Economic Growth Summit

ਆਰਥਿਕ ਵਿਕਾਸ ਸੰਮੇਲਨ ਵਿਚ ਨੌਜਵਾਨਾਂ ਨੂੰ

ਨਵੇਂ ਕੰਮ ਧੰਦੇ ਅਤੇ ਉਦਯੋਗ ਆਰੰਭ ਕਰਨ ਦਾ ਸੱਦਾ

ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਸਥਾਪਤ ਗੁਰੂ ਰਾਮ ਦਾਸ ਆਰਥਿਕ ਵਿਕਾਸ ਕੇਂਦਰ ਵਲੋਂ 24 ਜਨਵਰੀ ਨੂੰ ਆਯੋਜਤ ਕੀਤੇ ਆਰਥਿਕ ਵਿਕਾਸ ਸੰਮੇਲਨ ਵਿਚ ਨੌਜਵਾਨਾਂ ਨੂੰ ਨਵੇਂ ਕੰਮ ਧੰਦੇ ਅਤੇ ਉਦਯੋਗ ਆਰੰਭ ਕਰਨ ਦਾ ਸੱਦਾ ਦਿੰਦਿਆਂ ਕਿਹਾ ਗਿਆ ਕਿ ਪੰਜਾਬ ਵਿਚ ਆਰਥਿਕ ਵਿਕਾਸ ਦੀ ਨਵੀਂ ਲਹਿਰ ਸ਼ੁਰੂ ਕਰਕੇ ਨੌਜਵਾਨ ਸ਼ਕਤੀ ਨੂੰ ਉਸਾਰੂ ਪਾਸੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ। ਕੇਂਦਰੀ ਦਫ਼ਤਰ, ਮਾਡਲ ਟਾਊਨ ਐਕਸਟੈਨਸ਼ਨ, ਲੁਧਿਆਣਾ ਵਿਖੇ ”ਪੰਜਾਬ ਦੀ ਆਰਥਿਕ ਉੱਨਤੀ, ਸਮੱਰਥਾਵਾਂ ਤੇ ਚੁਣੌਤੀਆਂ” ਵਿਸ਼ੇ ਸਬੰਧੀ ਹੋਏ ਸੰਮੇਲਨ ਦੌਰਾਨ ਪੰਜਾਬ ਦੇ ਵੱਖ-ਵੱਖ ਖੇਤਰਾਂ ਤੋਂ 300 ਤੋਂ ਵੱਧ ਸਨਤਕਾਰਾਂ, ਅਰਥ-ਸ਼ਾਸਤਰੀਆਂ ਅਤੇ ਵਿਦਿਆਰਥੀਆਂ ਨੇ ਹਿੱਸਾ ਲਿਆ।

ਇਸ ਪੈਨਲ ਦੀ ਚਰਚਾ ਨੂੰ ਸ਼ੁਰੂ ਕਰਦਿਆਂ ਡਾ: ਕਰਨਲ ਦਲਵਿੰਦਰ ਸਿੰਘ ਚੀਫ਼ ਐਡਵਾਈਜ਼ਰ, ਗੁਰੂ ਰਾਮ ਦਾਸ ਆਰਥਿਕ ਵਿਕਾਸ ਕੇਂਦਰ ਨੇ ਦੱਸਿਆ ਕਿ ਸੰਸਥਾ ਨੇ ਇੰਜੀਨੀਅਰਿੰਗ ਕਾਲਜ, STEP (ਸਾਇੰਸ ਐਂਡ ਤਕਨਾਲੋਜੀ ਐਟਰੀਪਨਿਓਰਸ਼ਿਪ ਪਾਰਕ) ਅਤੇ ਉੱਘੇ ਸਨਅਤਕਾਰਾਂ ਨਾਲ ਟਾਈਅੱਪ ਕਰ ਲਿਆ ਹੈ ਜਿਸ ਦੇ ਅਧੀਨ ਉੱਦਮੀ ਬੱਚਿਆਂ ਨੂੰ ਟ੍ਰੇਨਿੰਗ ਅਤੇ ਤਕਨੀਕੀ ਸਹਾਇਤਾ ਦਿੱਤੀ ਜਾਵੇਗੀ ਅਤੇ ਹਰ ਬੱਚੇ ਦੇ ਨਵੇਂ ਆਡੀਆਜ਼ ਨੂੰ ਅਮਲੀ ਰੂਪ ਦਿੱਤਾ ਜਾਏਗਾ। ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਆਰਥਿਕ ਸੰਕਟ, ਨਸ਼ਿਆਂ ਦੀ ਬੀਮਾਰੀ ਤੋਂ ਖ਼ਤਮ ਕਰਨ ਲਈ ਇਕੋ-ਇਕ ਤੇ ਵਧੀਆ ਢੰਗ ਇਹੀ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਅਤੇ ਆਪਣੇ ਕੰਮ ਧੰਦੇ ਆਰੰਭ ਕਰਨ ਦੇ ਪਾਸੇ ਲਗਾਇਆ ਜਾਵੇ।

ਇਸ ਸਮੇਂ ਪੈਨਲ ਚਰਚਾ ਵਿਚ ਭਾਗ ਲੈਂਦਿਆਂ ਸ੍ਰ: ਪ੍ਰਿਤਪਾਲ ਸਿੰਘ (ਸਾਈਨਰਜੀ ਗਰੁੱਪ), ਡਾ: ਕਰਨਲ ਦਲਵਿੰਦਰ ਸਿੰਘ, ਪ੍ਰਮੁੱਖ ‘ਸਟੈਪ’, ਚਾਰੂ ਵਰਮਾ ਛਣਨ, ਸ੍ਰ: ਸੁਖਮਿੰਦਰ ਸਿੰਘ ਉਦਯੋਗ ਵਿਭਾਗ, ਡਾ: ਬਲਵਿੰਦਰਪਾਲ ਸਿੰਘ ਮੁਖੀ, ਅਰਥ ਸ਼ਾਸਤਰ ਵਿਭਾਗ, ਜੀ.ਐਚ.ਜੀ. ਖਾਲਸਾ ਕਾਲਜ, ਗੁਰੂਸਰ ਸਧਾਰ, ਸ੍ਰ: ਹਰਿੰਦਰ ਸਿੰਘ ਸੀ.ਏ., ਸ੍ਰ: ਇੰਦਰਜੀਤ ਸਿੰਘ, ਐਮ.ਡੀ., ਸਟੀਲਮੈਨ ਰੋਲਿੰਗ ਮਿਲਜ਼, ਸ੍ਰ: ਗੁਰਮੀਤ ਸਿੰਘ, ਸ੍ਰ: ਉਪਕਾਰ ਸਿੰਘ ਨਿਊ ਸਵੇਨ, ਸ੍ਰੀਮਤੀ ਸੁਨੀਤਾ ਕੁਮਾਰੀ ਅਤੇ ਸ੍ਰ: ਇਕਬਾਲ ਸਿੰਘ ਨੇ ਵਿਦਿਆਰਥੀਆਂ ਅਤੇ ਨਵ ਉੱਦਮੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ। ਇਸ ਮੌਕੇ ਸ੍ਰੀ ਰਾਹੁਲ ਆਹੂਜਾ ਨੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਿਸੇ ਵੀ ਸਟਾਟਅੱਪ ਨੂੰ ਕਾਮਯਾਬ ਹੋਣ ਲਈ ਬੜੀ ਸੂਝਬੂਝ ਨਾਲ ਆਪਣੇ ਪ੍ਰੋਜੈਕਟ ਦੀ ਸਮਝ ਹੋਣੀ ਚਾਹੀਦੀ ਹੈ। ਜਦੋਂ ਨਿਸ਼ਾਨਾ ਤੈਅ ਹੋ ਜਾਏ ਤਾਂ ਇਸ ਦੇ ਲਈ ਰਿਸਕ ਵੀ ਲੈਣਾ ਪਏਗਾ। ਇਸ ਮੌਕੇ ਸੀ.ਏ. ਜਸਮਿੰਦਰ ਸਿੰਘ ਨੇ ਰਾਹੁਲ ਆਹੂਜਾ ਦੀਆਂ ਸਨਤਕ ਪ੍ਰਾਪਤੀਆਂ ਬਾਰੇ ਦੱਸ ਕੇ ਸਰੋਤਿਆਂ ਨੂੰ ਇਕ ਆਦਰਸ਼ਕ ਰੋਲ ਮਾਡਲ ਪੇਸ਼ ਕੀਤਾ ਜੋ ਕਿ ਦੁਨੀਆਂ ਦੇ ਚਾਲੀ ਦੇਸ਼ਾਂ ਵਿਚ ਆਪਣੀਆਂ ਤਿਆਰ ਵਸਤਾਂ ਨਿਰਯਾਤ ਕਰ ਰਹੇ ਹਨ।

ਆਰੰਭਕ ਸੈਸ਼ਨ ਵਿਚ ਆਪਣਾ ਕੁੰਜੀਵਤ ਭਾਸ਼ਣ ਦੇਂਦਿਆਂ ਡਾ: ਬ੍ਰਿਜਪਾਲ ਸਿੰਘ, ਸਾਬਕਾ ਪ੍ਰੋਫੈਸਰ ਆਫ਼ ਇਕਨੋਮਿਕਸ, ਲਾਲ ਬਹਾਦਰ ਸ਼ਾਸਤਰੀ ਨੈਸ਼ਨਲ ਅਕੈਡਮੀ ਆਫ਼ ਐਡਮਨਿਸਟ੍ਰੇਸ਼ਨ, ਮਸੂਰੀ ਨੇ ”ਗੁਰਬਾਣੀ ਦਾ ਸਥਾਈ ਆਰਥਿਕ ਵਿਕਾਸ ਮਾਰਗ” ਵਿਸ਼ੇ ਤੇ ਬੋਲਦਿਆਂ ਸਮੂਹਿਕ ਵਿਕਾਸ ਦੇ ਲਈ, ਸਮੁਦਾਇਕ ਸ਼ਮੂਲੀਅਤ ਨੂੰ ਮਹੱਤਵਪੂਰਨ ਦੱਸਿਆ। ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਮੁੱਖ ਮੰਤਰੀ ਪੰਜਾਬ ਦੇ ਸਲਾਹਕਾਰ ਸ੍ਰ: ਮਹੇਸ਼ਇੰਦਰ ਸਿੰਘ ਨੇ ਕਿਹਾ ਕਿ ਆਰਥਿਕ ਵਿਕਾਸ ਲਈ ਅਨੁਸਾਸ਼ਨ ਅਤਿ ਜ਼ਰੂਰੀ ਹੈ। ਜੇਕਰ ਨੌਜਵਾਨਾਂ ਨੇ ਅੱਗੇ ਵੱਧਣਾ ਹੈ ਤਾਂ ਉਹਨਾਂ ਨੂੰ ਸਭ ਤੋਂ ਪਹਿਲਾਂ ਆਪਣੀ ਵਿਰਾਸਤ ਨੂੰ ਸੰਭਾਲਣਾ ਪਵੇਗਾ। ਉਹਨਾਂ ਨਵ-ਉੱਦਮੀਆਂ ਨੂੰ ਮਿਹਨਤਕਸ਼ ਬਣਨ ਲਈ ਪ੍ਰੇਰਨਾ ਕੀਤੀ। ਡਾ: ਸਰਦਾਰਾ ਸਿੰਘ, ਚਾਂਸਲਰ, ਸੈਂਟਰਲ ਯੂਨੀਵਰਸਿਟੀ, ਪੰਜਾਬ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿਚ ਬੋਲਦਿਆਂ ਸਟੱਡੀ ਸਰਕਲ ਦੇ ਇਸ ਨਵੇਕਲੇ ਉਪਰਾਲੇ ਲਈ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਜਾਪਾਨੀ ਮਾਡਲ ਦਾ ਉਦਾਹਰਣ ਦਿੰਦਿਆਂ ਖੇਤੀ ਧੰਦੇ ਨੂੰ ਪੰਜਾਬ ਦੀ ਖੁਸ਼ਹਾਲੀ ਲਈ ਵਰਤਣ ਦੀ ਲੋੜ ‘ਤੇ ਜ਼ੋਰ ਦਿੱਤਾ। ਈਕੋ ਸਿੱਖ ਅਮਰੀਕਾ ਦੇ ਮੁਖੀ ਡਾ: ਰਾਜਵੰਤ ਸਿੰਘ ਨੇ ਸਟੱਡੀ ਸਰਕਲ ਵਲੋਂ ਸ਼ੁਰੂ ਕੀਤੇ ਨਵੇਂ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਿੱਖ ਨੌਜਵਾਨਾਂ ਨੂੰ ਨੌਕਰੀਆਂ ਪਿੱਛੇ ਭੱਜਣ ਦੀ ਥਾਂ ਦ੍ਰਿੜ੍ਹ ਇਰਾਦਾ ਰੱਖ ਕੇ ਆਪਣੇ ਕੰਮ-ਧੰਦੇ ਸ਼ੁਰੂ ਕਰਨੇ ਚਾਹੀਦੇ ਹਨ ਤੇ ਨੌਕਰੀਆਂ ਦੇਣ ਵਾਲੇ ਬਨਣਾ ਚਾਹੀਦਾ ਹੈ। ਸ੍ਰ: ਪ੍ਰਤਾਪ ਸਿੰਘ ਚੇਅਰਮੈਨ ਹੋਰਾਂ ਕਿਹਾ ਕਿ ਜੇਕਰ ਉੱਦਮ ਨਾਲ ਅੱਗੇ ਵਧਿਆ ਜਾਵੇ ਤਾਂ ਕੁੱਝ ਵੀ ਅਸੰਭਵ ਨਹੀਂ ਹੋ ਸਕਦਾ। 

ਇਸ ਮੌਕੇ ਡਾ: ਜਸਵਿੰਦਰ ਸਿੰਘ, ਅਰਥ ਸ਼ਾਸਤਰ ਵਿਭਾਗ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਨੇ ”ਸਿੱਖ ਡਾਇਸਪੁਰਾ ਦਾ ਪੰਜਾਬ ਦੀ ਆਰਥਿਕ ਉੱਨਤੀ ਵਿਚ ਯੋਗਦਾਨ” ਵਿਸ਼ੇ ਤੇ ਮਹੱਤਵਪੂਰਨ ਪਰਚਾ ਪੜ੍ਹਿਆ। ਡਾ: ਜੋਗਿੰਦਰ ਸਿੰਘ, ਸਾਬਕਾ ਮੁਖੀ, ਆਰਥਿਕ ਤੇ ਸਮਾਜਿਕ ਵਿਗਿਆਨ ਵਿਭਾਗ, ਪੀ.ਏ.ਯੂ., ਲੁਧਿਆਣਾ ਨੇ ਆਪਣਾ ਪਰਚਾ ”ਖੇਤੀ ਸੰਕਟ ਤੋਂ ਖੇਤੀ ਉੱਦਮ ਵਪਾਰ ਵੱਲ ਪ੍ਰੀਵਰਤਨ” ਵਿਸ਼ੇ ਤੇ ਪੜ੍ਹਿਆ। ਪੀ.ਏ.ਯੂ. ਤੋਂ ਹੀ ਡਾ: ਸਰਬਜੀਤ ਸਿੰਘ ਰੇਣੁਕਾ ਨੇ ”ਉਦਮ ਦੀ ਜਾਗ ਲਗਾਈਏ” ਤੇ ਅਧਾਰਤ ਪੇਸ਼ਕਾਰੀ ਕੀਤੀ।

ਇਸ ਸੰਮੇਲਨ ਦੀ ਮੇਜ਼ਬਾਨੀ ਕਰਨ ਵਾਲੇ ‘ਗੁਰੂ ਰਾਮ ਦਾਸ ਆਰਥਿਕ ਵਿਕਾਸ ਕੇਂਦਰ’ ਦੇ ਮੁਖੀ ਸ੍ਰ: ਜਸਪਾਲ ਸਿੰਘ ਹੋਰਾਂ ਆਖਿਆ ਕਿ ਨੌਜਵਾਨਾਂ ਵਿਚ ਸਵੈ-ਉੱਦਮੀ ਬਣਨ ਦੀ ਪ੍ਰੇਰਨਾ ਜਗਾਉਣਾ ਇਸ ਸੰਮੇਲਨ ਦਾ ਮੁੱਖ ਮਕਸਦ ਸੀ। ਉਨ੍ਹਾਂ ਸੰਗਤਾਂ ਨੂੰ ਆਪਣਾ ਦਸਵੰਧ ‘ਗੁਰੂ ਰਾਮ ਦਾਸ ਕੈਪੀਟਲ ਇਨਵੈਸਟਮੈਂਟ ਸੀਡ ਫੰਡ’ ਵਿਚ ਲਗਾਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਦੇ ਨੌਜਵਾਨਾਂ ਨੂੰ ਉਦਯੋਗ ਸ਼ੁਰੂ ਕਰਨ ਹਿੱਤ ਆਰਥਿਕ ਸਹਾਇਤਾ ਮੁਹੱਈਆ ਕਰਵਾਈ ਜਾ ਸਕੇ। ਉਨ੍ਹਾਂ ਇਸ ਨਵੇਂ ਬਣੇ ਕੇਂਦਰ ਦੇ ਉਦੇਸ਼ਾਂ ਅਤੇ ਕਾਰਜਵਿਧੀ ਸਬੰਧੀ ਜਾਣਕਾਰੀ ਵੀ ਦਿੱਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ: ਰਾਮ ਸਿੰਘ, ਡਾ: ਸੁਰਿੰਦਰਬੀਰ ਸਿੰਘ, ਡਾ: ਸੁਰਿੰਦਰ ਸਿੰਘ, ਸ੍ਰ: ਹਰਦੀਪ ਸਿੰਘ, ਸ੍ਰ: ਹਰਜੀਤ ਸਿੰਘ ਖਾਲਸਾ, ਡਾ: ਮਹਿੰਦਰ ਸਿੰਘ, ਸ੍ਰ: ਗੋਬਿੰਦ ਸਿੰਘ ਅਤੇ ਸ੍ਰ: ਹਰਿੰਦਰ ਸਿੰਘ ਸੀ.ਏ. ਸ਼ਾਮਲ ਸਨ।

Leave a Reply

Your email address will not be published. Required fields are marked *

Categories