ਮੀਡੀਆ ਅਧਿਐਨ ਵਿਭਾਗ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ੧੭ ਜੂਨ ਨੂੰ ਗੁ: ਸ੍ਰੀ ਗੁਰੂ ਸਿੰਘ ਸਭਾ, ਰੇਲਵੇ ਰੋਡ, ਹੁਸ਼ਿਆਰਪੁਰ ਵਿਖੇ ਸ਼ਹਿਰ ਦੀਆਂ ਸਥਾਨਕ ਸਮੂੰਹ ਜਥੇਬੰਦੀਆਂ ਦੀ ਇਕੱਤਰਤਾ ਕੀਤੀ ਗਈ, ਜਿਸ ਵਿੱਚ ਸੰਜੇ ਦੱਤ ਦੀ ਨਵੀਂ ਫ਼ਿਲਮ "ਸ਼ੂਟਆਊਟ ਆਫ਼ ਲੋਹਖੰਡਵਾਲਾ" ਵਿੱਚ ਸਿੱਖ ਸੰਬੰਧੀ ਵਿਖਾਏ ਗਏ ਇਤਰਾਜ਼ਯੋਗ ਸੀਨਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਮੀਡੀਆ ਅਧਿਐਨ ਵਿਭਾਗ ਦੇ ਮੁੱਖ ਕੋਆਰਡੀਨੇਟਰ ਪ੍ਰਿੰ: ਬਲਵਿੰਦਰ ਸਿੰਘ ਹੋਰਾਂ ਦੱਸਿਆ ਕਿ ਇਸ ਫਿ਼ਲਮ ਵਿੱਚ ਸਿੱਖਾਂ ਨੂੰ ਉਗਰਵਾਦੀ ਅਤੇ ਸਿੱਖਾਂ ਉੱਤੇ ਹੀ ਅੱਤਿਆਚਾਰ ਕਰਦਿਆਂ ਵਿਖਾਇਆ ਗਿਆ ਹੈ। ਹਾਜ਼ਰ ਮੈਂਬਰਾਂ ਨੇ ਇਹ ਮਹਿਸੂਸ ਕੀਤਾ ਕਿ ਇਹ ਫ਼ਿਲਮ ਸਿੱਖਾਂ ਨੂੰ ਵਿਸ਼ਵ ਪੱਧਰ "ਤੇ ਜ਼ਲੀਲ ਕਰਨ ਦਾ ਇਕ ਕੋਝਾ ਯਤਨ ਹੈ ਜੋ ਕਿ ਜੂਨ ਦੇ ਮਹੀਨੇ ਵਿੱਚ ਜਾਣ ਬੁੱਝ ਕੇ ਸਾਕਾ ਨੀਲਾ ਤਾਰਾ ਦੇ ਜ਼ਖ਼ਮਾਂ "ਤੇ ਲੂਣ ਛਿੜਕਣ ਦੇ ਬਰਾਬਰ ਹੈ। ਇਸ ਨਾਲ ਸਿੱਖ ਕੌਮ ਦੀ ਨੌਜਵਾਨ ਪੀੜ੍ਹੀ "ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ ਅਤੇ ਨੌਜਵਾਨਾਂ ਵਿੱਚ ਰੋਸ ਦੀ ਲਹਿਰ ਵੀ ਜਨਮ ਲੈਂਦੀ ਹੈ। ਇਹ ਵੀ ਵਿਚਾਰ ਕੀਤੀ ਗਈ ਕਿ ਸੰਜੇ ਦੱਤ ਜਿਸ ਉਪਰ ੧੯੯੩ ਵਿੱਚ ਹੋਏ ਬੰਬ ਧਮਾਕਿਆਂ ਦਾ ਕੇਸ ਚੱਲ ਰਿਹਾ ਹੈ, ਉਹ ਦੇਸ਼ ਦੀ ਇਕ ਬਹਾਦਰ ਅਤੇ ਵਫਾਦਾਰ ਕੌਮ ਜਿਸ ਨੇ ਹਮੇਸ਼ਾਂ ਹੀ ਦੇਸ਼ ਦੀ ਰਾਖ ਲਈ ਕੁਰਬਾਨੀਆਂ ਦਿੱਤੀਆਂ ਹਨ, ਨੂੰ ਉਗਰਵਾਦੀ ਅਤੇ ਜਰਾਇਮ ਪੇਸ਼ਾ ਦੱਸ ਰਿਹਾ ਹੈ। ਹੁਸ਼ਿਆਰਪੁਰ ਦੀਆਂ ਸਮੂੰਹ ਸਿੱਖ ਜਥੇਬੰਦੀਆਂ ਨੇ ਭਾਰਤ ਸਰਕਾਰ ਅਤੇ ਸੈਂਸਰ ਬੋਰਡ ਨੂੰ ਇਹ ਅਪੀਲ ਕੀਤੀ ਹੈ ਕਿ ਇਸ ਫ਼ਿਲਮ ਤੇ ਪੂਰਨ ਪਾਬੰਦੀ ਲਗਾਈ ਜਾਵੇ ਅਤੇ ਸੈਂਸਰ ਬੋਰਡ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਨਾਮਜ਼ਦ ਕੀਤੇ ਦੋ ਸਿੱਖ ਵਿਦਵਾਨ, ਮੈਂਬਰ ਵਜੋਂ ਲਏ ਜਾਣ ਤਾਂ ਜੋ ਅਗਾਂਹ ਐਸੀਆਂ ਫਿ਼ਲਮਾਂ ਨੂੰ ਰਿਲੀਜ਼ ਹੋਣ ਤੋਂ ਪਹਿਲਾਂ ਹੀ ਇਤਰਾਜ਼ਯੋਗ ਸੀਨਾਂ ਨੂੰ ਕੱਟਿਆ ਜਾ ਸਕੇ।