ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਏਡਜ਼ ਵਰਗੀਆਂ ਬਿਮਾਰੀਆਂ ਬਾਰੇ ਨੌਜਵਾਨ ਪੀੜੀ ਵਿੱਚ ਜਾਗਰਤੀ ਪੈਦਾ ਕਰਨ ਅਤੇ ਭਰੂਣ ਹੱਤਿਆ ਵਰਗੇ ਕਲੰਕ ਨੂੰ ਸਮਾਜ ਵਿੱਚੋਂ ਜੜ੍ਹੋਂ ਉਖੇੜਨ ਲਈ ਸ਼ੁਰੂ ਕੀਤੀ ਪੁੰਨਰ ਜਾਗਰਤੀ ਲਹਿਰ ਨੂੰ ਹੋਰ ਤੇਜ ਕਰਦਿਆਂ ਪਿੰਡਾਂ ਵਿੱਚ ਕੀਤੇ ਜਾ ਰਹੇ ਸੈਮੀਨਾਰਾਂ ਦੇ ਨਾਲ-ਨਾਲ ਕਾਲਜਾਂ ਵਿੱਚ ਸੈਮੀਨਾਰਾਂ ਦੀ ਲੜੀ ਚਲਾਈ ਗਈ ਹੈ। ਇਸ ਲੜੀ ਤਹਿਤ ਡਾ: ਮੋਹਨ ਕੌਰ ਇੰਸਟੀਚਿਊਟ ਆਫ਼ ਨਰਸਿੰਗ, ਮੁੱਲਾਂਪੁਰ, ਗੁਰੂ ਹਰਿਗੋਬਿੰਦ ਹਰਪ੍ਰਕਾਸ਼ ਕਾਲਜ ਆਫ਼ ਐਜੂਕੇਸ਼ਨ ਫਾਰ ਵਿਮੈਨ, ਸਿੱਧਵਾਂ ਖੁਰਦ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਫਾਰ ਵਿਮੈਨ, ਚੰਡੀਗੜ੍ਹ, ਗੁਰੂ ਨਾਨਕ ਇੰਜੀ; ਕਾਲਜ, ਲੁਧਿਆਣਾ, ਗੁਰੂ ਤੇਗ ਬਹਾਦਰ ਕਾਲਜ ਆਫ਼ ਐਜੂਕੇਸ਼ਨ, ਦਸੂਹਾ ਅਤੇ ਸ਼ਹੀਦ ਕਰਤਾਰ ਸਿੰਘ ਸਰਾਭਾ ਕਾਲਜ ਆਫ਼ ਨਰਸਿੰਗ, ਸਰਾਭਾ ਵਿਖੇ ਏਡਜ਼ ਤੇ ਭਰੂਣ ਹੱਤਿਆ ਵਿਰੁੱਧ ਜਾਗਰਤੀ ਸੈਮੀਨਾਰ ਕੀਤੇ ਗਏ ਹਨ।
ਹਰੇਕ ਸੈਮੀਨਾਰ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਯੁਵਕ ਸੇਵਾਵਾਂ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਮੁੱਖ ਬੁਲਾਰੇ ਵਜੋਂ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਕੁੜੀਆਂ ਮਾਰਨ ਵਾਲਿਆਂ ਨਾਲੋਂ ਸਮਾਜ ਨੂੰ ਨਖੇੜਾ ਕਰਨਾ ਪਵੇਗਾ, ਅਗਰ ਕੁੜੀਮਾਰ ਸਾਡੇ ਘਰ ਵਿੱਚ ਹੋਣ ਤਾਂ ਉਨ੍ਹਾਂ ਨੂੰ ਸਮਝਾਉਣਾ ਚਾਹੀਦਾ ਹੈ, ਜੇਕਰ ਨਾਂ ਸਮਝਣ ਤਾਂ ਦੋਸਤ/ਮਿੱਤਰ ਇਕੱਠੇ ਕਰਕੇ ਘਰ ਅੰਦਰ ਧਰਨਾ ਦੇਣਾ ਚਾਹੀਦਾ ਹੈ, ਕਿਉਂਕਿ ਜੇਕਰ ਇਹ ਜੁਲਮ ਨਾਂ ਰੋਕਿਆ ਤਾਂ ਮੁੰਡਿਆਂ ਦੇ ਵਿਆਹ ਕਰਨ ਲਈ ਕੁੜੀਆਂ ਨਹੀਂ ਲੱਭਣਗੀਆਂ. ਜਿਸ ਕਾਰਣ ਅਗਵਾ ਦੀਆਂ ਘਟਨਾਵਾਂ ਵਧਣਗੀਆਂ ਤੇ ਇੱਜ਼ਤ ਸੁਰੱਖਿਅਤ ਨਹੀਂ ਰਹੇਗੀ। ਹਰੇਕ ਸੈਮੀਨਾਰ ਵਿੱਚ ਵਿਦਿਆਰਥੀਆਂ ਨੇ ਕੁੜੀਮਾਰਾਂ ਨਾਲੋਂ ਨਖੇੜਾ ਕਰਨ ਦਾ ਪ੍ਰਣ ਲਿਆ।
ਮੁੱਲਾਂਪੁਰ ਵਿਖੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੇਸ ਸੰਭਾਲ ਸੰਸਥਾ ਦੇ ਲੁਧਿਆਣਾ ਦੇ ਇੰਚਾਰਜ ਸ੍ਰ: ਦਵਿੰਦਰ ਸਿੰਘ ਹੋਰਾਂ ਕਿਹਾ ਕਿ "ਤਿੰਨ ਸੌ ਸਾਲ ਗੁਰੂ ਦੇ ਨਾਲ" ਕੇਵਲ ਗਾਉਣ ਨਾਲ ਗੁਜਾਰਾ ਨਹੀਂ ਹੋਣਾ। ਗੁਰੂ ਦੀ ਗੱਲ ਅਪਣਾਉਣ ਨਾਲ ਬਚਾਅ ਹੋਵੇਗਾ। ਜੇਕਰ ਗੁਰਬਾਣੀ ਦੇ ਕਹੇ ਅਨੁਸਾਰ ਜੀਵਨ ਸੱਚਾ ਸੁੱਚਾ ਆਚਰਨ ਵਾਲਾ ਨਹੀਂ ਹੋਵੇਗਾ। ਫਿਰ ਏਡਜ਼ ਦੇ ਸ਼ਿਕਾਰ ਹੋਵਾਂਗੇ। ਪੰਜਾਬ ਵਿੱਚ ਏਡਜ਼ ਨਹੀਂ ਹੋਣੀ ਚਾਹੀਦੀ ਪਰ ਏਥੇ ਤਾਂ ਅਠਾਰਾਂ ਹਜ਼ਾਰ ਤੋਂ ਵੱਧ ਏਡਜ਼ ਦੇ ਰੋਗੀ ਸਰਕਾਰੀ ਅੰਕੜਿਆਂ ਵਿੱਚ ਰਜਿਸਟਰਡ ਹਨ, ਜੋ ਪੰਜਾਬ ਲਈ ਚਿੰਤਾ ਦਾ ਵਿਸ਼ਾ ਹੈ।
ਸਿੱਧਵਾਂ ਖੁਰਦ ਕਾਲਜ ਵਿਖੇ ਪ੍ਰਿੰ: ਬਲਜੀਤ ਕੌਰ, ਪ੍ਰੋ: ਜਗਮਿੰਦਰ ਕੌਰ, ਚੰਡੀਗੜ੍ਹ ਦੇ ਕਾਲਜ ਵਿੱਚ ਪ੍ਰਿੰ: ਡਾ: ਹਰਵਿੰਦਰ ਕੌਰ, ਪ੍ਰੋ: ਸਤਵਿੰਦਰ ਕੌਰ, ਪ੍ਰੋ: ਹਰਮੀਤ ਕੌਰ, ਸ੍ਰ: ਰਵਿੰਦਰ ਸਿੰਘ ਅਤੇ ਚੰਡੀਗੜ੍ਹ ਜ਼ੋਨ ਦੇ ਪ੍ਰਧਾਨ ਸ੍ਰ: ਹਰਚਰਨਜੀਤ ਸਿੰਘ ਹੋਰਾਂ ਵੀ ਸੰਬੋਧਨ ਕੀਤਾ। ਦਸੂਹਾ ਕਾਲਜ ਵਿਖੇ ਪ੍ਰਿੰ: ਡੀ. ਕੇ. ਸ਼ਰਮਾ, ਸ੍ਰ: ਬਲਵੀਰ ਸਿੰਘ ਪ੍ਰਧਾਨ ਦਸੂਹਾ ਖੇਤਰ, ਸ੍ਰ: ਹਰਪਾਲ ਸਿੰਘ, ਜਥੇਬੰਦਕ ਸਕੱਤਰ, ਹੁਸ਼ਿਆਰਪੁਰ ਨੇ ਚਰਚਾ ਵਿੱਚ ਭਾਗ ਲਿਆ। ਗੁਰੂ ਨਾਨਕ ਇੰਜੀ: ਕਾਲਜ, ਲੁਧਿਆਣਾ ਵਿਖੇ ਸ੍ਰ: ਰਮਨਜੀਤ ਸਿੰਘ ਤੇ ਹੋਰ ਹਾਜ਼ਰ ਪ੍ਰਤੀਨਿੱਧਾਂ ਨੇ ਵੀ ਸਮਾਜਕ ਬੁਰਾਈਆਂ ਸੰਬੰਧੀ ਵਿਚਾਰ ਤੇ ਸੁਝਾਅ ਪੇਸ਼ ਕੀਤੇ। ਸਰਾਭਾ ਕਾਲਜ ਵਿਖੇ ਦਾਦ ਖੇਤਰ ਦੇ ਸਰਪ੍ਰਸਤ ਸ੍ਰ: ਸਤਿੰਦਰਮੋਹਨ ਸਿੰਘ ਬਾਵਾ, ਸਕੱਤਰ ਸ੍ਰ: ਚਮਕੌਰ ਸਿੰਘ ਤੇ ਪ੍ਰਧਾਨ ਸ੍ਰ: ਗੁਰਦੇਵ ਸਿੰਘ ਹੋਰਾਂ ਏਡਜ਼ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਇਆ।