਹਾਂ ਚੋਣਾਂ ਦੌਰਾਨ ਨਸ਼ਿਆਂ ਦੀ ਵਰਤੋਂ ਹੋਣ ਦਾ ਖਦਸਾ ਪ੍ਰਗਟ ਕਰਦਿਆਂ ਵਿਦਿਆਰਥਣਾਂ ਨੂੰ ਕਿਹਾ ਕਿ ਤੁਸੀਂ ਨਸ਼ੇ ਵੰਡਣ ਵਾਲੇ ਕਿਸੇ ਉਮੀਦਵਾਰ ਨੂੰ ਵੋਟ ਨਾ ਪਾਇਓ। ਇਸ ਤੇ ਵਿਦਿਆਰਥਣਾਂ ਨੇ ਪ੍ਰਣ ਕੀਤਾ ਕਿ ਉਹ ਆਪ ਵੀ ਨਸ਼ੇ ਵੰਡਣ ਵਾਲਿਆਂ ਨੂੰ ਵੋਟ ਨਹੀਂ ਪਾਉਣਗੀਆਂ ਤੇ ਆਪਣੇ ਮਾਪਿਆਂ / ਰਿਸ਼ਤੇਦਾਰਾਂ ਨੂੰ ਵੀ ਇਸ ਸਬੰਧੀ ਬੇਨਤੀ ਕਰਨਗੀਆ।
ਪ੍ਰਿੰਸੀਪਲ ਬਲਵਿੰਦਰ ਕੌਰ ਨੇ ਸਾਰੀ ਚਰਚਾ ਨੂੰ ਸਮਅੱਪ ਕਰਦਿਆਂ ਕਿਹਾ ਕਿ ਅੱਜ ਸਾਡੇ ਧੰਨਭਾਗ ਹਨ ਕਿ ਸਾਨੂੰ ਇਕ ਲੈਕਚਰ ਵਿਚ ਜ਼ਿੰਦਗੀ ਦੇ ਹਰ ਪੱਖ ਦਾ ਗਿਆਨ ਬੜੀਆਂ ਉਦਾਹਰਣਾ ਸਿਹਤ ਮਿਲਿਆ ਹੈ। ਪ੍ਰਿੰਸੀਪਲ ਮੈਡਮ ਨੇ ਕਿਹਾ ਕਿ ਮੇਰੇ ਆਪਣੇ ਮਨ ਦੇ ਕਈ ਸ਼ੰਕੇ ਸਨ ਜੋ ਏਨੀ ਜ਼ਿੰਦਗੀ ਵਿਚ ਨਵਿਰਤ ਨਹੀਂ ਹੋਏ ਤੇ ਅੱਜ ਉਹ ਵੀ ਨਵਿਰਤ ਹੋ ਗਏ ਹਨ। ਉਨ੍ਹਾਂ ਸਮਾਗਮ ਦੀ ਸਫ਼ਲਤਾ ਲਈ ਪਰਮਾਤਮਾ ਦਾ ਸ਼ੁਕਰਾਨਾ ਤੇ ਸਾਰਿਆਂ ਦਾ ਧੰਨਵਾਦ ਕੀਤਾ।