ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਪਾਵਰ ਕਲੋਨੀ, ਰੋਪੜ ਵਿਖੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਲਗਾਏ ਗਏ ਵਿਦਿਆਰਥੀ ਸਖਸ਼ੀਅਤ ਉਸਾਰੀ ਕੈਂਪ ਵਿੱਚ 60 ਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਸਮੇਂ ਸੰਤ ਅਵਤਾਰ ਸਿੰਘ ਗੁਰਦੁਆਰਾ ਹੈਡ ਦਰਬਾਰ ਕੋਟ ਪੁਰਾਣ, ਟਿੱਬੀ ਸਾਹਿਬ ਵਾਲਿਆਂ ਨੇ ਸੰਬੋਧਨ ਕਰਦਿਆਂ ਆਖਿਆ ਕਿ ਸਾਡੇ ਧੰਨ ਭਾਗ ਹਨ ਕਿ ਸਾਨੂੰ ਮਨੁੱਖਾ ਜੂਨੀ ਪ੍ਰਾਪਤ ਹੋਈ ਹੈ।ਇਸ ਲਈ ਮਨੁੱਖ ਨੂੰ ਪਸ਼ੂ ਬਿਰਤੀ ਛੱਡ ਕੇ ਇਨਸਾਨੀਅਤ ਵਾਲੇ ਕੰਮ ਕਰਨੇ ਚਾਹੀਦੇ ਹਨ। ਉਹਨਾਂ ਕਿਹਾ ਕਿ ਮਨੁੱਖਾ ਜੀਵਨ ਦਾ ਇਕ-ਇਕ ਪਲ ਕੀਮਤੀ ਹੈ ਜਿਸ ਨੂੰ ਸੰਭਾਲ ਕੇ ਸਹੀ ਪਾਸੇ ਲਗਾਉਣਾ ਚਾਹੀਦਾ ਹੈ।ਉਹਨਾਂ ਨੇ ਵਿਦਿਆਰਥੀਆਂ ਨੂੰ ਕੈਂਪ ਤੋਂ ਹਾਸਲ ਕੀਤੀ ਸਿੱਖਿਆ ਤੇ ਅਮਲ ਕਰਨ ਦੀ ਪ੍ਰੇਰਨਾ ਵੀ ਦਿੱਤੀ। ਸਟੱਡੀ ਸਰਕਲ ਦੇ ਰੋਪੜ-ਨਵਾਂ ਸ਼ਹਿਰ ਜੋਨ ਦੇ ਪ੍ਰਧਾਨ ਸ੍ਰ. ਕੰਵਲਜੀਤ ਸਿੰਘ ਨੇ ਸਟੱਡੀ ਸਰਕਲ ਵਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ। ਕੈਂਪ ਦੇ ਅਡੀਸ਼ਨਲ ਸਟੇਟ ਸਕੱਤਰ ਸ੍ਰ. ਤੇਜਿੰਦਰ ਸਿੰਘ ਖਿਜ਼ਰਾਬਾਦੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ, ਸਿੱਖ ਇਤਿਹਾਸ ਵਿੱਚੋਂ ਪ੍ਰੇਰਨਾਵਾਂ ਅਤੇ ਸਾਕਾ ਸਰਹਿੰਦ ਵਿਸ਼ਿਆਂ ਤੇ ਸਲਾਇਡ ਸ਼ੋਅ ਕੀਤੇ। ਕੇਸ ਤੇ ਦਸਤਾਰ ਅਤੇ ਸਖਸ਼ੀਅਤ ਦਾ ਸਰਵਪੱਖੀ ਵਿਕਾਸ ਵਿਸ਼ਿਆਂ ਤੇ ਸਲਾਇਡ ਸ਼ੋਅ ਪੇਸ਼ ਕੀਤੇ ਗਏ। ਕੈਂਪ ਦੋਰਾਨ ਸਮੂਹ ਕੈਂਪਰਾਂ ਨੇ ਲਿਖਣ ਤੇ ਬੋਲਣ ਕਲਾ ਅਤੇ ਗੁਰਮਤਿ ਪ੍ਰਸ਼ਨੋਤਰੀ ਵਿੱਚ ਵੱਧ ਚੜ ਕੇ ਹਿੱਸਾ ਲਿਆ।