"ਸੱਚਾ ਧਰਮੁ ਪੁੰਨ ਭਲਾ ਕਰਾਏ" ਦੇ ਪ੍ਰੇਰਣਾਵਾਕ ਨੂੰ ਸਮਰਪਿਤ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 37ਵੇਂ ਸਾਲਾਨਾ ਕੇਂਦਰੀ ਸਮਾਗਮ ਦਾ ਉਦਘਾਟਨ ਜਥੇਦਾਰ ਅਵਤਾਰ ਸਿੰਘ, ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਨਿਸ਼ਾਨ ਸਾਹਿਬ ਲਹਿਰਾ ਕੇ ਜੈਕਾਰਿਆਂ ਦੀ ਗੂੰਜ ਨਾਲ ਕੀਤਾ। ਇਹ ਤਿੰਨ ਰੋਜਾ ਕੇਂਦਰੀ ਸਮਾਗਮ ਗੁਰੂ ਰਾਮਦਾਸ ਅਕੈਡਮੀ, ਹੰਬੜਾ ਰੋਡ, ਲੁਧਿਆਣਾ ਵਿਖੇ ਆਯੋਜਿਤ ਕੀਤਾ ਗਿਆ। ਇਸ ਸਮਾਗਮ ਵਿੱਚ ਦੇਸ਼-ਵਿਦੇਸ਼ ਤੋਂ ਸਟੱਡੀ ਸਰਕਲ ਦੀਆਂ ਯੁਨਿਟਾਂ, ਵਿੰਗਾਂ ਅਦਾਰਿਆਂ ਤੋਂ ਚੌਣਵੇਂ 350 ਡੈਲੀਗੇਟਾਂ ਨੇ ਭਾਗ ਲਿਆ।
ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸਿੱਖ ਕੌਮ ਦੀ ਸਿਰਮੋਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਹੋਰਾਂ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਸਰਬੱਤ ਦੇ ਭਲੇ ਲਈ ਚਲਾਈ ਜਾ ਰਹੀ ਨਿਸ਼ਕਾਮ ਲਹਿਰ ਦੇ 37 ਸਾਲ ਪੂਰੇ ਹੋਏ ਹਨ ਇਹ ਇਸ ਸਦੀ ਦੀ ਇੱਕ ਅਹਿੰਮ ਪ੍ਰਾਪਤੀ ਹੈ। ਬਿਨਾਂ ਕਿਸੇ ਰਾਜਨੀਤਕ ਧੜੇ ਜਾਂ ਪਾਰਟੀ ਨਾਲ ਜੁੜਿਆਂ ਨਿਰੋਲ ਸੰਗਤ ਦੀ ਟੇਕ ਰਖਦਿਆਂ ਇਹ ਸੰਸਥਾ ਬੜਾ ਨਿੱਘਰ ਕਾਰਜ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਕਾਲ ਪੁਰਖ ਅੱਗੇ ਮੇਰੀ ਅਰਦਾਸ ਹੈ ਕਿ ਇਹ ਕਾਫਲਾ ਪ੍ਰਸਪਰ, ਪਿਆਰ, ਤਿਆਗ ਤੇ ਸੇਵਾ ਦੀ ਭਾਵਨਾ ਨਾਲ ਨਿਰੰਤਰ ਕਾਰਜ ਕਰਦਾ ਰਹੇ।
ਇਸ ਸਮੇਂ ਵਿਸ਼ੇਸ਼ ਮਹਿਮਾਨ ਗੁਰੂ ਰਾਮਦਾਸ ਐਜੂ: ਟਰੱਸਟ ਦੇ ਚੇਅਰਮੈਨ ਸ੍ਰ: ਰਾਜਾ ਸਿੰਘ ਟੈਕਸਲਾ ਹੋਰਾਂ ਕਿਹਾ ਕਿ ਕਾਲਜਾਂ ਤੇ ਸਕੂਲਾਂ ਵਿੱਚ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਆਪਣੇ ਗੌਰਵਮਈ ਵਿਰਸੇ ਨਾਲ ਜੋੜਨ ਦਾ ਕਾਰਜ ਇਹਨਾਂ ਨੇ ਨਿਰੰਤਰ ਜਾਰੀ ਰੱਖਿਆ ਹੋਇਆ ਹੈ। ਮੈਂ ਇਹਨਾਂ ਦੀ ਸਿਦਕ ਦਿਲੀ ਦਾ ਸਤਿਕਾਰ ਕਰਦਾ ਹਾਂ।
ਜਥੇਬੰਦੀ ਦੇ ਮੁਖੀ ਪ੍ਰਿੰ: ਰਾਮ ਸਿੰਘ ਹੋਰਾਂ ਕਿਹਾ ਕਿ ਮੈਂ ਆਸ ਕਰਦਾ ਹਾਂ ਕਿ ਆਉਣ ਵਾਲਾ ਸਮਾਂ ਜਿਹੜੇ ਨਵੇਂ ਵਿਚਾਰਧਾਰਕ ਪ੍ਰਸ਼ਨ-ਚਿੰਨ੍ਹ ਖੜੇ ਕਰੇਗਾ, ਸਟੱਡੀ ਸਰਕਲ ਦੇ ਸੇਵਾਦਾਰ ਅਣਥੱਕ ਭੂਮਿਕਾ ਨਿਭਾ ਕੇ ਉਨ੍ਹਾਂ ਦਾ ਗੁਰਮਤਿ ਅਨੁਸਾਰੀ ਸਮਾਧਾਨ ਭਾਲਣ ਅਤੇ ਸੰਸਾਰ ਨੂੰ ਪੇਸ਼ ਕਰਨ ਲਈ ਤਤਪਰ ਰਹਿਣਗੇ। ਸਟੇਜ ਦਾ ਸੰਚਾਲਨ ਕਰਦਿਆਂ ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਕਿਹਾ ਕਿ ਇਸ ਵਰ੍ਹੇ ਦਾ ਪ੍ਰੇਰਣਾਵਾਕ ''ਸੱਚਾ ਧਰਮੁ ਪੁੰਨੁ ਭਲਾ ਕਰਾਏ", ਪੂਰਾ ਵਰ੍ਹਾ ਸਮਾਜ ਭਲਾਈ ਦੇ ਕਾਰਜਾਂ ਵਿੱਚ ਡਟੇ ਰਹਿਣ ਲਈ ਪ੍ਰੇਰਣਾ, ਉਤਸ਼ਾਹ ਬਖਸ਼ਦਾ ਰਹੇਗਾ। ਸਮਾਗਮ ਦੇ ਕਨਵੀਨਰ ਡਾ: ਪੁਸ਼ਪਇੰਦਰ ਸਿੰਘ ਹੋਰਾਂ ਆਏ ਪਤਵੰਤਿਆਂ ਤੇ ਪ੍ਰਤੀਨਿਧਾਂ ਨੂੰ ਜੀ ਆਇਆਂ ਨੂੰ ਕਿਹਾ। ਇਸ ਸਮੇਂ ਸਮੂੰਹ ਪ੍ਰਤੀਨਿੱਧਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀ ਕਾਰਜਯੋਜਨਾ ਲਾਗੂ ਕਰਨ ਲਈ ਪੂਰੀ ਤਨਦੇਹੀ ਨਾਲ ਡਟਣ ਦਾ ਪ੍ਰਣ ਕੀਤਾ। ਪ੍ਰਬੰਧਕੀ ਕਨਵੀਨਰ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ਆਏ ਪਤਵੰਤਿਆਂ ਦਾ ਧੰਨਵਾਦ ਕੀਤਾ।
ਸ੍ਰ: ਬਲਪ੍ਰੀਤ ਸਿੰਘ ਜਨਰਲ ਸਕੱਤਰ ਕੀਰਤਨ ਵਿਭਾਗ ਹੋਰਾਂ ਦੇਹਿ ਸ਼ਿਵਾ ਬਰ ਮੋਹਿ ਇਹ ਸ਼ਬਦ ਦਾ ਗਾਇਨ ਕੀਤਾ।
ਦੂਸਰੇ ਸੈਸ਼ਨ ਵਿੱਚ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਕੇਂਦਰੀ ਦਫ਼ਤਰ ਇੰਚਾਰਜ ਡਾ: ਪੁਸ਼ਪਇੰਦਰ ਸਿੰਘ, ਸ੍ਰ: ਪਿਰਥੀ ਸਿੰਘ, ਖਾਲਸਾ ਡਿਪਟੀ ਚੀਫ਼ ਆਰਗੇਨਾਈਜ਼ਰ, ਵਿਦਿਆਰਥੀ ਵਿੰਗ ਦੇ ਪ੍ਰਧਾਨ ਸ੍ਰ: ਕੋਮਲਜੀਤ ਸਿੰਘ ਹੋਰਾਂ ਕੇਂਦਰੀ ਦਫ਼ਤਰ ਵੱਲੋਂ ਡਾਇਰੈਕਟੋਰੇਟ ਤੇ ਵਿੰਗਾਂ ਤਹਿਤ ਕੀਤੇ ਕਾਰਜਾਂ ਦੀ ਰਿਪੋਰਟ ਪੇਸ਼ ਕੀਤੀ। ਨੈਸ਼ਨਲ ਕੋਆਰਡੀਨੇਟਰ ਯੂ.ਐਸ.ਏ. ਸ੍ਰ: ਸਰਬਜੀਤ ਸਿੰਘ ਨਿਊਯਾਰਕ ਨੇ ਵਿਦੇਸ਼ਾਂ ਵਿੱਚ ਸਟੱਡੀ ਸਰਕਲ ਦੀਆਂ ਸਰਗਰਮੀਆਂ ਦੀ ਉਤਸ਼ਾਹਜਨਕ ਰਿਪੋਰਟ ਪੇਸ਼ ਕੀਤੀ। ਇਸ ਸੈਸ਼ਨ ਵਿੱਚ ਵੱਖ-ਵੱਖ ਸਟੇਟਾਂ ਦੇ ਸਟੇਟ ਸਕੱਤਰ ਸਾਹਿਬਾਨ ਨੇ ਆਪੋ-ਆਪਣੇ ਸਟੇਟ ਦੀ ਰਿਪੋਰਟ ਪੇਸ਼ ਕੀਤੀ। ਸਮੂਹ ਜ਼ੋਨਾਂ/ਸਟੇਟਾਂ ਨੇ ਆਪੋ ਆਪਣੀਆਂ ਰਿਪੋਰਟਾਂ ਦੀ ਐਲਬਮ ਚੀਫ ਆਰਗੇਨਾਈਜ਼ਰ ਪ੍ਰਿੰ: ਰਾਮ ਸਿੰਘ ਹੋਰਾਂ ਨੂੰ ਭੇਂਟ ਕੀਤੀਆਂ।
ਦੁਪਹਿਰ ਬਾਅਦ ਦੇ ਸੈਸ਼ਨ ਵਿੱਚ ਜੋਨਾਂ/ਸਟੇਟਾਂ ਵੱਲੋਂ ਸੇਵਾ ਕਾਰਜਾਂ ਦੌਰਾਨ ਦਰਪੇਸ਼ ਸਮੱਸਿਆਵਾਂ ਤੇ ਹੱਲ ਤੇ ਖੁੱਲੀ ਚਰਚਾ ਹੋਈ ਜਿਸ ਦਾ ਸੰਚਾਲਨ ਐਡੀ: ਸਟੇਟ ਸਕੱਤਰ ਪੰਜਾਬ ਡਾ: ਅਵੀਨਿੰਦਰਪਾਲ ਸਿੰਘ ਤੇ ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਹੋਰਾਂ ਕੀਤਾ। ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਵਾਇਸ ਚੇਅਰਮੈਨ ਸ੍ਰ: ਪ੍ਰਤਾਪ ਸਿੰਘ, ਟਰੱਸਟ ਸਕੱਤਰ ਸ੍ਰ: ਗੁਰਮੀਤ ਸਿੰਘ, ਪ੍ਰੋ: ਬਲਵਿੰਦਰਪਾਲ ਸਿੰਘ, ਸ੍ਰ: ਰਣਜੀਤ ਸਿੰਘ ਸ੍ਰ: ਸਤਨਾਮ ਸਿੰਘ ਗੁਜਰਾਤ, ਸ੍ਰ: ਰਾਜਵਿੰਦਰ ਸਿੰਘ ਦਿੱਲੀ, ਬੀਬੀ ਆਗਿਆ ਕੌਰ ਜੈਪੁਰ, ਸ੍ਰ: ਅਜਿੰਦਰਪਾਲ ਸਿੰਘ ਹਰਿਆਣਾ, ਸ੍ਰ: ਜਗਜੀਤ ਸਿੰਘ ਗੁਜਰਾਤ, ਸ੍ਰ: ਪ੍ਰਭਜੋਤ ਸਿੰਘ, ਸ੍ਰ: ਹਰਦੀਪ ਸਿੰਘ, ਸ੍ਰ: ਹਰਜੀਤ ਸਿੰਘ ਖਾਲਸਾ, ਸ੍ਰ: ਇਕਬਾਲ ਸਿੰਘ, ਡਾ: ਲਖਵਿੰਦਰ ਸਿੰਘ, ਪ੍ਰੋ: ਆਪਿੰਦਰ ਸਿੰਘ ਮਾਹਿਲਪੁਰੀ, ਸ੍ਰ: ਹਜ਼ੂਰ ਸਿੰਘ ਹੈਦਰਾਬਾਦ, ਸ੍ਰ: ਰਜਿੰਦਰ ਸਿੰਘ ਆਸਨਸੋਲ, ਸ੍ਰ: ਤੇਜਵਿੰਦਰ ਸਿੰਘ ਜੰਮੂ, ਸ੍ਰ: ਮਨੀਤ ਸਿੰਘ ਊਧਮਪੁਰ ਤੇ ਪੰਜਾਬ ਦੇ ਸਮੂੰਹ ਜ਼ੋਨਲ ਸਕੱਤਰਾਂ ਨੇ ਇਸ ਸੈਸ਼ਨ ਵਿੱਚ ਖੁੱਲ ਕੇ ਭਾਗ ਲਿਆ। ਡਿਪਟੀ ਚੀਫ਼ ਆਰਗੇਨਾਈਜ਼ਰ ਡਾ: ਚਰਨ ਕਮਲ ਸਿੰਘ ਹੋਰਾਂ ਸਾਰੀ ਚਰਚਾ ਦਾ ਸਮਅੱਪ ਕੀਤਾ।
ਰਾਤ ਨੂੰ ਕਵੀ ਦਰਬਾਰ ਦੇ ਮਾਹੌਲ ਨੂੰ ਪੰਥਕ ਕਵੀ ਡਾ: ਹਰੀ ਸਿੰਘ ਜਾਚਕ, ਸ੍ਰ: ਕਰਮਜੀਤ ਸਿੰਘ ਨੂਰ, ਸ੍ਰ: ਤੇਜਿੰਦਰ ਸਿੰਘ ਖਿਜਰਾਬਾਦੀ ਤੇ ਹੋਰ ਡੈਲੀਗੇਟਸ ਕਵੀਆਂ ਨੇ ਖੂਬ ਬੰਨਿਆ। ਸਮਾਗਮ ਦੇ ਕੋ-ਕਨਵੀਨਰ ਸ੍ਰ: ਸੁਰਜੀਤ ਸਿੰਘ ਹੋਰਾਂ ਸਾਰਿਆਂ ਦਾ ਧੰਨਵਾਦ ਕੀਤਾ।
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ 37ਵੇਂ ਸਾਲਾਨਾ ਕੇਂਦਰੀ ਸਮਾਗਮ ਦੇ ਦੂਸਰੇ ਦਿਨ "ਯੁਵਕ ਸ਼ਕਤੀ ਦੀ ਸੁਚੱਜੀ ਤੇ ਉਚਤਮ ਵਰਤੋਂ" (ਸੰਭਾਵਨਾਵਾਂ ਤੇ ਵੰਗਾਰ) ਵਿਸ਼ੇ ਤੇ ਪੈਨਲ ਚਰਚਾ ਕਰਵਾਈ ਗਈ। ਜਿਸ ਦਾ ਕੀ ਨੋਟ ਭਾਸ਼ਣ ਦਿੰਦਿਆਂ ਗੁਰੂ ਹਰਿਗੋਬਿੰਦ ਖਾਲਸਾ ਕਾਲਜ ਗੁਰੂਸਰ ਸੁਧਾਰ ਦੇ ਪ੍ਰੋ: ਬਲਵਿੰਦਰਪਾਲ ਸਿੰਘ ਹੋਰਾਂ ਕਿਹਾ ਕਿ ਯੁਵਕ ਸ਼ਕਤੀ ਦਰਿਆਵਾਂ ਦੇ ਰੁੱਖ ਮੋੜ ਸਕਤੀ ਹੈ, ਜਿਉਂਦੀ ਜਾਗਦੀ ਊਰਜਾ ਹੈ। ਇਸਦੀ ਸੁਚੱਜੀ ਵਰਤੋਂ ਕਰਨ ਲਈ ਰਾਜਨੀਤਕ, ਧਾਰਮਿਕ ਤੇ ਸਮਾਜਿਕ ਆਗੂਆਂ ਨੂੰ ਬੜੀ ਨੇਕ ਨੀਤੀ ਤੇ ਖੁੱਲਦਿਲੀ ਨਾਲ ਨੌਜਵਾਨਾਂ ਨੂੰ ਸ਼ਕਤੀ ਤੇ ਅਧਿਕਾਰ ਦੇਣੇ ਚਾਹੀਦੇ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ੍ਰ: ਸੁਖਦੇਵ ਸਿੰਘ ਭੌਰ ਹੋਰਾਂ ਬੋਲਦਿਆਂ ਕਿਹਾ ਕਿ ਯੁਵਕ ਕੌਮ ਦਾ ਸਰਮਾਇਆ ਹਨ। ਇਸ ਉਮਰ ਵਿੱਚ ਜੀਵਨ ਆਪਣੀਆਂ ਬੁਲੰਦੀਆਂ ਤੇ ਹੁੰਦਾ ਹੈ। ਜੇਕਰ ਜੋਸ਼ ਤੇ ਹੋਸ਼ ਵਿੱਚ ਸੰਤੁਲਨ ਬਣਾਇਆ ਜਾ ਸਕੇ ਤਾਂ ਕ੍ਰਾਂਤੀ ਆ ਜਾਂਦੀ ਹੈ। ਭੌਰ ਸਾਹਿਬ ਨੇ ਸਟੱਡੀ ਸਰਕਲ ਵੱਲੋਂ ਕੀਤੇ ਉਪਰਾਲਿਆਂ ਦੀ ਪ੍ਰਸੰਸ਼ਾ ਕਰਦਿਆਂ ਸਟੱਡੀ ਸਰਕਲ ਪ੍ਰਤੀਨਿੱਧਾਂ ਦੀ ਹਰ ਮੈਦਾਨੇ ਫਤਹਿਯਾਬੀ ਦੀ ਅਰਦਾਸ ਕੀਤੀ।
ਅਕਾਲ ਅਕੈਡਮੀਆਂ (ਬੜੂ ਸਾਹਿਬ) ਦੇ ਪੰਜਾਬ ਦੇ ਸਕੂਲਾਂ ਦੇ ਇੰਚਾਰਜ ਭਾਈ ਜੈਵਿੰਦਰ ਸਿੰਘ ਹੋਰਾਂ ਕਿਹਾ ਕਿ ਅਕਾਲ ਅਕੈਡਮੀ ਵੱਲੋਂ ਵਿਗਿਆਨ ਅਤੇ ਧਰਮ ਦਾ ਸੁਚੱਜਾ ਸੁਮੇਲ ਕਰਦੇ ਹੋਏ ਬੜਾ ਹੀ ਵਿਸਤਰਤ ਵਿਦਿਅਕ ਪਸਾਰਾ ਕੀਤਾ ਗਿਆ ਹੈ। ਜਿਸ ਨੂੰ ਬੜੀ ਸੁਚੱਜੀ ਅਗਵਾਈ ਤੇ ਸਹਿਯੋਗ ਦੁਨੀਆਂ ਭਰ ਵਿੱਚ ਮਿਲ ਰਿਹਾ ਹੈ। ਆਉਂਦੇ ਦਹਾਕਿਆਂ ਵਿੱਚ ਇਨ੍ਹਾਂ ਸੰਸਥਾਵਾਂ ਦੇ ਪੜ੍ਹੇ ਹੋਏ ਬੱਚੇ ਸਮਾਜ ਦੀ ਨਿੱਘਰ ਸੇਵਾ ਕਰਨ ਦੀ ਸਾਹਮਣੇ ਆਉਣ ਦੀ ਆਸ ਹੈ।
ਡਾ: ਬ੍ਰਿਜਪਾਲ ਸਿੰਘ, ਪਟਿਆਲਾ ਹੋਰਾਂ ਕਿਹਾ ਕਿ ਜਿਹੜਾ ਵਿਅਕਤੀ ਜਵਾਨੀ ਦੀ ਉਮਰ ਵਿੱਚ ਆਪਣੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਰੀਰਕ, ਮਾਨਸਿਕ ਤੇ ਆਤਮਿਕ ਧਨ ਜੋੜ ਲੈਂਦਾ ਹੈ, ਉਹੀ ਸਮਾਜ ਦਾ ਸਰਮਾਇਆ ਹੁੰਦਾ ਹੈ। ਦੁਨੀਆਂ ਭਰ ਵਿੱਚ ਸੁਝਵਾਨ ਤੇ ਬਹਾਦਰ ਨੌਜਵਾਨਾਂ ਨੇ ਹੀ ਵਿਕਾਸ ਦੀਆਂ ਮੰਜਲਾਂ ਪ੍ਰਾਪਤ ਕੀਤੀਆਂ ਹਨ। ਸਟੱਡੀ ਸਰਕਲ ਆਪਣੇ ਯਤਨਾਂ ਵਿੱਚ ਕਾਫੀ ਹੱਦ ਤੱਕ ਸਫ਼ਲ ਰਿਹਾ ਹੈ।
ਜਥੇਬੰਦੀ ਦੇ ਮੁਖੀ ਪ੍ਰਿੰ: ਰਾਮ ਸਿੰਘ ਹੋਰਾਂ ਕਿਹਾ ਕਿ ਨੌਜਵਾਨਾਂ ਦੀ ਦਸ਼ਾ ਤਰਸਯੋਗ ਹੈ, ਉਹ ਦਿਸ਼ਾਹੀਨ ਹਨ, ਨੌਕਰੀਆਂ ਮਿਲ ਨਹੀਂ ਰਹੀਆਂ, ਨਿਰਾਸ਼ ਨੌਜਵਾਨ ਆਪਣੀ ਸ਼ਕਤੀ ਨੂੰ ਗੈਰ ਸਮਾਜੀ ਕੰਮਾਂ ਵਿੱਚ ਲਾਉਣ ਲੱਗਾ ਹੈ। ਜਿਸ ਨੂੰ ਸੇਧ ਤੇ ਅਗਵਾਈ ਦੇਣੀ ਸਾਡੀ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ।
ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਪੈਨਲ ਚਰਚਾ ਦਾ ਸੰਚਾਲਨ ਕਰਦਿਆਂ ਨੌਜਵਾਨਾਂ ਨੂੰ ਆਪਣੀਆਂ ਸ਼ਕਤੀਆਂ ਉਸਾਰੂ ਪਾਸੇ ਲਾਉਣ ਲਈ ਕਿਹਾ।
ਇੱਕ ਹੋਰ ਸੈਸ਼ਨ ਦੌਰਾਨ ਕੈਡਰ ਦੀ ਜਥੇਬੰਦਕ ਸੋਚ ਦਾ ਪੱਧਰ ਹੋਰ ਉੱਚਾ ਚੁੱਕਣ ਲਈ ਜਥੇਬੰਦੀ ਦੇ ਆਗੂ ਵੀਰ ਸ੍ਰ: ਪ੍ਰਤਾਪ ਸਿੰਘ, ਸ੍ਰ: ਰਣਜੀਤ ਸਿੰਘ, ਸ੍ਰ: ਪਿਰਥੀ ਸਿੰਘ ਖਾਲਸਾ, ਡਾ: ਪੁਸ਼ਪਇੰਦਰ ਸਿੰਘ, ਸ੍ਰ: ਸੁਰਜੀਤ ਸਿੰਘ, ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ ''ਜਥੇਬੰਦਕ ਸੋਚਾਂ ਤੇ ਸੇਧਾਂ" ਵਿਸ਼ੇ ਤੇ ਵਿਚਾਰ ਸਾਂਝੇ ਕੀਤੇ। ਚੰਡੀਗੜ੍ਹ ਤੋਂ ਆਏ ਸ੍ਰ: ਗੁਰਸ਼ਰਨ ਸਿੰਘ ਤੇ ਕੇਂਦਰੀ ਦਫ਼ਤਰ ਇੰਚਾਰਜ ਡਾ: ਪੁਸ਼ਪਇੰਦਰ ਸਿੰਘ ਤੇ ਸ੍ਰ: ਮੇਹਰਪ੍ਰੀਤ ਸਿੰਘ ਫਗਵਾੜਾ ਹੋਰਾਂ "ਜਥੇਬੰਦਕ ਵਿਕਾਸ ਤੇ ਵਿਗਾਸ" ਦੀ ਗੱਲ ਕੀਤੀ। "ਪੁੰਨਰ ਜਾਗਰਤੀ ਲਹਿਰ" ਦੀ ਅਰੰਭਤਾ ਜਥੇਬੰਦੀ ਦੇ ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਤੇ ਡਾ: ਪੁਸ਼ਪਇੰਦਰ ਸਿੰਘ ਹੋਰਾਂ ਕੀਤੀ। ਇਸ ਸਮੇਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ 16 ਪ੍ਰਕਾਸ਼ਨਾਵਾਂ ਨੂੰ ਰਿਲੀਜ਼ ਕੀਤਾ ਗਿਆ।
ਰਾਤ ਨੂੰ ਨਿਰਧਾਰਤ ਰਾਗਾਂ ਵਿੱਚ ਕੀਰਤਨ ਦਰਬਾਰ ਕੀਤਾ ਗਿਆ। ਜਿਸ ਵਿੱਚ ਪ੍ਰੋ: ਪਰਮਜੋਤ ਸਿੰਘ ਮੁੱਲਾਂਪੁਰ, ਡਾ: ਚਰਨ ਕਮਲ ਸਿੰਘ ਲੁਧਿਆਣਾ, ਸ੍ਰ: ਜਸਪਾਲ ਸਿੰਘ ਪਿੰਕੀ, ਬੀਬੀ ਹਰਕੀਰਤ ਕੌਰ ਤੇ ਬੀਬੀ ਜਸਲੀਨ ਕੌਰ ਨੇ ਰਸਭਿੰਨਾ ਕੀਤਾ।
ਵਿਦਾਇਗੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਜਥੇਬੰਦੀ ਦੇ ਚੀਫ਼ ਆਰਗੇਨਾਈਜ਼ਰ ਹੋਰਾਂ ਸਮੁੱਚੇ ਕੈਡਰ ਨੂੰ ਆਉਣ ਵਾਲੇ 365 ਦਿਨਾਂ ਲਈ ਸੇਵਾ ਕਾਰਜਾਂ ਨੂੰ ਸਮਾਪਤ ਹੋ ਕੇ ਪੂਰੀ ਤਨਦੇਹੀ ਨਾਲ ਡਟਣ ਦਾ ਸੁਨੇਹਾ ਦਿੱਤਾ। ਇਸ ਦੇ ਪਹਿਲੇ ਸੈਸ਼ਨ ਵਿੱਚ ਸਮਾਗਮ ਦੇ ਪ੍ਰਬੰਧੀ ਕਨਵੀਨਰ ਦੇ ਸਕੱਤਰ ਕਾਰਜਯੋਜਨਾ ਸ੍ਰ: ਸਤਨਾਮ ਸਿੰਘ ਸਲ੍ਹੋਪੁਰੀ ਹੋਰਾਂ 2009-2010 ਵਰ੍ਹੇ ਦੀ ਕਾਰਜਯੋਜਨਾ ਨੂੰ ਪੇਸ਼ ਕੀਤਾ ਤੇ ਆਉਂਦੇ ਵਰ੍ਹੇ 100% ਕਾਰਜਯੋਜਨਾ ਲਾਗੂ ਕਰਕੇ ਆਉਣ ਲਈ ਕਿਹਾ।
ਚੀਫ਼ ਸਕੱਤਰ ਸ੍ਰ: ਇੰਦਰਪਾਲ ਸਿੰਘ ਹੋਰਾਂ ਜਥੇਬੰਦਕ ਕੈਡਰ ਨੂੰ ਗ੍ਰਹਿਸਤੀ ਜ਼ਿੰਮੇਵਾਰੀਆਂ ਨਿਭਾਉਂਦੇ ਹੋਏ ਗੁਰੂ ਕਾਰਜਾਂ ਲਈ ਸਮਾਂ ਕੱਢਣ ਦੀ ਪ੍ਰੇਰਨਾ ਕੀਤੀ। ਸ੍ਰ: ਪ੍ਰਤਾਪ ਸਿੰਘ, ਵਾਈਸ ਚੇਅਰਮੈਨ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟਰੱਸਟ ਹੋਰਾਂ ਆਗੂ ਦੇ ਗੁਣਾਂ ਦੀ ਗੱਲ ਕੀਤੀ। ਪ੍ਰੋ: ਮਨਿੰਦਰ ਸਿੰਘ ਮੁਕਤਸਰ ਨੇ ਇਸ ਦਾ ਵਿਸਥਾਰ ਕੀਤਾ।
ਮੁੱਖ ਮਹਿਮਾਨ ਤੇ ਗੁਰੂ ਰਾਮਦਾਸ ਐਜੂਕੇਸ਼ਨ ਟਰੱਸਟ ਦੇ ਚੇਅਰਮੈਨ ਸ੍ਰ: ਰਾਜਾ ਸਿੰਘ ਹੋਰਾਂ ਕਿਹਾ ਕਿ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਜੋ ਸੇਵਾ ਕਾਰਜ ਕਰ ਰਿਹਾ ਹੈ ਮੈਂ ਇਨ੍ਹਾਂ ਦੀ ਸ਼ਲਾਘਾ ਤੇ ਇਨ੍ਹਾਂ ਲਈ ਅਰਦਾਸ ਕਰਦਾ ਹਾਂ ਅਤੇ ਯਕੀਨ ਦਿਵਾਉਂਦਾ ਹਾਂ ਕਿ ਮੈਂ ਸਟੱਡੀ ਸਰਕਲ ਨੂੰ ਤਨ, ਮਨ, ਧਨ ਨਾਲ ਸਹਿਯੋਗ ਕਰਦਾ ਰਹਾਂਗਾ।
ਡਿਪਟੀ ਚੀਫ਼ ਆਰਗੇਨਾਈਜ਼ਰ ਡਾ: ਚਰਨ ਕਮਲ ਸਿੰਘ, ਸ੍ਰ: ਰਣਜੀਤ ਸਿੰਘ, ਸ੍ਰ: ਪਿਰਥੀ ਸਿੰਘ ਖਾਲਸਾ, ਡਿਪਟੀ ਚੀਫ਼ ਸਕੱਤਰ ਡਾ: ਹਰੀ ਸਿੰਘ ਜਾਚਕ, ਸੁਪਰੀਮ ਕੌਂਸਲ ਮੈਂਬਰ ਸ੍ਰ: ਹਰਚਰਨਜੀਤ ਸਿੰਘ, ਬਬੀਬੀ ਕੰਵਲਜੀਤ ਕੌਰ ਨੇ ਵਿਦਾਇਗੀ ਸੁਨੇਹੇ ਸਾਂਝੇ ਕੀਤੇ।
1984 ਦੇ ਸਿੱਖ ਕਤਲੇਆਮ ਵਿੱਚ ਸ਼ਹੀਦ ਹੋਏ ਸਿੱਖਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਕੀਤੀ ਗਈ। ਸ੍ਰ: ਹਰਿੰਦਰ ਸਿੰਘ ਪ੍ਰਧਾਨ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਦੇ ਸਦੀਵੀ ਵਿਛੋੜੇ ਤੇ ਵੈਰਾਗਮਈ ਮਤਾ ਪਾਸ ਕੀਤਾ ਗਿਆ। ਮਾਤ ਭਾਸ਼ਾ ਪੰਜਾਬੀ ਦੀ ਪ੍ਰਫੁੱਲਤਾ ਲਈ ਸ੍ਵੈ ਸੇਵੀ ਸੰਸਥਾਵਾਂ ਨੂੰ ਦ੍ਰਿੜਤਾ ਨਾਲ ਅੱਗੇ ਆਉਣ ਦੀ ਅਪੀਲ ਕੀਤੀ ਗਈ ਅਤੇ ਪੰਜਾਬ ਸਰਕਾਰ ਨੂੰ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰਾਂ ਵਿੱਚ ਪੰਜਾਬੀ ਲਾਗੂ ਕਰਵਾਉਣ ਲਈ ਗੰਭੀਰ ਉਪਰਾਲੇ ਕਰਨ ਲਈ ਅਪੀਲ ਕੀਤੀ ਗਈ।