ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜਲੰਧਰ-ਕਪੂਰਥਲਾ ਜ਼ੋਨ ਵਲੋਂ ਸੰਤ ਹੀਰਾ ਦਾਸ ਕੰਨਿਆ ਕਾਲਜ, ਕਾਲਾ ਸੰਘਿਆ (ਕਪੂਰਥਲਾ) ਵਿਖੇ ਬਾਲੜੀ ਦਿਵਸ ਮਨਾਇਆ ਗਿਆ। ਜਿਸ ਵਿਚ ਇਸ ਕਾਲਜ ਦੀਆਂ 1000 ਲੜਕੀਆਂ ਨੇ ਭਾਗ ਲਿਆ। ਮੁਖ ਮਹਿਮਾਨ ਵਜੋਂ ਪਹੁੰਚੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਇਸ ਸਮੇਂ ਸਿੱਖ ਧਰਮ ਵਿਚ ਇਸਤਰੀ ਦਾ ਰੁਤਬਾ ਤੇ ਕਰਤੱਵ ਵਿਸ਼ੇ ਤੇ ਗੱਲ ਕਰਦਿਆਂ ਉਨ੍ਹਾਂ ਗੁਰੂ ਸਾਹਿਬਾਨ ਵਲੋਂ ਇਸਤਰੀ ਨੂੰ ਦਿੱਤੇ ਉੱਚ ਰੁਤਬੇ ਅਤੇ ਇਸਤਰੀ ਵਲੋਂ ਦਿਖਾਏ ਮਹਾਨ ਕਰਤੱਵ ਤੇ ਕਾਰਨਾਮਿਆਂ ਦਾ ਜ਼ਿਕਰ ਕੀਤਾ ਅਤੇ ਵਿਦਿਆਰਥਣਾਂ ਨੂੰ ਆਪਣੇ ਇਤਿਹਾਸ, ਵਿਰਸੇ, ਪਰੰਪਰਾਵਾਂ ਤੋਂ ਪ੍ਰੇਰਨਾ ਲੈਣ ਤੇ ਅਪਨਾਉਣ ਦਾ ਸੁਨੇਹਾ ਦਿੱਤਾ।
ਇਸ ਸਮੇਂ ਜਲੰਧਰ-ਕਪੂਰਥਲਾ ਜ਼ੋਨ ਦੇ ਜ਼ੋਨਲ ਸਕੱਤਰ ਸ੍ਰ: ਬਖ਼ਸ਼ੀਸ਼ ਸਿੰਘ ਹੋਰਾਂ ਕਿਹਾ ਕਿ ਜੇ ਗੁਰਬਾਣੀ ਵਿਚ ਔਰਤ ਨੂੰ ਵਡਿਆਇਆ ਹੈ ਤਾਂ ਆਚਰਣ ਤੋਂ ਗਿਰੀ ਔਰਤ ਨੂੰ ਕੁਚੱਜੀ, ਦੁਹਾਗਣ ਆਦਿ ਨਾਵਾਂ ਨਾਲ ਵੀ ਸੰਬੋਧਨ ਕੀਤਾ ਹੈ। ਇਸ ਕਰਕੇ ਗੁਰੂ ਦੀਆਂ ਬਖ਼ਸ਼ਿਸ਼ਾਂ ਦੇ ਪਾਤਰ ਬਨਣ ਲਈ ਸੁਚੱਜੀ ਤੇ ਗੁਰਮਤਿ ਆਸੇ ਅਨੁਸਾਰ ਜ਼ਿੰਦਗੀ ਜਿਊਣੀ ਚਾਹੀਦੀ ਹੈ। ਪ੍ਰਿੰ: ਸੁਰਜੀਤ ਕੌਰ ਨੇ ਸਾਰੇ ਵਿਚਾਰਾਂ ਨੂੰ ਸਮਅੱਪ ਕਰਦਿਆਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਬਾਲੜੀ ਦਿਵਸ ਮਨਾਉਣ ਲਈ ਕਾਲਾ ਸੰਘਿਆ ਕਾਲਜ ਚੁਨਣ ਵਾਸਤੇ ਧੰਨਵਾਦ ਕੀਤਾ। ਸਮਾਗਮ ਦੌਰਾਨ ਜਥੇਬੰਦੀ ਦੇ ਜ਼ੋਨਲ ਮੀਤ ਪ੍ਰਧਾਨ ਪ੍ਰੋ: ਮਨਮੋਹਨ ਸਿੰਘ, ਕਾਲਜ ਮੈਨੇਜ਼ਮੈਂਟ ਕਮੇਟੀ ਦੇ ਪ੍ਰਧਾਨ ਸ੍ਰ: ਪ੍ਰੀਤਮ ਸਿੰਘ, ਮੈਂਬਰ ਸ੍ਰ: ਮਹਿੰਦਰ ਸਿੰਘ ਖਾਲਸਾ, ਸ੍ਰ: ਜਗਤਾਰ ਸਿੰਘ ਨੇ ਵੀ ਸੰਬੋਧਨ ਕੀਤਾ।
ਇਸ ਸਮੇਂ ਜਥੇਬੰਦੀ ਦੇ ਜ਼ੋਨਲ ਪ੍ਰਧਾਨ ਸ੍ਰ: ਜਗਦੀਸ਼ ਸਿੰਘ ਬੱਡੋਂ ਹੋਰਾਂ ਕਿਹਾ ਕਿ ਆਉਣ ਵਾਲੀਆਂ ਚੋਣਾਂ ਵਿਚ ਕਰੋੜਾਂ ਰੁਪਈਆਂ ਦੇ ਨਸ਼ੇ ਪੰਜਾਬ ਵਿਚ ਵੰਡੇ ਜਾਣ ਹਨ। ਇਹਨਾਂ ਬਾਲੜੀਆਂ ਵਿਚ ਏਨੀ ਤਾਕਤ ਹੈ ਕਿ ਇਹ ਇਨਕਲਾਬ ਲਿਆ ਸਕਦੀਆਂ ਹਨ ਤੇ ਅਜਿਹੀਆਂ ਬੁਰਾਈਆਂ ਨੂੰ ਰੋਕ ਸਕਦੀਆਂ ਹਨ। ਜਿਸ ਤੇ ਵਿਦਿਆਰਥਣਾਂ ਨੇ ਸਮਾਗਮ ਤੋਂ ਬਾਅਦ ਇਕ ਰੈਲੀ ਕਰਕੇ ਨਾਅਰੇ ਲਗਾਏ ਕਿ ਨਸ਼ੇ ਵੰਡਣ ਵਾਲਿਆਂ ਨੂੰ ਵੋਟ ਨਹੀਂ ਪਾਵਾਂਗੀਆਂ ਤੇ ਇਹ ਪ੍ਰਣ ਵੀ ਕੀਤਾ ਕਿ ਅਸੀਂ ਆਪੋ ਆਪਣੇ ਪਿੰਡਾਂ ਵਿਚ ਜਾ ਕੇ ਅਪੀਲ ਕਰਾਂਗੀਆਂ ਕਿ ਨਸ਼ੇ ਵੰਡਣ ਵਾਲੇ ਕਿਸੇ ਉਮੀਦਵਾਰ ਨੂੰ ਵੋਟ ਨਾ ਪਾਇਓ। ਸਟੇਜ ਦਾ ਸੰਚਾਲਨ ਪ੍ਰੋ: ਭੁਪਿੰਦਰ ਕੌਰ ਨੇ ਬਾਖ਼ੂਬੀ ਢੰਗ ਨਾਲ ਕੀਤਾ। ਜਥੇਬੰਦੀ ਵਲੋਂ ਪ੍ਰਿੰਸੀਪਲ, ਸਟਾਫ਼ ਤੇ ਮੈਨੇਜ਼ਮੈਂਟ ਕਮੇਟੀ ਨੂੰ ਨਿੱਤਨੇਮ ਸਟੀਕ ਦੇ ਕੇ ਸਨਮਾਨਿਤ ਕੀਤਾ ਗਿਆ।