7april

Jathebandak Karajshala

ਨਾਰਥ ਰਿਜਨ 1 ਅਤੇ 2 ਦੇ ਪ੍ਰਤੀਨਿੱਧਾਂ ਦੀ 44ਵੀਂ ਛਿਮਾਹੀ ਜਥੇਬੰਦਕ ਵਿਚਾਰ ਵਿਕਾਸ ਕਾਰਜਸ਼ਾਲਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੇ ਰਿਜਨ ਨਾਰਥ-1 ਅਤੇ ਨਾਰਥ-2 (ਪੰਜਾਬ, ਹਰਿਆਣਾ, ਦਿੱਲੀ, ਯੂ.ਪੀ., ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼) ਦੇ ਕਾਰਜਕਰਤਾਵਾਂ ਦੀ ਛਿਮਾਹੀ ਜਥੇਬੰਦਕ ਵਿਚਾਰ-ਵਿਕਾਸ ਕਾਰਜਸ਼ਾਲਾ 8-10 ਅਪ੍ਰੈਲ 2016 ਨੂੰ ਜਥੇਬੰਦੀ ਦੇ ਕੇਂਦਰੀ ਦਫ਼ਤਰ ਮਾਡਲ ਟਾਊਨ ਐਕਸਟੈਨਸ਼ਨ ਲੁਧਿਆਣਾ ਵਿਖੇ ਲਗਾਈ ਗਈ। ਇਸ ਕਾਰਜਸ਼ਾਲਾ ਵਿਚ ਉਪਰੋਕਤ ਦੋਨਾਂ ਰਿਜਨਾਂ ‘ਚੋਂ ਚੋਣਵੇਂ 200 ਕਾਰਜਕਰਤਾਵਾਂ ਨੇ ਭਾਗ ਲਿਆ। ਪਹਿਲੇ ਦਿਨ ਸ਼ਾਮ ਦੇ ਨਿਤਨੇਮ ਸੈਸ਼ਨ ਦੌਰਾਨ ਕੀਰਤਨ ਉਸਤਾਦ ਪ੍ਰੋ: ਪਰਮਜੋਤ ਸਿੰਘ ਦੀ ਯਾਦ ਵਿਚ ਗੁਰਮਤਿ ਸੰਗੀਤ ਸਮਾਗਮ ਦਾ ਆਯੋਜਨ ਕੀਤਾ ਗਿਆ। 
ਦੂਸਰੇ ਦਿਨ ਆਰੰਭਕ ਸੈਸ਼ਨ ਦੌਰਾਨ ਸ੍ਰ: ਗੁਰਚਰਨ ਸਿੰਘ, ਡਿਪਟੀ ਚੀਫ਼ ਆਰਗੇਨਾਈਜ਼ਰ, ਕਨਵੀਨਰ ਕਾਰਜਸ਼ਾਲਾ ਅਤੇ ਸ੍ਰ: ਤਜਿੰਦਰ ਸਿੰਘ ਖ਼ਿਜ਼ਰਾਬਾਦੀ, ਸਟੇਟ ਸਕੱਤਰ ਪੰਜਾਬ ਨੇ ਆਏ ਪ੍ਰਤੀਨਿਧਾਂ ਨੂੰ ਜੀ ਆਇਆਂ ਕਹਿੰਦਿਆਂ, ਗੁਰੂ ਕਾਰਜਾਂ ਵਿਚ ਜੁੱਟੇ ਵੀਰਾਂ/ਭੈਣਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਾਰਜਸ਼ਾਲਾ ਦਾ ਮਨੋਰਥ, ਪ੍ਰੋਗਰਾਮ ਤੇ ਹੋਰ ਜ਼ਰੂਰੀ ਨੁਕਤੇ ਸਾਂਝੇ ਕਰਦਿਆਂ ਸਮੂਹ ਕਾਰਜਕਰਤਾਵਾਂ ਦੇ ਪਹੁੰਚਣ ਤੇ ਖੁਸ਼ੀ ਦਾ ਇਜ਼ਹਾਰ ਕੀਤਾ। ਆਰੰਭਕ ਸ਼ਬਦ ਸਾਂਝੇ ਕਰਦਿਆਂ ਸ੍ਰ: ਬਰਜਿੰਦਰਪਾਲ ਸਿੰਘ ਚੀਫ਼ ਆਰਗੇਨਾਈਜ਼ਰ ਹੁਰਾਂ ਕਿਹਾ ਕਿ ਚੰਗੇ ਕੈਡਰ ਤੋਂ ਬਿਨਾਂ ਵੱਡੇ-ਵੱਡੇ ਸੰਗਠਨ ਆਪਣੇ ਉਦੇਸ਼ਾਂ ਦੀ ਪੂਰਤੀ ਵਿਚ ਸਫ਼ਲ ਨਹੀਂ ਹੋ ਸਕੇ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਰਜਸ਼ਾਲਾਵਾਂ ਜਥੇਬੰਦਕ ਕਾਰਜਾਂ ਨੂੰ ਹੋਰ ਵਧੇਰੇ ਉਤਸ਼ਾਹ ਅਤੇ ਗੰਭੀਰਤਾ ਨਾਲ ਕਰਨ ਲਈ ਪ੍ਰੇਰਦੀਆਂ ਹਨ। ਇਸ ਸਮੇਂ ਚੀਫ਼ ਸਕੱਤਰ ਸ੍ਰ: ਪਿਰਥੀ ਸਿੰਘ ਹੁਰਾਂ ਜਥੇਬੰਦਕ ਕਾਰਜਾਂ ਦਾ ਵਿਸ਼ਲੇਸ਼ਣ ਕਰਦਿਆਂ ਪ੍ਰਤੀਨਿਧਾਂ ਨੂੰ ਪਿਛਲੇ ਸਮੇਂ ਦੌਰਾਨ ਜਥੇਬੰਦਕ ਕਾਰਜਾਂ ਨੂੰ ਜ਼ਿੰਮੇਵਾਰੀ, ਨਿਪੁੰਨਤਾ ਅਤੇ ਸਫ਼ਲਤਾ ਪੂਰਵਕ ਨਿਭਾਉਣ ਲਈ ਵਧਾਈ ਦਿੱਤੀ। ਉਨ੍ਹਾਂ ਵੱਖ-ਵੱਖ ਜ਼ੋਨਾਂ ਦੀ ਪਿਛਲੀ ਛਿਮਾਹੀ ਦੌਰਾਨ ਕਾਰਗੁਜ਼ਾਰੀ ਦਾ ਵੇਰਵਾ ਵੀ ਪੇਸ਼ ਕੀਤਾ। ਚੇਅਰਮੈਨ ਸ੍ਰ: ਪ੍ਰਤਾਪ ਸਿੰਘ ਹੁਰਾਂ ਪ੍ਰਤੀਨਿੱਧਾਂ ਨੂੰ ਨਿਰਸਵਾਰਥ ਅਤੇ ਗੁਰਬਾਣੀ ਅਧਾਰਤ ਜੀਵਨ ਜਿਉਣ ਲਈ ਪ੍ਰੇਰਿਆ। 

ਦੂਸਰੇ ਸੈਸ਼ਨ ਦੌਰਾਨ ਭਵਿੱਖਤ ਲੀਡਰਸ਼ਿਪ, ਲੋੜ ਤੇ ਤਿਆਰੀ ਵਿਸ਼ੇ ਬਾਰੇ ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ ਹੁਰਾਂ ਵਿਚਾਰ ਪੇਸ਼ ਕੀਤੇ। ਉਨ੍ਹਾਂ ਸਲਾਈਡਾਂ ਰਾਹੀਂ ਇੱਕ ਚੰਗੇ ਆਗੂ ਦੇ ਗੁਣ ਅਤੇ ਉਸ ਦੀਆਂ ਜਥੇਬੰਦਕ ਜ਼ਿੰਮੇਵਾਰੀਆਂ ਦਾ ਵਿਸਥਾਰ ਵਿਚ ਵਰਨਣ ਕੀਤਾ। ਇਸ ਸਮੇਂ ਚੀਫ਼ ਆਰਗੇਨਾਈਜ਼ਰ ਸ੍ਰ: ਬਰਜਿੰਦਰਪਾਲ ਸਿੰਘ ਨੇ ਆਤਮ ਵਿਸ਼ਵਾਸ, ਆਤਮ ਵਿਕਾਸ ਅਤੇ ਆਤਮ ਵਿਗਾਸ ਵਿਸ਼ੇ ਬਾਰੇ ਚਰਚਾ ਕਰਦਿਆਂ ਹਾਜ਼ਰ ਪ੍ਰਤੀਨਿੱਧਾਂ ਨੂੰ ਸਵੈ-ਵਿਸ਼ਵਾਸ ਅਤੇ ਦ੍ਰਿੜ੍ਹਤਾ ਵਾਲਾ ਜੀਵਨ ਜਿਊਣ ਲਈ ਪ੍ਰੇਰਿਆ। 
ਤੀਸਰੇ ਸੈਸ਼ਨ ਦੌਰਾਨ ਪੰਥਕ ਹਲਾਤਾਂ ਸਬੰਧੀ ਵਿਸ਼ੇਸ਼ ਪੈਨਲ ਚਰਚਾ ਕਰਵਾਈ ਗਈ। ਹਾਜ਼ਰ ਪੈਨਲਿਸਟ ਜਿਨ੍ਹਾਂ ਵਿਚ ਭਾਈ ਬਲਜੀਤ ਸਿੰਘ ਅੰਮ੍ਰਿਤਸਰ, ਇੰਜੀ: ਗੁਰਪ੍ਰੀਤ ਸਿੰਘ ਮੁਕਤਸਰ, ਸ੍ਰ: ਅਜਿੰਦਰਪਾਲ ਸਿੰਘ ਯਮੁਨਾਨਗਰ, ਸ੍ਰ: ਨਰਿੰਦਰਪਾਲ ਸਿੰਘ ਫਿਰੋਜ਼ਪੁਰ ਅਤੇ ਸ੍ਰ: ਤੇਜਿੰਦਰ ਸਿੰਘ ਖ਼ਿਜ਼ਰਾਬਾਦੀ ਰੋਪੜ ਨੇ ਮੌਜੂਦਾ ਪੰਥਕ ਹਾਲਾਤਾਂ ਦੇ ਰੂਬਰੂ ਚਰਚਾ ਕੀਤੀ। ਪੈਨਲ ਚਰਚਾ ਨੂੰ ਸਮਅੱਪ ਕਰਦਿਆਂ ਸ੍ਰ: ਪਿਰਥੀ ਸਿੰਘ ਚੀਫ਼ ਸਕੱਤਰ, ਸ੍ਰ: ਗੁਰਮੀਤ ਸਿੰਘ ਚੀਫ਼ ਐਡਮਨਿਸਟ੍ਰੇਟਰ, ਸ੍ਰ: ਬਰਜਿੰਦਰਪਾਲ ਸਿੰਘ ਚੀਫ਼ ਆਰਗੇਨਾਈਜ਼ਰ ਅਤੇ ਸ੍ਰ: ਜਤਿੰਦਰਪਾਲ ਸਿੰਘ ਸਕੱਤਰ ਜਨਰਲ ਹੁਰਾਂ ਕਿਹਾ ਕਿ ਕੁਝ ਪੰਥ ਵਿਰੋਧੀ ਸ਼ਕਤੀਆਂ ਵਲੋਂ ਸਿੱਖ ਕੌਮ ਦੀਆਂ ਮਹਾਨ ਸੰਸਥਾਵਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢਾਅ ਲਾਉਣ ਲਈ ਪੰਥ ਵਿਰੋਧੀ ਮਨਸੂਬੇ ਘੜੇ ਜਾ ਰਹੇ ਹਨ ਜਿਨ੍ਹਾਂ ਤੋਂ ਸੁਚੇਤ ਹੁੰਦਿਆਂ ਸਟੱਡੀ ਸਰਕਲ ਦੇ ਕਾਰਜਕਰਤਾਵਾਂ ਨੇ ਮਿੱਥੇ ਜਥੇਬੰਦਕ ਨਿਸ਼ਾਨਿਆਂ ਦੀ ਪੂਰਤੀ ਕਰਨੀ ਹੈ। ਇਸ ਮੌਕੇ ਪ੍ਰਤੀਨਿੱਧਾਂ ਨੇ ਸੇਵਾ ਕਾਰਜਾਂ ‘ਚੋਂ ਮਿਲਦੀਆਂ ਪ੍ਰੇਰਨਾਵਾਂ ਸਾਂਝੀਆਂ ਕੀਤੀਆਂ। ਇਸ ਸੈਸ਼ਨ ਦਾ ਸੰਚਾਲਨ ਸ੍ਰ: ਨਰਿੰਦਰਪਾਲ ਸਿੰਘ ਡਿਪਟੀ ਚੀਫ਼ ਆਰਗੇਨਾਈਜ਼ਰ ਨੇ ਕੀਤਾ।

ਕਾਰਜਸ਼ਾਲਾ ਦੇ ਤੀਸਰੇ ਦਿਨ ਚੌਥੇ ਸੈਸ਼ਨ ਦੌਰਾਨ ਡਾ: ਸਰਬਜੀਤ ਸਿੰਘ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਸੇਵਾ ਦੀਆਂ ਬਰਕਤਾਂ ਅਤੇ ਜਥੇਬੰਦਕ ਦ੍ਰਿਸ਼ਟੀਕੋਣ ਵਿਸ਼ੇ ਬਾਰੇ ਗੱਲਬਾਤ ਕਰਦਿਆਂ ਪ੍ਰਤੀਨਿੱਧਾਂ ਨਾਲ ਸੇਵਾ ਦੇ ਸੰਕਲਪ ਅਤੇ ਮੌਜੂਦਾ ਦੌਰ ਵਿਚ ਸੇਵਾ ਦੇ ਵੱਖ-ਵੱਖ ਪੱਖਾਂ ਬਾਰੇ ਵਿਚਾਰ ਪੇਸ਼ ਕੀਤੇ। ਸੇਵਾਵਾਂ ਦੀ ਵੰਡ ਸਬੰਧੀ ਸ੍ਰ: ਪ੍ਰਤਾਪ ਸਿੰਘ ਚੇਅਰਮੈਨ ਹੁਰਾਂ ਐਲਾਨ ਕੀਤਾ ਕਿ ਸਾਲ 2016-18 ਲਈ ਜਥੇਬੰਦੀ ਦੀਆਂ ਪੰਜਾਂ ਕੌਂਸਲਾਂ ਦੇ ਆਗੂ ਅਹੁਦੇਦਾਰ ਪਹਿਲਾਂ ਵਾਂਗ ਹੀ ਸੇਵਾਵਾਂ ਨਿਭਾਉਂਦੇ ਰਹਿਣਗੇ। ਇਸ ਸੈਸ਼ਨ ਦੌਰਾਨ ਸਾਲ ਜਥੇਬੰਦਕ ਕਾਰਜਕਰਤਾ ਲਈ ਸੇਧਾਂ ਵਿਸ਼ੇ ਬਾਰੇ ਗੁਰੂ ਗਿਆਨ ਚੈਨਲ ਦੇ ਸੰਸਥਾਪਕ ਭਾਈ ਰਾਮ ਸਿੰਘ ਹੁਰਾਂ ਸੰਬੋਧਨ ਕੀਤਾ। ਉਨ੍ਹਾਂ ਲੰਮੇ ਸਮੇਂ ਦੀ ਯੋਜਨਾਬੰਦੀ ਕਰਨ, ਗਿਆਨ ਹਾਸਲ ਕਰਨ ਤੇ ਸਾਂਝ ਪੈਦਾ ਕਰਕੇ, ਵੰਡਣ ਦੀ ਪ੍ਰੇਰਨਾ ਕੀਤੀ। ਸਵੇਰ ਦੇ ਨਿੱਤਨੇਮ ਸੈਸ਼ਨ ਦੌਰਾਨ ਭਾਈ ਬਲਜੀਤ ਸਿੰਘ, ਸ੍ਰੀ ਅੰਮ੍ਰਿਤਸਰ ਨੇ ਗੁਰਬਾਣੀ ਦੀ ਵਿਆਖਿਆ ਕਰਦਿਆਂ ਕਿਹਾ ਕਿ ਗੁਰਬਾਣੀ ਸਾਨੂੰ ਆਪਾ ਪੜਚੋਲ, ਸੰਜਮ ਵਿਚ ਰਹਿਣ ਅਤੇ ਦੂਜਿਆਂ ਦਾ ਭਲਾ ਮਨ ਵਿਚ ਰੱਖ ਕੇ ਜਿਊਣ ਦੀ ਪ੍ਰੇਰਨਾ ਦਿੰਦੀ ਹੈ।

Leave a Reply

Your email address will not be published. Required fields are marked *

Categories