ਸਰੀ: ਕੈਨੇਡੀਅਨ ਸਿੰਘ ਸਭਾ ਸਰੀ ਵੱਲੋਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਕੈਨੇਡਾ ਦੇ ਸਹਿਯੋਗ ਨਾਲ ਕੈਂਪ ਲਗਾਇਆ ਗਿਆ ਜੋ ੨੨ ਦਸੰਬਰ ੨੦੦੮ ਤੋਂ ੨੬ ਦਸੰਬਰ ੨੦੦੮ ਤੱਕ ਭਾਰੀ ਬਰਫਬਾਰੀ ਦੌਰਾਨ ਵੀ ਭਾਰੀ ਉਤਸ਼ਾਹ ਨਾਲ ਚਲਦਾ ਰਿਹਾ।
ਜਿਸ ਵਿੱਚ ਕੈਨੇਡੀਅਨ ਏਅਰਫੋਰਸ ਵਿੱਚ ਪਹਿਲੇ ਪਗੜੀਧਾਰੀ ਸਿੰਘ ਸ੍ਰ: ਜਸਬੀਰ ਸਿੰਘ ਤਤਲਾ ਨੇ ਬੱਚਿਆਂ ਨਾਲ ਏਅਰਫੋਰਸ ਦੇ ਆਪਦੇ ਤਜ਼ਰਬੇ ਸਾਂਝੇ ਕੀਤੇ ਤੇ ਨਾਲ ਸਿੱਖ ਪਛਾਣ ਬਾਰੇ ਵੀ ਕੁਝ ਨੁਕਤਿਆਂ ਤੋਂ ਜਾਣੂ ਕਰਵਾਇਆ। ਦੂਸਰੇ ਸੈਸ਼ਨ ਵਿੱਚ ਡਾ: ਪੂਰਨ ਸਿੰਘ ਹੋਰਾਂ ਗੁਰਬਾਣੀ ਦੇ ਸਿਧਾਂਤ ਤੇ ਮਨੁੱਖੀ ਜੀਵਨ "ਤੇ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੁਰਬਾਣੀ ਰਾਗਾਂ ਅਨੁਸਾਰ ਤੇ ਰਾਮ ਸਮੇਂ ਅਨੁਸਾਰ ਹੀ ਗਾਉਣੇ ਚਾਹੀਦੇ ਹਨ। ਡਾ: ਮਨਜੀਤ ਸਿੰਘ ਨੇ ਸਮਾਜਿਕ ਸਮੱਸਿਆਵਾਂ ਤੇ ਨਸ਼ਿਆਂ ਬਾਰੇ ਬੱਚਿਆਂ ਨੂੰ ਜਾਣੂ ਕਰਵਾਇਆ। ਬੀਬੀ ਗੁਰਜੀਤ ਕੌਰ ਜੀ ਨੇ ਬੱਚਿਆਂ ਨਾਲ ਇਤਿਹਾਸਕ ਸਾਖੀਆਂ ਸਾਂਝੀਆਂ ਕੀਤੀਆਂ ਜਿਨ੍ਹਾਂ ਵਿੱਚ ਉਨ੍ਹਾਂ ਗੁਰੂ ਸਾਹਿਬਾਨ ਦੇ ਜੀਵਨ ਤੇ ਸ਼ਹੀਦ ਸਿੰਘਾਂ ਸਿੰਘਣੀਆਂ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਇਨ੍ਹਾਂ ਤੋਂ ਬਾਅਦ ਸ੍ਰ: ਪਰਿਮੰਦਰ ਸਿੰਘ ਮਾਈਕਰੋਸੌਫਟ ਦੇ ਮੈਨੇਜਿੰਗ ਡਾਇਰੈਕਟਰ ਲੇ ਬੱਚਿਆਂ ਨੂੰ ਆਪਣੇ ਜੀਵਨ ਦਾ ਸਹੀ ਰਸਤਾ ਚੁਣਨ ਲਈ ਪ੍ਰੇਰਿਆ ਤੇ ਆਪਣੇ ਜੀਵਨ ਤੇ ਹੋਰ ਸਫ਼ਲ ਗੁਰਸਿੱਖਾਂ ਦੇ ਜੀਵਨ ਤਜ਼ਰਬਿਆਂ ਤੇ ਘਟਨਾਵਾਂ ਨੂੰ ਸਾਂਝਾ ਕੀਤਾ। ਡਾ: ਕਮਲਜੀਤ ਕੌਰ ਨੇ ਨਿੱਤਨੇਮ ਬਾਰੇ ਬਹੁਮੁੱਲੀ ਜਾਣਕਾਰੀ ਦਿੱਤੀ ਜਿਸ ਨਾਲ ਬੱਚਿਆਂ ਨੇ ਹਰ ਰੋਜ਼ ਨਿੱਤਨੇਮ ਕਰਨ ਦਾ ਪ੍ਰਣ ਕੀਤਾ।
ਆਖ਼ਰੀ ਦਿਨ ਬੀਬੀ ਰੀਨਾ ਕੌਰ ਜੀ ਨੇ ਬੱਚਿਆਂ ਨੂੰ ਆਪਣੇ ਮਾਪਿਆਂ ਤੇ ਦਾਦਾ ਜੀ ਦਾਦੀ ਜੀ ਦੇ ਸਤਿਕਾਰ ਪ੍ਰਤੀ ਵਿਚਾਰਾਂ ਦੀ ਸਾਂਝ ਕੀਤੀ ਜਿਸ ਨੂੰ ਬੱਚਿਆਂ ਨੇ ਬਹੁਤ ਉਤਸ਼ਾਹਿਤ ਹੋ ਕੇ ਸੁਣਿਆ ਤੇ ਪਸੰਦ ਕੀਤਾ ਤੇ ਆਪਣੇ ਵੱਡਿਆਂ ਦਾ ਸਤਿਕਾਰ ਕਰਨ ਦਾ ਵਿਸ਼ਵਾਸ ਦੁਆਇਆ। ਇਹ ਬੁਲਾਰਿਆਂ ਦੇ ਨਾਲ ਨਾਲ ਕੈਂਪ ਵਿੱਚ ਐਨੀਮੇਟਿਡ ਫਿਲਮਾਂ ਤੇ ਹੋਰ ਜਾਣਕਾਰੀ ਭਰਪੂਰ ਪ੍ਰੋਗਰਾਮ ਵੀ ਕੀਤੇ ਗਏ। ਅੰਤ ਵਿੱਚ ਬੱਚਿਆਂ ਨੇ ਕੈਂਪ ਦੌਰਾਨ ਵਿਚਾਰੇ ਗਏ ਵਿਸ਼ਿਆਂ "ਤੇ ਆਧਾਰਿਤ ਪ੍ਰਸ਼ਨਾਂ ਦੇ ਉਤਰ ਦਿੱਤੇ। ਜਿਨ੍ਹਾਂ ਵਿਚੋਂ ਅੱਵਲ ਆਉਣ ਵਾਲੇ ਬੱਚਿਆਂ ਨੂੰ ਇਨਾਮ ਵੰਡੇ ਗਏ। ਬੱਚਿਆਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ। ਸਮਾਪਤੀ ਸਮਾਗਮ ਵਿੱਚ ਬੱਚਿਆਂ ਨੇ ਆਪਣੇ ਵਿਚਾਰਾਂ ਦੀ ਸਾਂਝ ਕਰਦਿਆਂ ਕਿਹਾ ਕਿ ਅਸੀਂ ਇਸ ਕੈਂਪ ਵਿੱਚੋਂ ਬਹੁਤ ਕੁਝ ਸਿੱਖਿਆ ਹੈ ਤੇ ਕਈ ਗੱਲਾਂ ਜੋ ਸਾਨੂੰ ਇੱਥੋਂ ਪਤਾ ਲੱਗੀਆ ਹਨ, ਉਹ ਸਾਡੇ ਜੀਵਨ ਵਿੱਚ ਬਹਬਤ ਮਹੱਤਵਪੂਰਨ ਹਿੱਸਾ ਬਣਕੇ ਸਾਡਾ ਜੀਵਨ ਸਵਾਰ ਸਕਦੀਆਂ ਹਨ। ਸਮਾਪਤੀ ਸਮਾਗਮ ਵਿੱਚ ਸ੍ਰ: ਨਿਰਮਲ ਸਿੰਘ ਹੁਸ਼ਿਆਰਪੁਰ ਵਾਲਿਆਂ ਨੇ ਕੈਂਪ ਪ੍ਰਬੰਧਕਾਂ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਇਹ ਜੋ ਬੱਚੇ ਹਨ ਸਾਡਾ ਭਵਿੱਖ ਹਨ। ਇਸ ਲਈ ਸਾਨੂੰ ਇਨ੍ਹਾਂ ਤੇ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ ਤੇ ਜੋ ਬੰਦੇ ਅਜੇ ਵੀ ਇਸ ਕੈਂਪ ਵਿੱਚ ਨਹੀਂ ਪਹੁੰਚ ਸਕੇ, ਸਾਨੂੰ ਉਨ੍ਹਾਂ ਬਾਰੇ ਵੀ ਸੋਚਣਾ ਚਾਹੀਦਾ ਹੈ।
ਬੀਬੀ ਰੀਨਾ ਕੌਰ ਨੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਮੈਂ ਕਈ ਕੈਂਪ ਪਹਿਲਾਂ ਵੀ ਲਗਾਏ ਹਨ, ਪਰ ਇਸ ਕੈਂਪ ਵਿੱਚ ਬਹੁਤ ਕੁਝ ਬਾਕੀ ਕੈਂਪਾਂ ਨਾਲੋਂ ਵੱਖਰਾ ਸੀ। ਗੁਰਦੁਆਰਾ ਸਿੰਘ ਸਭਾ ਦੇ ਮੁੱਖ ਸੇਵਾਦਾਰ ਭਾਈ ਜੋਗਿੰਦਰ ਸਿੰਘ ਨੇ ਕਿਹਾ ਕਿ ਸਾਡੀ ਪਨੀਰੀ ਦੀ ਸਾਂਭ ਸੰਭਾਲ ਲਈ ਜਿਹੜਾ ਇਹ ਉਪਰਾਲਾ ਕੀਤਾ ਗਿਆ, ਉਸ ਲਈ ਪ੍ਰਬੰਧਕ ਵਧਾਈ ਦੇ ਪਾਤਰ ਹਨ। ਜਿਨ੍ਹਾਂ ਨੇ ਬਰਫਬਾਰੀ ਦੇ ਮੌਸਮ ਵਿੱਚ ਵੀ ਕੈਂਪ ਨੂੱ ਚਲਾ ਕੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕੀਤਾ ਤੇ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਬੱਚਿਆਂ ਲਈ ਪ੍ਰੋਗਰਾਮ ਉਲੀਕਦੇ ਰਹਿਣਗੇ। ਅੰਤ ਵਿੱਚ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਬੀ.ਸੀ. ਦੇ ਮੀਤ ਪ੍ਰਧਾਨ ਸ੍ਰ: ਅੰਤਰ ਸਿੰਘ ਨੇ ਕੈਂਪਰਾਂ ਦੇ ਮਾਪਿਆਂ ਦਾ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਤੇ ਆਸ ਪ੍ਰਗਟਾਈ ਕਿ ਅੱਗੇ ਤੋਂ ਵੀ ਬੱਚੇ, ਮਾਪੇ ਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਸਹਿਯੋਗ ਦਿੰਦੇ ਰਹਿਣਗੇ। ਇਸ ਸਮੇਂ ਪ੍ਰਭਕਰਨ ਸਿੰਘ ਨੂੰ "ਬੈਸਟ ਕੈਂਪਰ" ਦਾ ਇਨਾਮ ਦਿੱਤਾ ਗਿਆ। ਇਨਾਮ ਦੀ ਸੇਵਾ ਭਾਈ ਨਿਰਮਲ ਸਿੰਘ ਤੇ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜੋਗਿੰਦਰ ਸਿੰਘ ਨੇ ਨਿਭਾਈ। ਇਸ ਕੈਂਪ ਦੇ ਕੋਆਰਡੀਨੇਟਰ ਸ੍ਰ: ਲਖਜੀਤ ਸਿੰਘ ਨੇ ਸਟੇਜ ਦੀ ਸੇਵਾ ਬਾਖੂਬੀ ਨਿਭਾਈ ਤੇ ਬਾਕੀ ਸਾਰੇ ਸੇਵਾਦਾਰ, ਵੀਰ-ਭੈਣਾਂ ਦੇ ਸਹਿਯੋਗ ਲਈ ਧੰਨਵਾਦ ਕੀਤਾ, ਜਿਨ੍ਹਾਂ ਵਿੱਚ ਅੰਤਰ ਸਿੰਘ, ਸੁਖਦੇਵ ਸਿੰਘ, ਜਤਿੰਦਰ ਕੌਰ, ਮਨਜੋਤ ਕੌਰ, ਰਜਿੰਦਰ ਕੌਰ ਤੇ ਗੁਰਲਾਲ ਸਿੰਘ ਨੇ ਸੇਵਾ ਨਿਭਾਈ।