ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਦੱਸਿਆ ਕਿ ਪੰਜਾਬ ਵਿਚ ਹੋ ਰਹੀਆਂ ਚੋਣਾਂ ਦੌਰਾਨ ਬਹੁਤ ਸਾਰੀਆਂ ਰਾਜਨੀਤਿਕ ਪਾਰਟੀਆਂ ਵੋਟਰਾਂ ਨੂੰ ਭਰਮਾਉਣ ਲਈ ਨਸ਼ੇ ਤੇ ਨੋਟਾਂ ਦੀ ਵਰਤੋਂ ਚੋਣਾਂ ਦੇ ਨੇੜਲੇ ਦਿਨਾਂ ਵਿਚ ਕਰਨਗੀਆਂ। ਅਜਿਹੇ ਭ੍ਰਿਸ਼ਟ ਤੇ ਦੇਸ਼ ਧਰੋਹੀ ਕਾਰਿਆਂ ਨਾਲ ਦੇਸ਼ਾਂ ਤੇ ਕੌਮਾਂ ਦਾ ਹਮੇਸ਼ਾਂ ਨੁਕਸਾਨ ਹੁੰਦਾ ਹੈ। ਜਿਸ ਦਾ ਖ਼ਮਿਆਜਾ ਆਉਣ ਵਾਲੀਆਂ ਪੀੜੀਆਂ ਨੂੰ ਭੁਗਤਣਾ ਪੈਂਦਾ ਹੈ। ਇਸ ਸਬੰਧੀ ਵੋਟਰਾਂ ਨੂੰ ਸੁਚੇਤ ਕਰਦਿਆਂ ਜਥੇਬੰਦੀ ਵਲੋਂ ਪਿੰਡ ਥਰੀਕੇ ਵਿਖੇ ਸਾਬਕਾ ਸਰਪੰਚ ਸ੍ਰ: ਸੁਰਿੰਦਰ ਸਿੰਘ, ਗੁਰਦੁਆਰਾ ਅਤਰਸਰ ਸਾਹਿਬ ਦੇ ਪ੍ਰਧਾਨ ਸ੍ਰ: ਗੁਰਚਰਨ ਸਿੰਘ, ਲੁਧਿਆਣਾ ਜ਼ੋਨ ਦੇ ਪ੍ਰਧਾਨ ਸ੍ਰ: ਹਰਜੀਤ ਸਿੰਘ ਖਾਲਸਾ, ਜ਼ੋਨਲ ਸਕੱਤਰ ਸ੍ਰ: ਜਸਪਾਲ ਸਿੰਘ ਕੋਚ ਅਤੇ ਸ੍ਰ: ਗੁਰਸ਼ਰਨ ਸਿੰਘ ਦੀ ਅਗਵਾਈ ਵਿਚ ਨਸ਼ਾ ਵਿਰੋਧੀ ਮਾਰਚ ਕੱਢਿਆ ਗਿਆ। ਇਸੇ ਦਿਨ ਪਿੰਡ ਦਾਦ ਵਿਖੇ ਪਿੰਡ ਦੇ ਸਰਪੰਚ ਸ੍ਰ: ਸੁਖਦੀਪ ਸਿੰਘ, ਸਰਪ੍ਰਸਤ ਸ੍ਰ: ਸਤਿੰਦਰਮੋਹਨ ਸਿੰਘ ਬਾਵਾ, ਸ੍ਰ: ਗੁਰਦੇਵ ਸਿੰਘ ਅਤੇ ਸ੍ਰ: ਇੰਦਰਜੀਤ ਸਿੰਘ ਦੀ ਅਗਵਾਈ ਵਿਚ ਜਾਗ੍ਰਤੀ ਮਾਰਚ ਕੱਢਿਆ ਗਿਆ। ਦੋਨਾਂ ਮਾਰਚਾਂ ਵਿਚ ਜਥੇਬੰਦੀ ਦੇ ਮੁਖੀਆਂ ਵਿਚੋਂ ਸ੍ਰ: ਪ੍ਰਤਾਪ ਸਿੰਘ, ਸ੍ਰ: ਜਤਿੰਦਰਪਾਲ ਸਿੰਘ, ਸ੍ਰ: ਇਕਬਾਲ ਸਿੰਘ, ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ (ਮਾਰਚ ਕਨਵੀਨਰ), ਸ੍ਰ: ਸੁਰਜੀਤ ਸਿੰਘ ਅਤੇ ਡਾ: ਗੁਰਸੰਗਤਪਾਲ ਸਿੰਘ ਹੋਰਾਂ ਦੋਨਾਂ ਪਿੰਡ ਦੇ ਮਾਰਚਾਂ ਦੀ ਅਗਵਾਈ ਕੀਤੀ।
ਇਸ ਮਾਰਚ ਦੌਰਾਨ ਵਿਦਿਆਰਥੀਆਂ ਨੇ ਹੱਥਾਂ ਵਿਚ ਬੈਨਰ ਤੇ ਤਖ਼ਤੀਆਂ ਫੜੇ ਹੋਏ ਸਨ ਜਿਨ੍ਹਾਂ ਉੱਤੇ ਲਿਖਿਆ ਹੋਇਆ ਸੀ - 'ਵੀਰ ਜੀ, ਭੈਣ ਜੀ, ਅੰਕਲ ਜੀ, ਆਂਟੀ ਜੀ ਸਾਡੇ ਸੁਨਹਿਰੀ ਭਵਿੱਖ ਦੀ ਖ਼ਾਤਿਰ ਨਸ਼ੇ ਵੰਡਣ ਵਾਲੇ ਕਿਸੇ ਵੀ ਉਮੀਦਵਾਰ ਨੂੰ ਵੋਟ ਨਾ ਪਾਇਓ।' ਵਿਦਿਆਰਥੀ ਤੇ ਨੌਜਵਾਨ ਉੱਚੀ ਉੱਚੀ ਨਾਅਰੇ ਲਗਾ ਰਹੇ ਸਨ - 'ਜਿਨਾਂ ਲਈ ਨਸ਼ਿਆਂ ਦੀ ਓਟ, ਉਨ੍ਹਾਂ ਨੂੰ ਨਾ ਪਾਇਓ ਵੋਟ', 'ਜਿਹੜਾ ਨਸ਼ੇ ਵੰਡੇ, ਪੈਣ ਉਸਨੂੰ ਡੰਡੇ'। ਇਸ ਮਾਰਚ ਵਿਚ ਨੌਜਵਾਨਾਂ ਤੇ ਬੱਚਿਆਂ ਤੋਂ ਇਲਾਵਾ ਇਲਾਕੇ ਦੇ ਅਧਿਆਪਕ, ਪ੍ਰਿੰਸੀਪਲ, ਪਤਵੰਤੇ ਤੇ ਸੰਗਤਾਂ ਵੀ ਸ਼ਾਮਲ ਹੋਈਆਂ। ਥਰੀਕੇ ਵਿਖੇ ਇਕ ਬੀਬੀ ਨੇ ਮਾਰਚ ਰੋਕ ਕੇ ਕਿਹਾ ਕਿ ਤੁਸੀਂ ਨਾਅਰੇ ਲਾ ਕੇ ਚਲੇ ਜਾਉਗੇ ਪਰ ਜਦੋਂ ਇਲੈਕਸ਼ਨ ਤੋਂ ਪਹਿਲੀ ਰਾਤ ਇਥੇ ਬੋਤਲਾਂ ਤੇ ਹੋਰ ਨਸ਼ੇ ਖੁੱਲ੍ਹੇਆਮ ਵੰਡੇ ਜਾਣਗੇ ਉਸ ਵੇਲੇ ਉਨ੍ਹਾਂ ਨੂੰ ਕੋਈ ਨਹੀਂ ਰੋਕੇਗਾ। ਜਦ ਉਸ ਬੀਬੀ ਨੂੰ ਕਿਹਾ ਗਿਆ ਕਿ ਇਕ ਔਰਤ ਵਿਚ ਏਨੀ ਤਾਕਤ ਹੈ ਕਿ ਉਹ ਪੂਰੇ ਸਮਾਜ ਤੇ ਨਜ਼ਾਮ ਨੂੰ ਬਦਲ ਸਕਦੀ ਹੈ। ਤੁਸੀਂ ਔਰਤਾਂ ਨੂੰ ਇਕੱਠਿਆਂ ਕਰਕੇ ਉਸ ਸਮੇਂ ਧਰਨਾ ਲਗਾ ਦਿਉ ਤੇ ਅਜਿਹੇ ਲੋਕਾਂ ਦਾ ਪਿੱਟ ਸਿਆਪਾ ਸ਼ੁਰੂ ਕਰ ਦੇਵੋ। ਨਸ਼ੇ ਵੰਡਣ ਵਾਲੇ ਆਪੇ ਭੱਜ ਜਾਣਗੇ। ਤਾਂ ਉਸ ਬੀਬੀ ਵਿਚ ਏਨੀ ਤਾਕਤ ਆ ਗਈ ਕਿ ਉਹ ਬਾਂਹ ਖੜ੍ਹੀ ਕਰਕੇ ਨਾਅਰੇ ਲਗਾਉਣ ਲੱਗ ਪਈ। ਔਰਤ ਜਾਤ ਮਹਾਨ ਹੈ ਮਾਨਵਤਾ ਦੀ ਸ਼ਾਨ ਹੈ। ਨਸ਼ੇ ਛੱਡੋ ਕੋਹੜ ਵੱਢੋ। ਰਸਤੇ ਵਿਚ ਨਸ਼ਿਆਂ ਪ੍ਰਤੀ ਜਾਗਰਤਾ ਵਾਲਾ ਲਿਟ੍ਰੇਚਰ ਵੀ ਵੰਡਿਆ ਗਿਆ। ਗਲੀਆਂ ਚ ਕੋਠਿਆਂ ਤੇ ਚੜ੍ਹ ਕੇ ਮਾਰਚ ਦੇਖਣ ਵਾਲੇ ਲੋਕ ਇਸ ਉਪਰਾਲੇ ਦੀ ਪ੍ਰਸੰਸਾ ਕਰਦੇ ਦੇਖੇ ਗਏ।