ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਅੱਜ 25 ਫਰਵਰੀ, 2010 ਨੂੰ ਪ੍ਰਸਿੱਧ ਕੀਰਤਨੀਏ ਅਮਰੀਕਾ ਨਿਵਾਸੀ ਸ੍ਰ: ਹਰਭਜਨ ਸਿੰਘ ਸਪੁੱਤਰ ਭਾਈ ਸਮੁੰਦ ਸਿੰਘ ਜੀ ਦਾ ਇਕ ਪ੍ਰਭਾਵਸ਼ਾਲੀ ਸਮਾਗਮ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਹ ਸਨਮਾਨ ਉਹਨਾਂ ਦੇ ਪਰਿਵਾਰ ਵੱਲੋਂ ਗੁਰਮਤਿ ਸੰਗੀਤ ਲਈ ਕੀਤੇ ਵਿਸ਼ੇਸ਼ ਯੋਗਦਾਨ ਲਈ ਕੀਤਾ ਗਿਆ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਿਖੇ ਸਥਾਪਤ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਭਾਈ ਸਾਹਿਬ ਦੇ ਪਰਿਵਾਰ ਦੀ ਦੇਣ ਹੈ। ਇਸ ਸਨਮਾਨ ਸਮਾਗਮ ਸਬੰਧੀ ਗੁਰਮਤਿ ਸੰਗੀਤ ਤੇ ਇਕ ਵਿਸ਼ੇਸ਼ ਸੈਮੀਨਰ ਦਾ ਆਯੋਜਨ ਕੀਤਾ ਗਿਆ। ਇਸ ਸੈਮੀਨਰ ਵਿੱਚ ਗੁਰਮਤਿ ਸੰਗੀਤ ਦੇ ਰਾਗਬੱਧ ਪਹਿਲੂਆਂ ਤੇ ਭਰਪੂਰ ਚਰਚਾ ਹੋਈ। ਇਸ ਚਰਚਾ ਵਿੱਚ ਸ੍ਰ: ਹਰਭਜਨ ਸਿੰਘ ਜੀ ਤੋਂ ਇਲਾਵਾ, ਪੰਜਾਬ ਐਂਡ ਸਿੰਧ ਬੈਂਕ ਦੀ ਕੀਰਤਨ ਅਕੈਡਮੀ, ਜਲੰਧਰ ਤੋਂ ਡਾਇਰੈਕਟਰ ਇੰਚਾਰਜ ਵਜੋਂ ਰਿਟਾ: ਤੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੇ ਡਾਇਰੈਕਟਰ ਪ੍ਰੋ: ਪਰਮਜੋਤ ਸਿੰਘ, ਸਾਡਾ ਵਿਰਸਾ ਸਾਡਾ ਗੌਰਵ ਦੇ ਅੰਗਰੇਜ਼ੀ ਵਿਭਾਗ ਦੇ ਸੰਪਾਦਕ ਪ੍ਰਿੰ: ਹਰੀ ਸਿੰਘ, ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਸ੍ਰ: ਇਕਬਾਲ ਸਿੰਘ ਭਾਟੀਆ, ਸੋਸ਼ਲ ਇਪਾਵਰਮੈਂਟ ਤੇ ਇਕਨਾਮਿਕ ਡਿਵੈਲਪਮੈਂਟ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਇਕਬਾਲ ਸਿੰਘ, ਏਡਿਡ ਪ੍ਰੋਜੈਕਟ ਡਾਇਰੈਕਟੋਰੇਟ ਦੇ ਜੁਆਇੰਟ ਡਾਇਰੈਕਟਰ ਡਾ: ਜਸਵੰਤ ਸਿੰਘ, ਗੁਰਮਤਿ ਸੰਗੀਤ ਡਾਇਰੈਕਟੋਰੇਟ ਦੇ ਡਾਇਰੈਕਟਰ ਸ੍ਰ: ਜਸਪਾਲ ਸਿੰਘ, ਗਿਨੀਜ਼ ਬੁੱਕ ਰਿਕਾਰਡ ਹੋਲਡਰ ਪ੍ਰਸਿੱਧ ਤਲਬਾਵਾਦਕ ਪਰਮਜੋਤ ਸਿੰਘ, ਕਮਿਸ਼ਨਰ ਆਫ਼ ਇਨਕਮ ਟੈਕਸ ਸ੍ਰ: ਮਹਾਦੇਵ ਸਿੰਘ ਮਿਨਹਾਸ, ਸ੍ਰ: ਅਮਰਜੀਤ ਸਿੰਘ ਟੈਕਸਲਾ, ਸ੍ਰ: ਬਲਪ੍ਰੀਤ ਸਿੰਘ, ਇੰਜੀ: ਡੀ.ਐਮ. ਸਿੰਘ, ਪ੍ਰਿੰ: ਪਰਮਜੀਤ ਕੌਰ ਅਤੇ ਮਿਸਿਜ਼ ਮਿਨਹਾਸ ਹਾਜਰ ਸਨ। ਸੈਮੀਨਾਰ ਦੀ ਸ਼ੁਰੂਆਤ ਬੁਕੇ ਭੇਂਟ ਕਰਕੇ ਕੀਤੀ ਗਈ। ਇਸ ਸੈਮੀਨਾਰ ਵਿੱਚ ਜਵੱਦੀ ਟਕਸਾਲ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਿੰ: ਸੁਖਵੰਤ ਸਿੰਘ ਅਤੇ ਪੰਜਾਬ ਐਂਡ ਸਿੰਧ ਬੈਂਕ ਦੇ ਜ਼ੋਨਲ ਮੈਨੇਜਰ ਸ੍ਰ: ਇਕਬਾਲ ਸਿੰਘ ਭਾਟੀਆ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਸੈਮੀਨਾਰ ਦੌਰਾਨ ਸ੍ਰ: ਹਰਭਜਨ ਸਿੰਘ ਦੇ ਪਰਿਵਾਰ ਵੱਲੋਂ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਦੀ ਸਥਾਪਨਾ ਲਈ ਵਿਸ਼ੇਸ਼ ਧੰਨਵਾਦ ਕਰਦਿਆਂ ਇਥੋ ਕੀਰਤਨ ਸਿਖਲਾਈ ਪ੍ਰਾਪਤ ਕਰ ਰਹੇ ਅਤੇ ਕਰ ਚੁੱਕੇ ਲਾਭਪਾਤਰੀਆਂ ਸੰਬੰਧੀ ਵਿਚਾਰ ਚਰਚਾ ਕੀਤੀ ਗਈ। ਜਵੱਦੀ ਟਕਸਾਲ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਪ੍ਰਿੰ: ਸੁਖਵੰਤ ਸਿੰਘ ਹੋਰਾਂ ਦੱਸਿਆ ਕਿ ਟੀ.ਵੀ.ਸੀਰੀਅਲ "ਗਾਵਹੁ ਸੱਚੀ ਬਾਣੀ" ਦਾ ਲੋਕਾਂ ਲਈ ਖਿੱਚ ਦਾ ਕੇਂਦਰ ਬਣੇ ਹੋਣ ਤੋਂ ਸਾਬਤ ਹੁੰਦਾ ਹੈ ਕਿ ਜੇਕਰ ਤੰਤੀ ਸਾਜ਼ਾਂ ਅਤੇ ਰਾਗਬੱਧ ਕੀਰਤਨ ਦੀ ਯੋਗ ਸਿਖਲਾਈ ਆਸਾਨੀ ਨਾਲ ਮਿਲੇ ਤਾਂ ਨੌਜਵਾਨਾਂ ਵਿੱਚ ਇਸ ਨੂੰ ਸਿਖਣ ਦੀ ਤੀਬਰ ਇੱਛਾ ਮੌਜੂਦ ਹੈ। ਸੈਮੀਨਾਰ ਤੋਂ ਉਪਰੰਤ ਅਮਰੀਕਾ ਨਿਵਾਸੀ ਸ੍ਰ: ਹਰਭਜਨ ਸਿੰਘ ਨੇ ਭਾਈ ਸਮੁੰਦ ਸਿੰਘ ਗੁਰਮਤਿ ਸੰਗੀਤ ਅਕੈਡਮੀ ਵਿਖੇ ਕੀਰਤਨ ਗਾਇਨ ਕਰਕੇ ਹਾਜਰੀਨ ਨੂੰ ਨਿਹਾਲ ਕੀਤਾ।