ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਇਸ ਵਰ੍ਹੇ ਦੀ ਪ੍ਰਾਥਿਮਕਤਾ ਆਪਣੇ ਗੌਰਵਮਈ ਵਿਰਸੇ ਪ੍ਰਤੀ ਪੁੰਨਰ ਸੁਰਜੀਤੀ ਲਹਿਰ ਤਹਿਤ ਨਸ਼ਿਆਂ ਦੀ ਰੋਕਥਾਮ, ਭਰੂਣ ਹੱਤਿਆ, ਏਡਜ਼ ਅਤੇ ਸਮਾਜ ਵਿੱਚ ਫੈਲੀਆਂ ਕੁਰੀਤੀਆਂ ਵਿਰੁੱਧ ਪਿੰਡਾਂ ਵਿੱਚ ਚੇਤਨਾਂ ਸੈਮੀਨਾਰਾਂ ਦੀ ਲੜੀ ਤੇਜ ਕੀਤੀ ਗਈ ਹੈ। ਜਿਸ ਤਹਿਤ ਬੀਤੇ ਦਿਨੀਂ ਸ਼ਹੀਦ ਕਰਤਾਰ ਸਿੰਘ ਸਰਾਭਾ ਨਰਸਿੰਗ ਕਾਲਜ ਸਰਾਭਾ ਵਿਖੇ ਚੇਤਨਾ ਸੈਮੀਨਾਰ ਕੀਤਾ ਗਿਆ। ਕੇਂਦਰੀ ਦਫ਼ਤਰ ਤੋਂ ਯੁਵਕ ਸੇਵਾਵਾਂ ਦੇ ਡਾਇਰੈਕਟਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਨੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ, ਭਰੂਣ ਹੱਤਿਆ ਨਾਲ ਹੋਣ ਵਾਲੇ ਸਮਾਜਕ ਨੁਕਸਾਨ ਅਤੇ ਏਡਜ਼ ਵਰਗੀਆਂ ਬਿਮਾਰੀਆਂ ਪ੍ਰਤੀ ਸੁਚੇਤ ਕੀਤਾ। ਕਾਲਜ ਦੇ ਚੇਅਰਮੈਨ ਸ੍ਰ: ਅਵਤਾਰ ਸਿੰਘ ਗਰੇਵਾਲ ਹੋਰਾਂ ਆਏ ਪਤਵੰਤਿਆਂ ਨੂੰ ਜੀ ਆਇਆਂ ਨੂੰ ਕਿਹਾ ਤੇ ਸਟੱਡੀ ਸਰਕਲ ਵੱਲੋਂ ਆਰੰਭੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ।
ਇਸ ਸਮੇਂ ਦਾਦ ਖੇਤਰ ਦੇ ਸਰਪ੍ਰਸਤ ਸ੍ਰ: ਸਤਿੰਦਰਮੋਹਨ ਸਿੰਘ ਬਾਵਾ, ਪ੍ਰਧਾਨ ਸ੍ਰ: ਗੁਰਦੇਵ ਸਿੰਘ ਅਤੇ ਸਕੱਤਰ ਸ੍ਰ: ਚਮਕੌਰ ਸਿੰਘ ਨੇ ਵੀ ਸਮਾਜਿਕ ਬੁਰਾਈਆਂ ਤੋਂ ਸਮੂੰਹ ਲੋਕਾਈ ਨੂੰ ਬਚਾਉਣ ਹਿੱਤ ਨਰਸਾਂ ਨੂੰ ਅੱਗੇ ਆਉਣ ਦਾ ਸੱਦਾ ਦਿੱਤਾ। 400 ਦੇ ਕਰੀਬ ਵਿਦਿਆਰਥਣਾਂ (ਨਰਸਾਂ) ਨੇ ਹੱਥ ਖੜੇ ਕਰਕੇ ਭਰੂਣ ਹੱਤਿਆ ਕਰਨ ਵਾਲਿਆਂ ਦਾ ਬਾਈਕਾਟ ਕੀਤਾ।